- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੱਪ ਤੱਪ ਚੌਪਹਿਰਾ ਸਮਾਗਮ ਕਰਵਾਇਆ

-ਗੁਰਬਾਣੀ ਦੇ ਰੰਗ ’ਚ ਰੰਗੀ ਸੰਗਤ ਨੇ ਸਤਿਨਾਮ ਵਾਹਿਗੁਰੂ ਦਾ ਕੀਤਾ ਜਾਪ
ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ
ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਹਫ਼ਤਾਵਾਰੀ ਜਪ ਤਪ ਚੌਪਹਿਰਾ ਸਮਾਗਮ ਇਸ ਵਾਰ ਸਿੱਖ ਕੌਮ ਦੇ ਮਹਾਨ ਸ਼ਹੀਦ, ਅਨੋਖੀ ਕੁਰਬਾਨੀ ਤੇ ਅਟੁੱਟ ਸਿਦਕ ਦੇ ਪ੍ਰਤੀਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁੱਜੀ ਸੰਗਤ ਨੇ ਗੁਰਬਾਣੀ ਕੀਰਤਨ, ਪਾਠ ਅਤੇ ਵਾਹਿਗੁਰੂ ਨਾਮ ਸਿਮਰਨ ਰਾਹੀਂ ਗੁਰੂ ਚਰਨਾਂ ’ਚ ਆਪਣੀ ਹਾਜ਼ਰੀ ਭਰਦਿਆਂ ਬਾਬਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕੀਤਾ। ਇਸ ਵਿਸ਼ੇਸ਼ ਜਪ ਤਪ ਚੌਪਹਿਰਾ ਸਮਾਗਮ ਦੌਰਾਨ ਜਿੱਥੇ ਭਾਈ ਅਮਨਦੀਪ ਸਿੰਘ ਲਖਨਊ ਵਾਲਿਆਂ ਤੇ ਉਨ੍ਹਾਂ ਦੇ ਜੱਥੇ ਵੱਲੋਂ ਰਸਭਿੰਨਾ ਗੁਰਬਾਣੀ ਕੀਰਤਨ ਕਰ ਕੇ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਉੱਥੇ ਹੀ ਵਿਸ਼ੇਸ਼ ਤੌਰ 'ਤੇ ਪੁੱਜੇ ਗੁਰਦੁਆਰਾ ਸ਼ਹੀਦਾਂ ਸਾਹਿਬ, ਅੰਮ੍ਰਿਤਸਰ ਵਾਲੇ ਸੁਆਮੀ ਜੀ ਵੱਲੋਂ ਸੰਗਤ ਨੂੰ ਸੰਗਤੀ ਰੂਪ ’ਚ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਇਸ ਮੌਕੇ ਸੁਆਮੀ ਜੀ ਨੇ ਕਿਹਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਸਿੱਖ ਇਤਿਹਾਸ ਦਾ ਉਹ ਸੁਨਹਿਰੀ ਅਧਿਆਇ ਹੈ, ਜੋ ਸਾਨੂੰ ਧਰਮ ਦੀ ਰੱਖਿਆ, ਸੱਚ ਦੇ ਮਾਰਗ 'ਤੇ ਚੱਲਣ ਅਤੇ ਗੁਰੂ ਪ੍ਰਤੀ ਅਟੁੱਟ ਵਿਸ਼ਵਾਸ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ ਨੇ ਕਿਹਾ ਕਿ ਉਨ੍ਹਾਂ ਸੰਗਤਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਸੁਆਮੀ ਜੀ ਦੀ ਅਗਵਾਈ ਹੇਠ ਸੰਗਤੀ ਰੂਪ ’ਚ ਗੁਰਬਾਣੀ ਦੇ ਪਾਠ ਤੇ ਵਾਹਿਗੁਰੂ ਨਾਮ ਦਾ ਸਿਮਰਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਬਾਬਾ ਦੀਪ ਸਿੰਘ ਜੀ ਦੇ ਜੀਵਨ ਤੋਂ ਸੇਧ ਲੈਂਦਿਆਂ ਗੁਰਬਾਣੀ ਨਾਲ ਜੁੜਨ, ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਕਰਨ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਉਣ। ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਟਰੱਸਟੀ ਮੈਂਬਰ ਸੁਖਵਿੰਦਰਪਾਲ ਸਿੰਘ ਲਾਲੀ ਸਰਨਾ, ਅਮਰਜੀਤ ਸਿੰਘ ਟਿੱਕਾ, ਨਵਨੀਤ ਸਿੰਘ ਬਿੰਦਰਾ, ਹਰਪ੍ਰੀਤ ਸਿੰਘ ਰਾਜਧਾਨੀ, ਅਮਰਜੀਤ ਸਿੰਘ ਟਿੱਕਾ, ਅਮਰਪਾਲ ਸਿੰਘ ਸਰਨਾ, ਹਰਵਿੰਦਰ ਪਾਲ ਸਿੰਘ ਚਾਵਲਾ, ਜਸਵਿੰਦਰ ਸਿੰਘ ਸੇਠੀ, ਮਨਿੰਦਰ ਸਿੰਘ ਅਹੂਜਾ ਵੀ ਗੁਰੂਘਰ ਨਤਮਸਤਕ ਹੋਏ।