- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਨੰਬਰ ਦੀ ਲੀਡ-ਸੀਆਈਸੀਯੂ ਵੱਲੋਂ 3 ਡੀ ਪ੍ਰਿੰਟਿੰਗ ਕੋਰਸ ਪੂਰਾ ਕਰਨ ਵਾਲੇ 52 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ

2 ਦੀ ਲੀਡ)
-ਵਿਦਿਆਰਥੀਆਂ ਨੂੰ ਆਟੋਮੋਬਾਈਲ ਤੇ ਮੈਨੂਫੈਕਚਰਰਿੰਗ ਖੇਤਰ ’ਚ ਰੁਜ਼ਗਾਰ ਦੇ ਮਿਲਣਗੇ ਮੌਕੇ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਆਈਸੀਯੂ) ਵੱਲੋਂ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਅਤੇ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਬਣਾਉਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੁਨਰ ਵਿਕਾਸ ਪਹਿਲਕਦਮੀ ਤਹਿਤ 3 ਡੀ ਪ੍ਰਿੰਟਿੰਗ ਦਾ ਬੇਸਿਕ ਕੋਰਸ ਪੂਰਾ ਕਰਨ ਵਾਲੇ 52 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਹ ਸਰਟੀਫਿਕੇਟ ਆਟੋਮੋਟਿਵ ਸਕਿੱਲਜ਼ ਡਿਵੈਲਪਮੈਂਟ ਕੌਂਸਲ (ਏਐੱਸਡੀਸੀ), ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹਨ।
ਸੀਆਈਸੀਯੂ ਫੋਕਲ ਪੁਆਇੰਟ ਵਿਖੇ ਕਰਵਾਇਆ ਗਿਆ ਇਹ ਸਿਖਲਾਈ ਪ੍ਰੋਗਰਾਮ ਸੰਸਥਾ ਦੀ ਸੀਐੱਸਆਰ ਹੁਨਰ ਵਿਕਾਸ ਪਹਿਲਕਦਮੀ ਤਹਿਤ ਆਯੋਜਿਤ ਕੀਤਾ ਗਿਆ ਸੀ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਧੁਨਿਕ ਨਿਰਮਾਣ ਤਕਨੀਕਾਂ ਦੀ ਵਿਹਾਰਕ ਜਾਣਕਾਰੀ ਦੇਣ ਦੇ ਨਾਲ ਉਦਯੋਗਿਕ ਖੇਤਰ ਵਿੱਚ ਕੰਮ ਕਰਨ ਦੇ ਯੋਗ ਬਣਾਉਣਾ ਸੀ। ਕੋਰਸ ਦੌਰਾਨ ਵਿਦਿਆਰਥੀਆਂ ਨੂੰ ਸੋਲਿਡਵਰਕਸ ਸਾਫਟਵੇਅਰ ਰਾਹੀਂ 3 ਡੀ ਡਿਜ਼ਾਈਨਿੰਗ, ਕੰਪਿਊਟਰ ਏਡਿਡ ਡਿਜ਼ਾਈਨਿੰਗ (ਸੀਏਡੀ), ਮਕੈਨੀਕਲ ਪੁਰਜ਼ਿਆਂ ਦੇ ਤਿੰਨ-ਆਯਾਮੀ ਮਾਡਲ ਤਿਆਰ ਕਰਨ ਅਤੇ ਉਦਯੋਗਿਕ ਉਤਪਾਦਾਂ ਦੀ ਡਿਜ਼ਾਈਨਿੰਗ ਦੀ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ 3 ਡੀ ਸਕੈਨਿੰਗ ਤਕਨੀਕ ਰਾਹੀਂ ਅਸਲ ਵਸਤੂਆਂ ਨੂੰ ਡਿਜੀਟਲ ਮਾਡਲ ਵਿੱਚ ਬਦਲਣ ਅਤੇ 3 ਡੀ ਪ੍ਰਿੰਟਿੰਗ ਰਾਹੀਂ ਡਿਜ਼ਾਈਨ ਕੀਤੇ ਮਾਡਲਾਂ ਨੂੰ ਅਸਲ ਉਤਪਾਦਾਂ ਵਿੱਚ ਤਬਦੀਲ ਕਰਨ ਦਾ ਵਿਹਾਰਕ ਤਜਰਬਾ ਵੀ ਕਰਵਾਇਆ ਗਿਆ।
ਸਰਟੀਫਿਕੇਟ ਵੰਡ ਸਮਾਗਮ ਦੌਰਾਨ ਸੀਆਈਸੀਯੂ ਦੇ ਜਨਰਲ ਸਕੱਤਰ ਹਨੀ ਸੇਠੀ ਨੇ ਸਾਰੇ 52 ਸਫਲ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ। ਉਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਿਖਲਾਈ ਦੌਰਾਨ ਹਾਸਲ ਕੀਤੇ ਤਕਨੀਕੀ ਹੁਨਰਾਂ ਦੀ ਵਰਤੋਂ ਕਰਕੇ ਉਹ ਮੈਨੂਫੈਕਚਰਿੰਗ, ਆਟੋਮੋਬਾਈਲ, ਇੰਜੀਨੀਅਰਿੰਗ ਅਤੇ ਡਿਜ਼ਾਈਨਿੰਗ ਖੇਤਰਾਂ ਵਿੱਚ ਰੁਜ਼ਗਾਰ ਦੇ ਬਿਹਤਰ ਮੌਕੇ ਹਾਸਲ ਕਰ ਸਕਦੇ ਹਨ।
ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਵਿਦਿਆਰਥੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਸਿਖਲਾਈ ਪ੍ਰਤੀ ਸਮਰਪਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਬਦਲ ਰਹੀਆਂ ਤਕਨੀਕਾਂ ਦੇ ਦੌਰ ਵਿੱਚ ਸਿਰਫ਼ ਰਵਾਇਤੀ ਸਿੱਖਿਆ ਕਾਫ਼ੀ ਨਹੀਂ ਹੈ, ਸਗੋਂ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਵਿਹਾਰਕ ਅਤੇ ਤਕਨੀਕੀ ਹੁਨਰ ਹਾਸਲ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਸਿੱਖਦੇ ਰਹਿਣ ਅਤੇ ਐਡਵਾਂਸ ਮੈਨੂਫੈਕਚਰਿੰਗ ਤੇ ਡਿਜੀਟਲ ਤਕਨੀਕਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।