- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਰਲ ਲਈ-ਭਾਰਤ ਤੇ ਚੀਨ ਵਿਚਾਲੇ ਡਾਕਟਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੀਆਂ ਭਰਪੂਰ ਸੰਭਾਵਨਾਵਾਂ-ਜਿੰਗਮਿੰਗ

-ਕਿਹਾ, ਖਿੱਤੇ ’ਚ ਸ਼ਾਂਤੀ ਰੱਖਣ ਲਈ ਦੋਵੇਂ ਦੇਸ਼ਾਂ ਦੇ ਆਪਸੀ ਸੰਬੰਧ ਮਜ਼ਬੂਤ ਕਰਨ ਦੀ ਲੋੜ
ਫ਼ੋਟੋ ਨੰਬਰ-22
ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ
ਨਵੀਂ ਦਿੱਲੀ ਸਥਿਤ ਚੀਨੀ ਦੂਤਾਵਾਸ ਦਾ ਇੱਕ ਵਫ਼ਦ ਡਾ: ਕੋਟਨਿਸ ਐਕਿਊਪੰਕਚਰ ਹਸਪਤਾਲ ਲੁਧਿਆਣਾ ਵੱਲੋਂ ਕਰਵਾਏ ਗਏ 51 ਵੇਂ ਸਥਾਪਨਾ ਦਿਵਸ ਮੌਕੇ ਉਚੇਚੇ ਤੌਰ ‘ਤੇ ਪਹੁੰਚਿਆ। ਇਸ ਮੌਕੇ ਭਾਰਤ ਵਿੱਚ ਚੀਨ ਦੇ ਦੂਤਾਵਾਸ ਦੇ ਸੀਨੀਅਰ ਰਾਜਦੂਤ ਅਤੇ ਮੰਤਰੀ ਕੌਂਸਲਰ ਵਾਂਗ ਜ਼ਿੰਗਮਿੰਗ ਨੇ ਡਾ. ਡੀਐੱਨ ਕੋਟਨਿਸ ਐਕਿਊਪੰਕਚਰ ਹਸਪਤਾਲ ਤੇ ਐਜੂਕੇਸ਼ਨ ਸੈਂਟਰ ਵੱਲੋਂ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਐਕਿਊਪੰਕਚਰ ਇਲਾਜ ਦੇ ਖੇਤਰ ਵਿੱਚ ਹਸਪਤਾਲ ਦਾ ਯੋਗਦਾਨ ਸਿਰਫ਼ ਮਨੁੱਖੀ ਭਲਾਈ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਭਾਰਤ ਅਤੇ ਚੀਨ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਵਾਲੀ ਇੱਕ ਮਹੱਤਵਪੂਰਨ ਕੜੀ ਵੀ ਬਣ ਰਿਹਾ ਹੈ। ਉਨ੍ਹਾਂ ਅਗਲੇ ਸਾਲ ਭਾਰਤ ਅਤੇ ਚੀਨ ਦੇ ਐਕਿਊਪੰਕਚਰ ਮਾਹਿਰਾਂ ਦਰਮਿਆਨ ਆਪਸੀ ਆਦਾਨ-ਪ੍ਰਦਾਨ ਪ੍ਰੋਗਰਾਮ ਕਰਵਾਉਣ ਦਾ ਐਲਾਨ ਵੀ ਕੀਤਾ।
ਮਿਸਟਰ ਵਾਂਗ ਜ਼ਿੰਗਮਿੰਗ ਨੇ ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਤੌਰ ’ਤੇ ਗੱਲਬਾਤ ਕਰਦਿਆਂ ਭਾਰਤ ਅਤੇ ਚੀਨ ਵਿਚਾਲੇ ਡਾਕਟਰੀ ਸਹਿਯੋਗ ਵਧਾਉਣ 'ਤੇ ਦਿੰਦਿਆਂ ਕਿਹਾ ਕਿ ਦੋਵੇਂ ਦੇਸ਼ਾਂ ਵਿਚਕਾਰ ਸਿਹਤ ਅਤੇ ਡਾਕਟਰੀ ਖੇਤਰ ਵਿੱਚ ਸਾਂਝੇਦਾਰੀ ਦੀਆਂ ਬੇਹੱਦ ਸੰਭਾਵਨਾਵਾਂ ਮੌਜੂਦ ਹਨ।ਭਾਰਤ ਅਤੇ ਚੀਨ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਆਪਸੀ ਸਹਿਯੋਗ ਦੇ ਨਵੇਂ ਰਾਹ ਖੋਲ੍ਹਣ ਬਾਰੇ ਵਾਂਗ ਜ਼ਿੰਗਮਿੰਗ ਨੇ ਕਿਹਾ ਕਿ ਦੋਵਾਂ ਦੇਸ਼ ਵਿਕਾਸ ਅਤੇ ਸਹਿਯੋਗ ਵੱਲ ਅੱਗੇ ਵਧ ਰਹੇ ਹਨ। ਦੋਵੇਂ ਦੇਸ਼ਾਂ ਵਿਚਾਲੇ ਆਪਸੀ ਸਬੰਧ ਡਾਕਟਰੀ , ਸਿਹਤ ਅਤੇ ਸੱਭਿਆਚਾਰਕ ਦੇ ਖੇਤਰ ਵਿੱਚ ਅਹਿਮ ਮੰਨੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਅੱਗੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਿਹਤ ਸੇਵਾਵਾਂ, ਮੈਡੀਕਲ ਖੋਜ, ਆਧੁਨਿਕ ਇਲਾਜ ਤਕਨੀਕਾਂ ਅਤੇ ਡਾਕਟਰੀ ਤਜਰਬੇ ਦੇ ਆਦਾਨ-ਪ੍ਰਦਾਨ ਦੀਆਂ ਸੰਭਾਵਨਾਵਾਂ ਨੂੰ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਮਿਸਟਰ ਵਾਂਗ ਜ਼ਿੰਗਮਿੰਗ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਸ਼ਕਤੀਸ਼ਾਲੀ ਵੱਡੇ ਗੁਆਂਢੀ ਦੇਸ਼ ਹਨ ਅਤੇ ਇਨ੍ਹਾਂ ਦੇ ਚੰਗੇ ਸਬੰਧ ਸਿਰਫ਼ ਦੋਵਾਂ ਦੇਸ਼ਾਂ ਦੀ ਤਰੱਕੀ ਹੀ ਨਹੀਂ, ਸਗੋਂ ਪੂਰੇ ਖੇਤਰ ਦੀ ਸ਼ਾਂਤੀ ਅਤੇ ਸਥਿਰਤਾ ਲਈ ਵੀ ਮਹੱਤਵਪੂਰਨ ਹਨ। ਉਨ੍ਹਾਂ ਅਨੁਸਾਰ ਵਪਾਰ, ਸਿੱਖਿਆ, ਵਿਗਿਆਨ, ਤਕਨਾਲੋਜੀ ਅਤੇ ਡਾਕਟਰੀ ਸੇਵਾਵਾਂ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾ ਕੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਲਾਭ ਪਹੁੰਚਾਇਆ ਜਾ ਸਕਦਾ ਹੈ।
ਖ਼ਾਸ ਤੌਰ 'ਤੇ ਸਿਹਤ ਖੇਤਰ ਵਿੱਚ ਸਾਂਝੇ ਯਤਨਾਂ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਮੈਡੀਕਲ ਤਕਨਾਲੋਜੀ, ਐਕਿਊਪੰਕਚਰ, ਦਵਾਈਆਂ, ਡਾਕਟਰੀ ਖੋਜ ਅਤੇ ਡਾਕਟਰੀ ਇਲਾਜ ਦੇ ਤਜਰਬਿਆਂ ਦਾ ਆਦਾਨ-ਪ੍ਰਦਾਨ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਇਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ ਦੁਨੀਆ ਦੇ ਦੋਵੇਂ ਵੱਡੇ ਸ਼ਕਤੀਸ਼ਾਲੀ ਗੁਆਂਢੀ ਦੇਸ਼ ਹਨ,ਦੋਵੇਂ ਦੇਸ਼ਾਂ ਵਿਚਕਾਰ ਚੰਗੇ ਸਬੰਧ ਪੂਰੇ ਖ਼ਿੱਤੇ ਦੀ ਸ਼ਾਂਤੀ,ਸਥਿਰਤਾ ਅਤੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਹਨ।ਇਸ ਮੌਕੇ ਚੀਨੀ ਦੂਤਾਵਾਸ ਵਫ਼ਦ ਵਿੱਚ ਮਿਸਟਰ ਝਾਂਗ ਹਾਈਲਿਨ ਫਸਟ ਸੈਕਟਰੀ, ਰਾਜਨੀਤਿਕ, ਪ੍ਰੈੱਸ ਅਤੇ ਜਨਤਕ ਕੂਟਨੀਤੀ ਦੇ ਨਾਲ-ਨਾਲ ਸੱਭਿਆਚਾਰਕ ਅਤੇ ਵਿੱਦਿਅਕ ਮਾਮਲੇ ਵਿਭਾਗ,ਮਿਸਟਰ ਗਾਓ ਫੇਂਗ, ਥਰਡ ਸੈਕਟਰੀ, ਕੌਂਸਲਰ, ਸੈਰ-ਸਪਾਟਾ ਅਤੇ ਵੀਜ਼ਾ ਸਬੰਧੀ ਮਾਮਲੇ ਵਿਭਾਗ ,ਮਿਸਟਰ ਵਾਂਗ ਸ਼ਿਨਮਿੰਗ, ਮੰਤਰੀ ਕੌਂਸਲਰ ਅਤੇ ਮਿਸਟਰ ਵਾਂਗ ਚਾਂਗਯੇ ਸੈਕਿੰਡ ਸੈਕਟਰੀ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਅਤੇ ਮਿਸਟਰ ਵਾਂਗ ਚਾਂਗਯੇ ਸੱਭਿਆਚਾਰਕ ਅਤੇ ਵਿਰਾਸਤੀ ਮਾਮਲੇ ਵਿਭਾਗ ਮੌਜੂਦ ਸਨ। ਇਸ ਮੌਕੇ ਕੋਟਨਿਸ ਹਸਪਤਾਲ ਲੁਧਿਆਣਾ ਦੇ ਮੁੱਖ ਪ੍ਰਬੰਧਕ ਡਾ ਇੰਦਰਜੀਤ ਸਿੰਘ ਵੀ ਮੌਜੂਦ ਸਨ।