- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ-ਡੀਐਮਸੀ ਹਸਪਤਾਲ ਅੰਦਰੋਂ ਦਵਾਈਆਂ ਖ਼ਰੀਦਣ ਲਈ ਮਰੀਜ਼ਾਂ ਨੂੰ ਕੀਤਾ ਜਾਂਦਾ ਮਜ਼ਬੂਰ

1 ਦੀ ਲੀਡ)
-ਸ਼ਿਕਾਇਤ ਤੋਂ ਬਾਅਦ ਸਿਵਲ ਸਰਜਨ ਵੱਲੋਂ 4 ਮੈਂਬਰੀ ਜਾਂਚ ਕਮੇਟੀ ਗਠਿਤ
-ਮੈਡੀਕਲ ਸੁਪਰਿੰਟੈਂਡੈਂਟ ਨੂੰ 17 ਨਵੰਬਰ ਨੂੰ ਜਾਂਚ ਕਮੇਟੀ ਅੱਗੇ ਪੇਸ਼ ਹੋਣ ਲਈ ਕਿਹਾ
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੇ ਨਾਮੀ ਹਸਪਤਾਲਾਂ ਦੀ ਸੂਚੀ ਵਿੱਚ ਸ਼ਾਮਲ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰਾਂ/ਪ੍ਰਬੰਧਕਾਂ ਵੱਲੋਂ ਮਰੀਜ਼ਾਂ ਨੂੰ ਹਸਪਤਾਲ ਦੇ ਅੰਦਰੋਂ ਹੀ ਮਹਿੰਗੇ ਭਾਅ ’ਤੇ ਦਵਾਈਆਂ ਖ਼ਰੀਦਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਜਿਸ ਕਰਕੇ ਮਰੀਜ਼ਾਂ ਦੀ ਜੇਬ ਉੱਪਰ ਹੋਰ ਵਾਧੂ ਬੋਝ ਪੈਂਦਾ ਹੈ। ਮਰੀਜ਼ਾਂ ਨੂੰ ਅੰਦਰੋਂ ਦਵਾਈਆਂ ਖ਼ਰੀਦਣ ਲਈ ਮਜਬੂਰ ਕਰਨ ਸਬੰਧੀ ਬਹੁਤ ਸਾਰੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਸਰਕਾਰ ਕੋਲ ਸ਼ਿਕਾਇਤਾਂ ਕੀਤੀਆਂ ਹਨ।
ਇਸ ਸਬੰਧੀ ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਵੱਲੋਂ ਦਿਆਨੰਦ ਹਸਪਤਾਲ ਦੇ ਪ੍ਰਬੰਧਕਾਂ/ ਮੈਡੀਕਲ ਸੁਪਰਡੈਂਟ ਨੂੰ ਇਸ ਸਬੰਧੀ ਆਪਣੀ ਸਥਿਤੀ ਸਪੱਸ਼ਟ ਕਰਨ ਲਈ ਆਖਿਆ, ਪਰ ਉਨ੍ਹਾਂ ਹਮੇਸ਼ਾ ਹੀ ਇਨਕਾਰ ਕਰਦਿਆਂ ਜਵਾਬ ਦਿੱਤਾ ਕਿ ਡਾਕਟਰਾਂ/ਪ੍ਰਬੰਧਕਾਂ ਵੱਲੋਂ ਕਿਸੇ ਵੀ ਮਰੀਜ਼ ਨੂੰ ਅੰਦਰੋਂ ਦਵਾਈਆਂ ਖ਼ਰੀਦਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਸਿਵਲ ਸਰਜਨ ਰਮਨਦੀਪ ਕੌਰ ਦੇ ਦਸਖਤਾਂ ਹੇਠ ਸਿਵਲ ਸਰਜਨ ਦਫ਼ਤਰ ਵੱਲੋਂ ਦਿਆਨੰਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਭੇਜੇ ਪੱਤਰ ਵਿੱਚ ਲਿਖਿਆ ਹੈ ਕਿ ਹਸਪਤਾਲ ਅੰਦਰੋਂ ਹੀ ਮਰੀਜ਼ਾਂ ਨੂੰ ਦਵਾਈਆਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ ਪਰ ਜਦੋਂ ਵੀ ਹਸਪਤਾਲ ਦੀ ਮੈਨੇਮੈਂਟ ਨੂੰ ਇਸ ਸ਼ਿਕਾਇਤ ਸਬੰਧੀ ਪੁੱਛਿਆ ਜਾਂਦਾ ਹੈ, ਤਾਂ ਮੈਨੇਜਮੈਂਟ ਆਪਣੇ ਜਵਾਬ ਵਿੱਚ ਅਕਸਰ ਲਿਖਕੇ ਜਵਾਬ ਦਿੰਦੀ ਹੈ ਕਿ ਹਸਪਤਾਲ ਵੱਲੋਂ ਮਰੀਜ਼ਾਂ ਨੂੰ ਦਵਾਈ ਲੈਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਅਸਲ ਵਿੱਚ ਮਰੀਜ਼ਾਂ ਨੂੰ ਦਵਾਈਆਂ ਹਸਪਤਾਲ ਦੇ ਅੰਦਰੋਂ ਲੈਣ ਲਈ ਬਹੁਤ ਮਜਬੂਰ ਕੀਤਾ ਜਾਂਦਾ ਹੈ।
ਸਿਵਲ ਸਰਜਨ ਨੇ ਇਸ ਸ਼ਿਕਾਇਤ ਦੀ ਪੜਤਾਲ ਕਰਨ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਜਿਲ੍ਹਾ ਟੀਕਾਕਰਨ ਅਫਸਰ ਲੁਧਿਆਣਾ,ਡਰੱਗ ਲਾਇਸੈਂਸਿੰਗ ਅਥਾਰਟੀ, ਲੁਧਿਆਣਾ ਅਤੇ ਨੁਮਾਇੰਦਾ ਆਈਐਮਏ ਲੁਧਿਆਣਾ ਨੂੰ ਸ਼ਾਮਲ ਕੀਤਾ ਗਿਆ ਹੈ। ਪੱਤਰ ਅਨੁਸਾਰ ਦਿਆਨੰਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਸ਼ਿਕਾਇਤ ਸਬੰਧੀ ਆਪਣਾ ਪੱਖ ਸਪੱਸ਼ਟ ਕਰਨ ਲਈ 17 ਨਵੰਬਰ ਨੂੰ ਸਵੇਰੇ 11.30 ਵਜੇ ਸਿਵਲ ਸਰਜਨ ਦਫ਼ਤਰ ਵਿੱਚ ਪੜਤਾਲੀਆ ਕਮੇਟੀ ਅੱਗੇ ਪੇਸ਼ ਹੋਣ। ਇਸ ਸਬੰਧੀ ਜਦੋਂ ਦਿਆਨੰਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ ਸੰਦੀਪ ਸ਼ਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਵਲ ਸਰਜਨ ਲੁਧਿਆਣਾ ਵੱਲੋਂ ਸ਼ਿਕਾਇਤ ਸਬੰਧੀ ਭੇਜਿਆ ਗਿਆ ਪੱਤਰ ਅਜੇ ਤੱਕ ਉਸ ਨੂੰ ਪ੍ਰਾਪਤ ਨਹੀਂ ਹੋਇਆ ,ਪੱਤਰ ਮਿਲਣ ਪਿੱਛੋਂ ਹੀ ਕੋਈ ਜਵਾਬ ਦਿੱਤਾ ਜਾ ਸਕਦਾ ਹੈ, ਇਸ ਲਈ ਇਸ ਵੇਲੇ ਸ਼ਿਕਾਇਤ-ਪੱਤਰ ਬਾਰੇ ਕੋਈ ਗੱਲ ਕਰਨਾ ਉਚਿਤ ਨਹੀਂ ਹੈ।
-ਬਾਕਸ-
-ਦਵਾਈਆਂ ਦਾ ਗੋਰਖਧੰਦਾ ਮਰੀਜ਼ਾਂ ਦੀ ਦਿਨ-ਦਿਹਾੜੇ ਹੋ ਰਹੀ ਲੁੱਟ
ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਦੱਸਿਆ ਕਿ ਹਸਪਤਾਲ ਦੇ ਅੰਦਰੋਂ ਦਵਾਈਆਂ ਖ਼ਰੀਦਣ ਲਈ ਇਕੱਲਾ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਹੀ ਨਹੀਂ, ਬਲਕਿ ਹਰ ਵੱਡੇ-ਛੋਟੇ ਨਰਸਿੰਗ ਹੋਮ/ਕਲੀਨਿਕ ਅਤੇ ਹਸਪਤਾਲ ਦੇ ਡਾਕਟਰਾਂ/ਪ੍ਰਬੰਧਕਾਂ ਵੱਲੋਂ ਮਰੀਜ਼ਾਂ ਨੂੰ ਵੀ ਅੰਦਰੋਂ ਹੀ ਦਵਾਈਆਂ ਖ਼ਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ,ਜੋ ਆਮ ਤੌਰ ‘ਤੇ ਬਹੁਤ ਮਹਿੰਗੀਆਂ ਹੁੰਦੀਆਂ ਹਨ, ਮਰੀਜ਼ ਦਾ ਦਿਵਾਲਾ ਕੱਢ ਦਿੰਦੀਆਂ ਹਨ। ਇਸੇ ਤਰ੍ਹਾਂ ਹੀ ਹੋਰ ਲੋਕਾਂ ਨੇ ਦੱਸਿਆ ਕਿ ਦਵਾਈਆਂ ਦਾ ਬਹੁਤ ਵੱਡਾ ਗੋਰਖਧੰਦਾ ਹੈ। ਉਨ੍ਹਾਂ ਦੱਸਿਆ ਕਿ ਇੱਕ ਰੁਪਏ ਦੀ ਦਵਾਈ ਦੀ ਗੋਲੀ ਉਪਰ 100-100 ਰੁਪਏ ਮੁੱਲ ਅੰਕਿਤ ਕੀਤਾ ਜਾਂਦਾ ਹੈ। ਕੈਂਸਰ ਦੀ ਦਵਾਈ 2700 ਰੁਪਏ ਦੇ ਬਿਜਾਏ 27000 ਰੁਪਏ ਦੀ ਕੀਮਤ ਉੱਤੇ ਵੇਚੀ ਜਾ ਰਹੀ ਹੈ। ਇੱਕ ਦਵਾਈ ਨਿਰਮਾਤਾ ਨੇ ਦੱਸਿਆ ਕਿ ਲਾਲਚਵੱਸ ਕੈਮਿਸਟਾਂ/ਡਾਕਟਰਾਂ/ਪ੍ਰਬੰਧਕਾਂ ਵੱਲੋਂ 100 ਫੀਸਦੀ ਤੱਕ ਮੁਨਾਫ਼ਾ ਕਮਾ ਕੇ ਦਵਾਈਆਂ ਵੇਚੀਆਂ ਜਾ ਰਹੀਆਂ ਹਨ, ਜੋ ਮਰੀਜ਼ਾਂ ਨਾਲ ਸਿੱਧਾ ਅਨਿਆਂ ਹੈ। ਇਸੇ ਤਰ੍ਹਾਂ ਹੀ ਇੱਕ ਇਮਾਨਦਾਰ ਡਾਕਟਰ ਨੇ ਦੱਸਿਆ ਕਿ ਜਾਂਚ ਲੈਬਾਂ ਤੇ ਡਾਇਗਨੋਸਟਿਕ ਸੈਂਟਰਾਂ ਦੇ ਪ੍ਰਬੰਧਕ/ ਡਾਕਟਰ ਮਰੀਜ਼ਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ,ਕਿਉਂਕਿ ਜਾਂਚ ਲੈਬਾਂ ਅਤੇ ਡਾਇਗਨੋਸਟਿਕ ਸੈਂਟਰ ਵਾਲੇ ਡਾਕਟਰਾਂ ਨੂੰ 50-60 ਫੀਸਦੀ ਤੱਕ ਕਮਿਸ਼ਨ ਭੇਟਾ ਕਰਦੇ ਹਨ, ਜੋ ਮਰੀਜ਼ਾਂ ਉੱਤੇ ਭਾਰ ਪੈਂਦਾ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੇ ਇਲਾਜ ਲਈ ਢੁੱਕਵਾਂ ਪ੍ਰਬੰਧ ਹੋਵੇ ਤਾਂ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ਵਿੱਚ ਜਾਣ ਲਈ ਮਜਬੂਰ ਨਾ ਹੋਣਾ ਪਵੇ। ਸਰਕਾਰੀ ਹਸਪਤਾਲਾਂ ਵਿੱਚ ਨਾ ਤਾਂ ਪੂਰੇ ਡਾਕਟਰ ਹਨ ਅਤੇ ਨਾ ਹੀ ਪੂਰੀਆਂ ਦਵਾਈਆਂ ਤੇ ਜਾਂਚ ਲੈਬਾਂ ਤੇ ਡਾਇਗਨੋਸਟਿਕ ਸੈਂਟਰਾਂ ਦਾ ਕੋਈ ਪ੍ਰਬੰਧ ਹੈ। ਇਸੇ ਤਰ੍ਹਾਂ ਹੀ ਸਮਾਜ ਸੇਵੀ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡਾਕਟਰਾਂ ਦੀਆਂ ਫ਼ੀਸਾਂ,ਦਵਾਈਆਂ ਦੀ ਕੀਮਤਾਂ ਅਤੇ ਜਾਂਚ ਲੈਬਾਂ/ਡਾਇਗਨੋਸਟਿਕ ਸੈਂਟਰਾਂ ਦੀਆਂ ਫ਼ੀਸਾਂ ਨਿਰਧਾਰਤ ਕੀਤੀਆਂ ਜਾਣ ਤਾਂ ਜੋ ਗਰੀਬ ਮਰੀਜ਼ ਵੀ ਆਪਣਾ ਇਲਾਜ ਕਰਵਾ ਸਕਣ।