- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:ਲੁਧਿਆਣਾ 'ਚ ਜਨਗਣਨਾ-2027 ਦੀਆਂ ਤਿਆਰੀਆਂ ਦਾ ਨਗਰ ਨਿਗਮ ਕਮਿਸ਼ਨਰ ਨੇ ਲਿਆ ਜਾਇਜ਼ਾ

1 ਨੰਬਰ ਲਈ..)
-ਕਿਹਾ, 16 ਤੋਂ 30 ਨਵੰਬਰ ਤੱਕ ਜ਼ਿਲ੍ਹੇ ’ਚ ਹੋਵੇਗੀ ਸਵੈ-ਗਣਨਾ, ਚੱਲੇਗੀ ਡਿਜੀਟਲ ਜਾਗਰੂਕਤਾ ਵੈਨ
ਸਰਬਜੀਤ ਲੁਧਿਆਣਵੀ,ਪੰਜਾਬੀ ਜਾਗਰਣ ਲੁਧਿਆਣਾ
ਨਿਗਮ ਦੇ ਨਵ-ਨਿਯੁਕਤ ਕਮਿਸ਼ਨਰ ਦਮਨਜੀਤ ਸਿੰਘ ਮਾਨ ਨੇ ਜਨਗਣਨਾ-2027 ਦੀਆਂ ਤਿਆਰੀਆਂ ਸਬੰਧੀ ਅੱਜ ਨਗਰ ਨਿਗਮ ਦੇ ਸਮੂਹ ਚਾਰਜ ਅਫ਼ਸਰਾਂ ਅਤੇ ਸਹਾਇਕ ਚਾਰਜ ਅਫ਼ਸਰਾਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਨਗਣਨਾ ਦੇ ਦੂਜੇ ਪੜਾਅ ਤਹਿਤ ਹੋਣ ਵਾਲੀ ਆਬਾਦੀ ਗਣਨਾ ਦੀਆਂ ਤਿਆਰੀਆਂ ਅਤੇ ਹੁਣ ਤੱਕ ਮੁਕੰਮਲ ਹੋਏ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ। ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨਗਣਨਾ ਨਾਲ ਸਬੰਧਤ ਸਾਰੇ ਕੰਮ ਤੈਅ ਸਮੇਂ ਅੰਦਰ ਮੁਕੰਮਲ ਕੀਤੇ ਜਾਣ। ਇਸ ਕੌਮੀ ਅਹਿਮੀਅਤ ਵਾਲੇ ਕੰਮ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਤੇ ਜ਼ਿੰਮੇਵਾਰੀਆਂ ਦੀ ਸਮੇਂ ਸਿਰ ਪਾਲਣਾ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ 16 ਤੋਂ 30 ਨਵੰਬਰ 2026 ਤੱਕ ਹੋਣ ਵਾਲੀ ਸਵੈ-ਗਣਨਾ ਬਾਰੇ ਵਿਸ਼ੇਸ਼ ਚਰਚਾ ਕੀਤੀ। ਇਸ ਤਹਿਤ ਲੋਕਾਂ ਨੂੰ ਖੁਦ ਆਪਣੀ ਜਾਣਕਾਰੀ ਦਰਜ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਲਈ ਜਾਗਰੂਕਤਾ ਮੁਹਿੰਮ ਚਲਾਉਣ, ਸਥਾਨਕ ਸੰਸਥਾਵਾਂ ਦਾ ਸਹਿਯੋਗ ਲੈਣ ਤੇ ਡਿਜੀਟਲ ਪਲੇਟਫਾਰਮਾਂ ਰਾਹੀਂ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਦੀ ਰਣਨੀਤੀ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਕਿ 1 ਤੋਂ 25 ਦਸੰਬਰ ਤੱਕ ਡਿਜੀਟਲ ਜਾਗਰੂਕਤਾ ਵੈਨ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਘੁੰਮੇਗੀ। ਇਸ ਵੈਨ ਰਾਹੀਂ ਡਿਜੀਟਲ ਡਿਸਪਲੇਅ ਅਤੇ ਜਨਤਕ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਜਨਗਣਨਾ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਮੀਟਿੰਗ ’ਚ ਜਨਗਣਨਾ ਸੰਚਾਲਨ ਡਾਇਰੈਕਟੋਰੇਟ ਪੰਜਾਬ, ਚੰਡੀਗੜ੍ਹ ਦੇ ਜ਼ਿਲ੍ਹਾ ਕੋਆਰਡੀਨੇਟਰ ਆਲੋਕ ਕੁਮਾਰ, ਸੁਪਰਡੈਂਟ ਤਰੁਣ ਗੋਇਲ, ਸਹਾਇਕ ਕਮਿਸ਼ਨਰ ਜ਼ੋਨ ਬੀ ਨੀਰਜ ਜੈਨ ਸਮੇਤ ਨਗਰ ਨਿਗਮ ਦੇ ਸਮੂਹ ਚਾਰਜ ਅਫ਼ਸਰ, ਸਹਾਇਕ ਚਾਰਜ ਅਫ਼ਸਰ ਤੇ ਹੋਰ ਸਬੰਧਤ ਅਧਿਕਾਰੀ ਮੌਜੂਦ ਸਨ।