- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ. ਵਿਖੇ ਨਿੰਦਰ ਘੁਗਿਆਣਵੀ ਦੀ ਪੁਸਤਕ ‘ਪੰਜ ਸਾਲ ਪਾਤਰ ਨਾਲ’ ਤੇ ਹੋਈ ਸਾਹਿਤਕ ਵਿਚਾਰ-ਚਰਚਾ

-ਉਕਤ ਪੁਸਤਕ ਡਾ. ਪਾਤਰ ਦੀ ਸ਼ਖ਼ਸੀਅਤ ਦੇ ਕਈ ਅਣਦੇਖੇ ਪੱਖਾਂ ਤੋਂ ਕਰਵਾਉਂਦੀ ਹੈ ਜਾਣੂੰ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਪੰਜਾਬੀ ਦੇ ਪ੍ਰਸਿੱਧ ਵਾਰਤਾਕਾਰ ਨਿੰਦਰ ਘੁਗਿਆਣਵੀ ਦੀ ਪੁਸਤਕ ‘ਪੰਜ ਸਾਲ ਪਾਤਰ ਨਾਲ’ ਉੱਤੇ ਸਾਹਿਤਕ ਵਿਚਾਰ-ਚਰਚਾ ਕਰਵਾਈ ਗਈ। ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲੇ ਦੇ ਸੀਨੀਅਰ ਫੈਲੋ ਵਜੋਂ ਕਾਰਜਸ਼ੀਲ ਘੁਗਿਆਣਵੀ ਦੀ ਇਹ ਪੁਸਤਕ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਨਾਲ ਬਿਤਾਏ ਪੰਜ ਸਾਲਾਂ ਦੇ ਸਾਂਝੇ ਕਾਰਜਕਾਲ ਦੀਆਂ ਯਾਦਾਂ ਨੂੰ ਸਮਰਪਿਤ ਹੈ। ਵਿਚਾਰ-ਚਰਚਾ ਦੌਰਾਨ ਉੱਘੇ ਲੋਕਧਾਰਾ ਵਿਦਵਾਨ ਪ੍ਰੋ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਨਿੰਦਰ ਘੁਗਿਆਣਵੀ ਨੇ ਪੰਜਾਬ ਕਲਾ ਪਰਿਸ਼ਦ ਵਿਖੇ ਡਾ. ਪਾਤਰ ਨਾਲ ਬਤੌਰ ਮੀਡੀਆ ਅਤੇ ਕਲਚਰ ਅਧਿਕਾਰੀ ਬਿਤਾਏ ਪੰਜ ਸਾਲਾਂ ਦੇ ਤਜਰਬਿਆਂ ਨੂੰ ਬੜੀ ਬਾਰੀਕੀ ਅਤੇ ਖ਼ੂਬਸੂਰਤੀ ਨਾਲ ਕਲਮਬੱਧ ਕੀਤਾ ਹੈ। ਪੁਸਤਕ ਵਿੱਚ ਪਾਤਰ ਦੀ ਸ਼ਖ਼ਸੀਅਤ, ਮਿੱਠੇ ਸੁਭਾਅ ਅਤੇ ਕਈ ਅਣਛੋਹੇ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈ।
ਲੇਖਕ ਘੁਗਿਆਣਵੀ ਨੇ ਕਿਹਾ ਕਿ ਉਨ੍ਹਾਂ ਨੇ ਡਾ.ਪਾਤਰ ਨੂੰ ਪੰਜ ਸਾਲਾਂ ਦੇ ਸਾਂਝੇ ਕਾਰਜਕਾਲ ਦੌਰਾਨ ਵੱਖ-ਵੱਖ ਕੋਣਾਂ ਤੋਂ ਦੇਖਿਆ ਤੇ ਸਮਝਿਆ। ਉਹ ਕੇਵਲ ਮਹਾਨ ਸ਼ਾਇਰ ਹੀ ਨਹੀਂ, ਸਗੋਂ ਸਹਿਜਤਾ, ਸੰਜੀਦਗੀ, ਸੰਵੇਦਨਸ਼ੀਲਤਾ ਅਤੇ ਸਾਦਗੀ ਦੇ ਸੁਮੇਲ ਵਾਲੀ ਬਹੁਪੱਖੀ ਸ਼ਖ਼ਸੀਅਤ ਸਨ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਪਰਵਾਸੀ ਕਹਾਣੀਕਾਰਾ ਹਰਕੀਰਤ ਕੌਰ ਚਾਹਲ ਨੇ ਡਾ.ਪਾਤਰ ਚੇਅਰ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ, ਪੁਸਤਕ ਸੱਭਿਆਚਾਰ ਅਤੇ ਸਾਹਿਤਕ ਸ਼ਖ਼ਸੀਅਤਾਂ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਪੀਏਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਸਾਹਿਤਕ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਹਨ।
ਡਾ. ਜਗਵਿੰਦਰ ਜੋਧਾ ਨੇ ਪੁਸਤਕ ਨੂੰ ਗੰਭੀਰ ਵਿਚਾਰ-ਵਟਾਂਦਰੇ ਦੀ ਮੰਗ ਕਰਨ ਵਾਲੀ ਸੰਜੀਦਾ ਰਚਨਾ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਪਾਤਰ ਦੀ ਸ਼ਖ਼ਸੀਅਤ ਦੇ ਵਿਭਿੰਨ ਰੰਗ ਬਾਰੀਕੀ ਨਾਲ ਪੇਸ਼ ਕੀਤੇ ਗਏ ਹਨ। ਇਸ ਤੋਂ ਪਹਿਲਾਂ ਡਾ. ਸੁਰਜੀਤ ਪਾਤਰ ਚੇਅਰ ਦੇ ਚੇਅਰਪਰਸਨ ਡਾ. ਨਿਰਮਲ ਜੌੜਾ ਨੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਪੁਸਤਕ ਡਾ.ਪਾਤਰ ਦੀ ਸ਼ਖ਼ਸੀਅਤ ਦੇ ਕਈ ਅਣਦੇਖੇ ਪੱਖਾਂ ਤੋਂ ਜਾਣੂੰ ਕਰਵਾਉਂਦੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਜੋਬਨ ਰੰਧਾਵਾ ਵੱਲੋਂ ਗੀਤ ਪੇਸ਼ ਕਰਕੇ ਕੀਤੀ ਗਈ। ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਤੂਰ ਨੇ ਧੰਨਵਾਦ ਕੀਤਾ, ਜਦਕਿ ਮੰਚ ਸੰਚਾਲਨ ਡਾ. ਸਟਾਲਿਨਜੀਤ ਸਿੰਘ ਬਰਾੜ ਨੇ ਕੀਤਾ। ਇਸ ਮੌਕੇ ਡਾ.ਗੁਰਚਰਨ ਕੌਰ ਕੋਚਰ, ਰਵਿੰਦਰ ਰਵੀ, ਇੰਜ. ਡੀਐਮ. ਸਿੰਘ, ਗੁਰਪ੍ਰੀਤ ਸਿੰਘ ਤੂਰ, ਸੁਖਵਿੰਦਰ ਵਿਰਕ, ਪ੍ਰਿੰਸੀਪਲ ਕਿਸ਼ਨ ਸਿੰਘ, ਚਰਨਜੀਤ ਸਿੰਘ, ਤੇਜ ਪ੍ਰਤਾਪ ਸੰਧੂ, ਪਰਮਜੀਤ ਸੋਹਲ, ਗੁਰਿੰਦਰ ਗੈਰੀ, ਅਪਿੰਦਰ ਬਰਾੜ, ਹਰਪ੍ਰੀਤ ਸਿੱਧੂ ਅਤੇ ਰਜਿਸਟਰਿੰਗ ਅਫ਼ਸਰ ਸਤਵੀਰ ਸਿੰਘ ਸਮੇਤ ਕਈ ਸਾਹਿਤ ਪ੍ਰੇਮੀ ਹਾਜ਼ਰ ਸਨ।