- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
4 ਨੰਬਰ ਦੀ ਲੀਡ-ਸਿੱਖਿਆ ਨਿੱਜੀ ਸਫ਼ਲਤਾ ਦਾ ਸਾਧਨ ਨਾ ਬਣ ਕੇ ਸਮਾਜ ਵਿੱਚ ਸਕਾਰਾਤਮਕ ਤੇ ਸਥਾਈ ਤਬਦੀਲੀ ਲਿਆਉਣ ਦਾ ਜ਼ਰੀਆ ਬਣੇ-ਕਟਾਰੀਆ

4 ਦੀ ਲੀਡ...)
-ਵੱਖ-ਵੱਖ ਵਰਗਾਂ ਦੇ 2400 ਵਿਦਿਆਰਥੀਆਂ ਨੂੰ 6 ਕਰੋੜ ਰੁਪਏ ਦੇ ਵਜ਼ੀਫ਼ੇ ਕੀਤੇ ਤਕਸੀਮ
-ਰਾਜਪਾਲ ਵੱਲੋਂ ਚਾਰ ਸ਼ਖ਼ਸੀਅਤਾਂ ਤੇ ਸੰਸਥਾਵਾਂ ਦਾ ‘ਸਤਪਾਲ ਮਿੱਤਲ ਨੈਸ਼ਨਲ ਐਵਾਰਡ-2026’ ਨਾਲ ਸਨਮਾਨ
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ
ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਮਨੁੱਖਤਾ ਦੀ ਸੇਵਾ, ਸਮਾਜਿਕ ਵਿਕਾਸ ਅਤੇ ਸਿੱਖਿਆ ਦੇ ਖੇਤਰ ’ਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕਰਨ ਲਈ ‘ਸਤ ਪਾਲ ਮਿੱਤਲ ਨੈਸ਼ਨਲ ਐਵਾਰਡ-2026’ ਸਮਾਗਮ ਕਰਵਾਇਆ। ਸਮਾਗਮ ’ਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਚਾਰ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਲੈਟੀਨਮ ਤੇ ਗੋਲਡ ਸ਼੍ਰੇਣੀਆਂ ਤਹਿਤ ਕੁੱਲ 20 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਵੀ ਭੇਟ ਕੀਤੀ।
ਇਸੇ ਸਮਾਗਮ ਦੌਰਾਨ ਟਰੱਸਟ ਵੱਲੋਂ ਵੱਖ-ਵੱਖ ਸਮਾਜਿਕ-ਆਰਥਿਕ ਪਿਛੋਕੜਾਂ ਨਾਲ ਸਬੰਧਤ ਲਗਪਗ 2400 ਵਿਦਿਆਰਥੀਆਂ ਨੂੰ ਕਰੀਬ 6 ਕਰੋੜ ਦੇ ਵਜ਼ੀਫ਼ੇ ਪ੍ਰਦਾਨ ਕਰਨ ਦੀ ਪਹਿਲਕਦਮੀ ਵੀ ਕੀਤੀ ਗਈ। ਸਵਰਗੀ ਸਤ ਪਾਲ ਮਿੱਤਲ ਵੱਲੋਂ 1983 ਵਿੱਚ ਸਥਾਪਿਤ ਕੀਤੇ ਗਏ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਇਹ ਪੁਰਸਕਾਰ ਹਰ ਸਾਲ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਨੂੰ ਦਿੱਤੇ ਜਾਂਦੇ ਹਨ। ਇਸ ਵਾਰ ਪੁਰਸਕਾਰਾਂ ਦੇ 34 ਸਾਲ ਪੂਰੇ ਹੋਣ ਦਾ ਮੌਕਾ ਵੀ ਸੀ। ਉਕਤ ਸਮਾਗਮ ਪੰਡਿਤ ਜਵਾਹਰ ਲਾਲ ਨਹਿਰੂ ਦੀ 137ਵੀਂ ਜੈਅੰਤੀ ਮੌਕੇ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜਪਾਲ ਕਟਾਰੀਆ ਨੇ ਕਿਹਾ ਕਿ ਅੱਜ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਮਨੁੱਖਤਾ ਦੀ ਸੇਵਾ ਦੀ ਅਸਲ ਭਾਵਨਾ ਦੀਆਂ ਮਿਸਾਲਾਂ ਹਨ। ਉਨ੍ਹਾਂ ਦੇ ਕੰਮ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਰਾਸ਼ਟਰ ਨਿਰਮਾਣ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਇੱਕ ਮਜ਼ਬੂਤ ਰਾਸ਼ਟਰ ਦੀ ਸਿਰਜਣਾ ਵਿੱਚ ਸਿੱਖਿਆ ਦੀ ਬੁਨਿਆਦੀ ਭੂਮਿਕਾ ਹੈ। ਸਿੱਖਿਆ ਨੌਜਵਾਨਾਂ ਨੂੰ ਆਪਣੀ ਸਮਰੱਥਾ ਪਛਾਣਨ ਅਤੇ ਸਮਾਜ ਵਿੱਚ ਸਾਰਥਕ ਯੋਗਦਾਨ ਪਾਉਣ ਦੇ ਯੋਗ ਬਣਾਉਂਦੀ ਹੈ। ਉਨ੍ਹਾਂ ਨਹਿਰੂ ਸਿਧਾਂਤ ਕੇਂਦਰ ਟਰੱਸਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟਰੱਸਟ ਸਤ ਪਾਲ ਮਿੱਤਲ ਦੀ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਸਮਾਜ ਸੇਵਾ ਅਤੇ ਵਿਦਿਅਕ ਮੌਕਿਆਂ ਦਾ ਵਿਸਥਾਰ ਕਰਨ ਲਈ ਨਿਰੰਤਰ ਕੰਮ ਕਰ ਰਿਹਾ ਹੈ। ਰਾਜਪਾਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਸੁਪਨੇ ਦੇਖਣ, ਦ੍ਰਿੜ੍ਹਤਾ ਨਾਲ ਆਪਣੇ ਟੀਚਿਆਂ ਨੂੰ ਹਾਸਲ ਕਰਨ ਤੇ ਆਪਣੀ ਸਫ਼ਲਤਾ ਨਾਲ ਦੂਜਿਆਂ ਨੂੰ ਵੀ ਅੱਗੇ ਵਧਾਉਣ ’ਚ ਯੋਗਦਾਨ ਪਾਉਣ। ਸਿੱਖਿਆ ਸਿਰਫ਼ ਨਿੱਜੀ ਸਫ਼ਲਤਾ ਦਾ ਸਾਧਨ ਨਾ ਬਣੇ, ਸਗੋਂ ਸਮਾਜ ਵਿੱਚ ਸਕਾਰਾਤਮਕ ਤੇ ਸਥਾਈ ਤਬਦੀਲੀ ਲਿਆਉਣ ਦਾ ਜ਼ਰੀਆ ਵੀ ਬਣੇ। ਟਰੱਸਟ ਦੇ ਚੇਅਰਮੈਨ ਰਾਕੇਸ਼ ਭਾਰਤੀ ਮਿੱਤਲ ਨੇ ਕਿਹਾ ਕਿ ਪੁਰਸਕਾਰ ਜੇਤੂਆਂ ਅਤੇ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਮਾਵੇਸ਼ੀ ਸਮਾਜ ਦੀ ਭਾਵਨਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਲਈ ਸਿੱਖਿਆ ਅਤੇ ਸਮਾਜਿਕ ਸਸ਼ਕਤੀਕਰਨ ਨੂੰ ਤਰਜੀਹ ਦੇਣੀ ਜ਼ਰੂਰੀ ਹੈ। ਉਨ੍ਹਾਂ ਸਾਰੇ ਪੁਰਸਕਾਰ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
-ਬਾਕਸ-
-ਨੇਤਰਹੀਣ ਔਰਤਾਂ ਤੇ ਬੱਚਿਆਂ ਦੀ ਭਲਾਈ ਲਈ ਸ਼ਾਲਿਨੀ ਖੰਨਾ ਨੂੰ ਪਲੈਟੀਨਮ ਪੁਰਸਕਾਰ
ਵਿਅਕਤੀਗਤ ਸ਼੍ਰੇਣੀ ’ਚ ਪਲੈਟੀਨਮ ਪੁਰਸਕਾਰ ਨੈਬ ਇੰਡੀਆ ਸੈਂਟਰ ਫਾਰ ਬਲਾਇੰਡ ਵਿਮੈਨ ਐਂਡ ਡਿਸਏਬਿਲਿਟੀ ਸਟੱਡੀਜ਼ ਦੀ ਡਾਇਰੈਕਟਰ ਸ਼ਾਲਿਨੀ ਖੰਨਾ ਨੂੰ ਦਿੱਤਾ ਗਿਆ। ਉਨ੍ਹਾਂ ਨੂੰ ਨਜ਼ਰਹੀਣ ਅਤੇ ਦਿਵਿਆਂਗ ਔਰਤਾਂ ਤੇ ਬੱਚਿਆਂ ਦੇ ਸਸ਼ਕਤੀਕਰਨ ਲਈ ਕੀਤੇ ਗਏ ਯਤਨਾਂ ਬਦਲੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਹੁਨਰ ਵਿਕਾਸ, ਰੁਜ਼ਗਾਰ ਦੇ ਮੌਕੇ, ਪੁਨਰਵਾਸ, ਸਿੱਖਿਆ, ਸਲਾਹ-ਮਸ਼ਵਰੇ ਤੇ ਡਾਕਟਰੀ ਸਹਾਇਤਾ ਰਾਹੀਂ 28 ਹਜ਼ਾਰ ਤੋਂ ਵੱਧ ਔਰਤਾਂ ਅਤੇ ਬੱਚਿਆਂ ਦੇ ਜੀਵਨ ’ਚ ਬਦਲਾਅ ਲਿਆਉਣ ਵਿੱਚ ਯੋਗਦਾਨ ਪਾਇਆ ਹੈ। ਉਨ੍ਹਾਂ ਨੇ 2002 ਵਿੱਚ ਦਿੱਲੀ ਵਿਖੇ ਸੈਂਟਰ ਫਾਰ ਬਲਾਇੰਡ ਵਿਮੈਨ ਦੀ ਸਥਾਪਨਾ ਕੀਤੀ ਸੀ। ਇਸ ਸੰਸਥਾ ਰਾਹੀਂ ਨਜ਼ਰਹੀਣ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਵੱਖ-ਵੱਖ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ ਚਲਾਏ ਜਾ ਰਹੇ ਹਨ। ਉਨ੍ਹਾਂ ਦੀ ‘ਡਿਸਕਵਰਿੰਗ ਹੈਂਡਸ’ ਪਹਿਲਕਦਮੀ ਤਹਿਤ ਨੇਤਰਹੀਣ ਔਰਤਾਂ ਨੂੰ ਛਾਤੀ ਦੇ ਕੈਂਸਰ ਦੀ ਜਾਂਚ ਕਰਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਨੇਤਰਹੀਣ ਵਿਅਕਤੀਆਂ ਵੱਲੋਂ ਚਲਾਏ ਜਾਂਦੇ ਕੈਫ਼ੇ ਸਥਾਪਤ ਕਰਕੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਹਨ।
-ਕਿਫ਼ਾਇਤੀ ਮੈਡੀਕਲ ਤਕਨੀਕ ਵਿਕਸਿਤ ਕਰਨ ਵਾਲੇ ਨਿਤੇਸ਼ ਜੰਗੀਰ ਨੂੰ ਗੋਲਡ ਪੁਰਸਕਾਰ
ਵਿਅਕਤੀਗਤ ਸ੍ਰੇਣੀ ਵਿੱਚ ਗੋਲਡ ਪੁਰਸਕਾਰ ਕੋਇਓ ਲੈਬਜ਼ ਤੇ ਇਨਐਕਸੈਲ ਦੇ ਸਹਿ-ਸੰਸਥਾਪਕ ਨਿਤੇਸ਼ ਕੁਮਾਰ ਜੰਗੀਰ ਨੂੰ ਦਿੱਤਾ ਗਿਆ। ਉਨ੍ਹਾਂ ਨੂੰ ਨਵਜੰਮੇ ਬੱਚਿਆਂ ਦੀ ਦੇਖਭਾਲ, ਮਾਵਾਂ ਦੀ ਸਿਹਤ ਅਤੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਕਿਫ਼ਾਇਤੀ ਮੈਡੀਕਲ ਤਕਨੀਕ ਵਿਕਸਿਤ ਕਰਨ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ ਵਿਕਸਿਤ ਕੀਤੇ ਗਏ ‘ਸਾਂਸ’ ਸਿਸਟਮ ਰਾਹੀਂ ਨਵਜੰਮੇ ਬੱਚਿਆਂ ਨੂੰ ਸਾਹ ਲੈਣ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ। ਇਹ ਬਿਜਲੀ ਤੋਂ ਬਿਨਾਂ ਵੀ ਕੰਮ ਕਰ ਸਕਦਾ ਹੈ। ਇਸੇ ਤਰ੍ਹਾਂ ‘ਫੀਟਲ ਲਾਈਟ’ ਬੱਚੇ ਦੇ ਜਨਮ ਸਮੇਂ ਨਿਗਰਾਨੀ ਰੱਖਣ ਲਈ ਤਿਆਰ ਕੀਤਾ ਗਿਆ ਸਿਸਟਮ ਹੈ, ਜਦਕਿ ‘ਵੈਪਕੇਅਰ’ ਵੈਂਟੀਲੇਟਰ ਨਾਲ ਜੁੜੇ ਨਿਮੋਨੀਆ ਦੇ ਖ਼ਤਰੇ ਨੂੰ ਘਟਾਉਣ ਵਿੱਚ ਸਹਾਇਕ ਹੈ। ਇਨ੍ਹਾਂ ਤਕਨੀਕਾਂ ਰਾਹੀਂ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ 10 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਮਿਲਿਆ ਹੈ।
-ਬਾਕਸ-
-ਕੁੜੀਆਂ ਦੀ ਸਿੱਖਿਆ ਲਈ ਫਾਊਂਡੇਸ਼ਨ ਟੂ ਐਜੂਕੇਟ ਗਰਲਜ਼ ਗਲੋਬਲੀ ਨੂੰ ਪਲੈਟੀਨਮ ਪੁਰਸਕਾਰ
ਸੰਸਥਾਗਤ ਸ੍ਰੇਣੀ ਵਿੱਚ ਪਲੈਟੀਨਮ ਪੁਰਸਕਾਰ ਫਾਊਂਡੇਸ਼ਨ ਟੂ ਐਜੂਕੇਟ ਗਰਲਜ਼ ਗਲੋਬਲੀ ਨੂੰ ਦਿੱਤਾ ਗਿਆ। ਸੰਸਥਾ ਨੂੰ ਪੱਛੜੇ ਅਤੇ ਹਾਸ਼ੀਏ ’ਤੇ ਰਹਿ ਰਹੇ ਭਾਈਚਾਰਿਆਂ ਦੀਆਂ ਸਕੂਲੋਂ ਬਾਹਰ ਲੜਕੀਆਂ ਨੂੰ ਮੁੜ ਸਿੱਖਿਆ ਪ੍ਰਣਾਲੀ ਨਾਲ ਜੋੜਨ ਅਤੇ ਉਨ੍ਹਾਂ ਦੇ ਸਿੱਖਣ ਦੇ ਪੱਧਰ ਨੂੰ ਬਿਹਤਰ ਬਣਾਉਣ ਲਈ ਕੀਤੇ ਕੰਮ ਬਦਲੇ ਸਨਮਾਨਿਤ ਕੀਤਾ ਗਿਆ।ਸੰਸਥਾ ਨੇ 2019 ਤੋਂ 2025 ਦਰਮਿਆਨ ‘ਦਿ ਔਡੇਸ਼ੀਅਸ ਪ੍ਰੋਜੈਕਟ’ ਤਹਿਤ 15.8 ਲੱਖ ਲੜਕੀਆਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਵਿੱਚ ਯੋਗਦਾਨ ਪਾਇਆ। ਇਹ ਪਹਿਲਕਦਮੀ 30 ਹਜ਼ਾਰ ਤੋਂ ਵੱਧ ਪਿੰਡਾਂ ਤੱਕ ਪਹੁੰਚੀ। ਇਸ ਤੋਂ ਇਲਾਵਾ 9.54 ਲੱਖ ਤੋਂ ਵੱਧ ਬੱਚਿਆਂ ਨੂੰ ਪੜ੍ਹਾਈ ਵਿੱਚ ਆ ਰਹੀਆਂ ਮੁਸ਼ਕਲਾਂ ਦੂਰ ਕਰਨ ਲਈ ਵਿਸ਼ੇਸ਼ ਸਹਾਇਤਾ ਦਿੱਤੀ ਗਈ ਅਤੇ 2.99 ਲੱਖ ਤੋਂ ਵੱਧ ਕਿਸ਼ੋਰ ਲੜਕੀਆਂ ਨੂੰ ਜੀਵਨ ਜਾਂਚ ਤੇ ਹੁਨਰ ਸਿਖਲਾਈ ਪ੍ਰਦਾਨ ਕੀਤੀ ਗਈ।
-ਬਾਕਸ-
-ਲੋੜਵੰਦਾਂ ਦੀ ਨਜ਼ਰ ਵਾਪਸ ਲਿਆਉਣ ਲਈ ਸ਼ੰਕਰਾ ਆਈ ਫਾਊਂਡੇਸ਼ਨ ਨੂੰ ਗੋਲਡ ਪੁਰਸਕਾਰ
ਸੰਸਥਾਗਤ ਸ਼੍ਰੇਣੀ ਵਿੱਚ ਗੋਲਡ ਪੁਰਸਕਾਰ ਸ਼ੰਕਰਾ ਆਈ ਫਾਊਂਡੇਸ਼ਨ ਇੰਡੀਆ ਨੂੰ ਦਿੱਤਾ ਗਿਆ। ਫਾਊਂਡੇਸ਼ਨ ਵੱਲੋਂ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਅੱਖਾਂ ਦੀ ਜਾਂਚ ਅਤੇ ਇਲਾਜ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸੰਸਥਾ ਦੇ ‘ਗਿਫਟ ਆਫ਼ ਵਿਜ਼ਨ’ ਪ੍ਰੋਗਰਾਮ ਤਹਿਤ ਮਰੀਜ਼ਾਂ ਦੀ ਜਾਂਚ, ਹਸਪਤਾਲ ਤੱਕ ਲਿਜਾਣ, ਆਪਰੇਸ਼ਨ, ਖਾਣ-ਪੀਣ ਅਤੇ ਆਪਰੇਸ਼ਨ ਤੋਂ ਬਾਅਦ ਦੀ ਦੇਖਭਾਲ ਤੱਕ ਸਾਰੀਆਂ ਸਹੂਲਤਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਪਿਛਲੇ ਪੰਜ ਸਾਲਾਂ ਵਿੱਚ ਇਸ ਪ੍ਰੋਗਰਾਮ ਰਾਹੀਂ 23.4 ਲੱਖ ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਤੇ 10 ਰਾਜਾਂ ਦੇ 224 ਜ਼ਿਲ੍ਹਿਆਂ ’ਚ ਲਾਏ। 17,958 ਕੈਂਪਾਂ ਰਾਹੀਂ 10.2 ਲੱਖ ਤੋਂ ਵੱਧ ਸਰਜਰੀਆਂ ਕੀਤੀਆਂ। ਸੰਸਥਾ ਦੇ ‘ਰੇਨਬੋ ਪ੍ਰੋਗਰਾਮ’ ਤਹਿਤ ਬੱਚਿਆਂ ਦੀਆਂ ਅੱਖਾਂ ਦੀ ਜਾਂਚ, ਐਨਕਾਂ ਅਤੇ ਲੋੜ ਅਨੁਸਾਰ ਆਪ੍ਰੇਸ਼ਨ ਦੀਆਂ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ।
-ਬਾਕਸ-
-31 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਹੁਣ ਤੱਕ ਦਿੱਤੇ ਜਾ ਚੁੱਕੇ ਨੇ ਵਜ਼ੀਫ਼ੇ
ਸਿੱਖਿਆ ਦੇ ਖੇਤਰ ’ਚ ਟਰੱਸਟ ਦੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਾਲ 1991 ਤੋਂ ਹੁਣ ਤੱਕ ਵੱਖ-ਵੱਖ ਸਮਾਜਿਕ ਤੇ ਆਰਥਿਕ ਪਿਛੋਕੜਾਂ ਵਾਲੇ ਵਿਦਿਆਰਥੀਆਂ ਨੂੰ 31 ਹਜ਼ਾਰ ਤੋਂ ਵੱਧ ਵਜ਼ੀਫ਼ੇ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਕੁੱਲ ਰਕਮ 19 ਕਰੋੜ ਰੁਪਏ ਤੋਂ ਵੱਧ ਹੈ। ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ 65 ਫ਼ੀਸਦੀ ਲੜਕੀਆਂ ਹਨ। ਇਸ ਸਾਲ ਲਗਪਗ 2400 ਵਿਦਿਆਰਥੀਆਂ ਨੂੰ ਕਰੀਬ 6 ਕਰੋੜ ਦੇ ਵਜ਼ੀਫ਼ੇ ਦਿੱਤੇ ਜਾ ਰਹੇ ਹਨ। ਟਰੱਸਟ ਨੇ 2025 ’ਚ ‘ਸਤਿਆ ਸਕਾਲਰਸ਼ਿਪ ਪ੍ਰੋਗਰਾਮ’ ਵੀ ਸ਼ੁਰੂ ਕੀਤਾ ਸੀ, ਜਿਸ ਤਹਿਤ ਯੋਗਤਾ ਅਤੇ ਆਰਥਿਕ ਲੋੜ ਦੇ ਆਧਾਰ ’ਤੇ ਹੋਣਹਾਰ ਵਿਦਿਆਰਥੀਆਂ ਦੀ ਕੋਰਸ ਫ਼ੀਸ ਦਾ 100 ਫ਼ੀਸਦੀ ਤੱਕ ਖ਼ਰਚਾ ਚੁੱਕਿਆ ਜਾਂਦਾ ਹੈ।