- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਰੂਰੀ ਖ਼ਬਰ:ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ 7 ਉੱਘੀਆਂ ਸ਼ਖਸੀਅਤਾਂ ਦਾ 'ਬਾਬਾ ਵਿਸ਼ਵਕਰਮਾ ਐਵਾਰਡ' ਨਾਲ ਸਨਮਾਨ

ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਰਾਮਗੜ੍ਹੀਆ ਫਾਊਂਡੇਸ਼ਨ ਵੱਲੋਂ 7 ਪ੍ਰਸਿੱਧ ਸ਼ਖ਼ਸੀਅਤਾਂ ਨੂੰ ‘ਬਾਬਾ ਵਿਸ਼ਵਕਰਮਾ ਐਵਾਰਡ’ ਨਾਲ ਸਨਮਾਨਿਤ ਕੀਤਾ। ਸਨਮਾਨ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਖਸ਼ੀਅਤਾਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ। ਸਮਾਗਮ ਦੌਰਾਨ ਰਾਮਗੜ੍ਹੀਆ ਫਾਊਂਡੇਸ਼ਨ ਦੇ ਸਕੱਤਰ ਜਨਰਲ, ਸ. ਗੁਰਮੀਤ ਸਿੰਘ ਕੁਲਾਰ ਨੇ ਦੱਸਿਆ ਕਿ 'ਬਾਬਾ ਵਿਸ਼ਵਕਰਮਾ ਭਵਨ' ਦੀ ਗਵਰਨਿੰਗ ਕੌਂਸਲ ਨੇ ਸਰਬਸੰਮਤੀ ਨਾਲ ਉਨ੍ਹਾਂ ਸਨਅਤਕਾਰਾਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਨੇ ਆਪਣੇ ਕਾਰੋਬਾਰਾਂ ਵਿੱਚ ਨਵੀਨਤਾ ਲਿਆਂਦੀ ਹੈ ਅਤੇ ਆਪਣੇ-ਆਪਣੇ ਖੇਤਰਾਂ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਸਨਅਤੀ ਖੇਤਰ ਵਿੱਚ ਨਵੀਨਤਾ, ਉੱਦਮਸ਼ੀਲਤਾ ਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਸਫਲ ਵਿਅਕਤੀਆਂ ਨੂੰ ਵੱਕਾਰੀ 'ਬਾਬਾ ਵਿਸ਼ਵਕਰਮਾ ਐਵਾਰਡ' ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ 7 ਪ੍ਰਸਿੱਧ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਯੋਗਦਾਨ ਤੇ ਪ੍ਰਾਪਤੀਆਂ ਲਈ 'ਬਾਬਾ ਵਿਸ਼ਵਕਰਮਾ ਐਵਾਰਡ' ਨਾਲ ਸਨਮਾਨਿਤ ਕੀਤਾ। ਜਿਸ ਵਿੱਚ ਅਵਤਾਰ ਸਿੰਘ ਭੋਗਲ, ਅਜਮੇਰ ਸਿੰਘ ਮਠਾੜੂ, ਹਰਪਾਲ ਸਿੰਘ ਭੰਬਰ, ਸੁਰਜੀਤ ਸਿੰਘ ਚੱਗੜ, ਬਲਜਿੰਦਰ ਸਿੰਘ ਕਲਸੀ, ਬੂਟਾ ਸਿੰਘ (ਬਿਲਡਰ), ਸੰਜੇ ਗੋਇਲ (ਆਰਕੀਟੈਕਟ) ਸ਼ਾਮਲ ਸਨ। ਰਾਮਗੜ੍ਹੀਆ ਫਾਊਂਡੇਸ਼ਨ ਦੇ ਚੇਅਰਮੈਨ ਸੁਖਦਿਆਲ ਸਿੰਘ ਬਸੰਤ ਨੇ ਸੂਖਮ, ਲਘੂ ਤੇ ਦਰਮਿਆਨੇ ਉੱਦਮ ਖੇਤਰ ਵਿੱਚ ਵਿਕਾਸ ਦੀਆਂ ਅਥਾਹ ਸੰਭਾਵਨਾਵਾਂ 'ਤੇ ਜ਼ੋਰ ਦਿੱਤਾ, ਬਸ਼ਰਤੇ ਕਾਰੋਬਾਰ ਨਵੀਂਆਂ ਤਕਨੀਕਾਂ ਨੂੰ ਅਪਣਾਉਣ ਲਈ ਖੁੱਲ੍ਹੇ ਤੇ ਦਲੇਰ ਰਹਿਣ। ਉਨ੍ਹਾਂ ਉੱਦਮੀਆਂ ਨੂੰ ਆਪਣੇ ਵਿਚਾਰਾਂ 'ਤੇ ਦ੍ਰਿੜ ਰਹਿਣ ਤੇ ਚੁਣੌਤੀਆਂ ਦੇ ਸਾਹਮਣੇ ਹਾਰ ਨਾ ਮੰਨਣ ਲਈ ਉਤਸ਼ਾਹਿਤ ਕੀਤਾ।