- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
‘ਸ਼ਬਦ’ ਮੈਗਜ਼ੀਨ ਦਾ ਗਿਆਨੀ ਸੋਹਣ ਸਿੰਘ ਸੀਤਲ ਵਿਸ਼ੇਸ਼ ਅੰਕ ਲੋਕ-ਅਰਪਣ

-ਪ੍ਰੋ. ਗਿੱਲ ਨੇ ਕਿਹਾ, ਮੁਹੰਮਦ ਸਦੀਕ ਦੇ ਗਾਏ ‘ਕੀਮਾ ਮਲਕੀ’ ਗੀਤ ਸਦਕਾ ਕਰੋੜਾਂ ਦਿਲਾਂ ’ਚ ਵਸਦੇ ਨੇ ਸੀਤਲ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬੀ ਲੋਕ ਵਿਰਾਸਤ ਅਕਾਡਮੀ, ਲੁਧਿਆਣਾ ਵੱਲੋਂ ਸਿਰਮੌਰ ਢਾਡੀ, ਸ਼ਾਇਰ, ਨਾਵਲਕਾਰ ’ਤੇ ਸਿੱਖ ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਦੀ ਬਹੁਪੱਖੀ ਸ਼ਖ਼ਸੀਅਤ ਤੇ ਸਾਹਿਤਕ ਯੋਗਦਾਨ ਨੂੰ ਸਮਰਪਿਤ ‘ਸ਼ਬਦ’ ਮੈਗਜ਼ੀਨ ਦਾ ਵਿਸ਼ੇਸ਼ ਅੰਕ ਲੋਕ-ਅਰਪਣ ਕੀਤਾ ਗਿਆ। ਲੋਕ-ਅਰਪਣ ਕਰਨ ਦੀ ਰਸਮ ਪੰਜਾਬ ਸਰਕਾਰ ਦੇ ਡਿਪਟੀ ਡਾਇਰੈਕਟਰ ਲੋਕ ਸੰਪਰਕ ਨਵਦੀਪ ਸਿੰਘ ਗਿੱਲ ਤੇ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅਦਾ ਕੀਤੀ। ਇਸ ਵਿਸ਼ੇਸ਼ ਅੰਕ ’ਚ ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ, ਸਾਹਿਤਕ ਯੋਗਦਾਨ, ਢਾਡੀ ਕਲਾ, ਨਾਵਲਕਾਰੀ ਤੇ ਸਿੱਖ ਇਤਿਹਾਸ ਨੂੰ ਦਿੱਤੀ ਦੇਣ ਬਾਰੇ ਖੋਜ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਹਨ। ਮੈਗਜ਼ੀਨ ਦੀ ਵਿਸਤ੍ਰਿਤ ਭੂਮਿਕਾ ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰਿੰਸੀਪਲ ਅਤੇ ਉੱਘੇ ਚਿੰਤਕ ਡਾ. ਆਤਮ ਸਿੰਘ ਰੰਧਾਵਾ ਨੇ ਲਿਖੀ ਹੈ।
ਇਸ ਮੌਕੇ ਪ੍ਰੋ. ਗਿੱਲ ਨੇ ਕਿਹਾ ਕਿ ਗਿਆਨੀ ਜੀ ਦੀ ਸ਼ਖ਼ਸੀਅਤ ਬਹੁਪੱਖੀ ਸੀ। ਉਨ੍ਹਾਂ ਵੱਲੋਂ ਰਚਿਆ ‘ਕੀਮਾ ਮਲਕੀ’ ਗੀਤ ਲੋਕ ਗੀਤ ਦਾ ਰੁਤਬਾ ਹਾਸਲ ਕਰ ਚੁੱਕਾ ਹੈ। ਖ਼ਾਸ ਤੌਰ ’ਤੇ ਮੁਹੰਮਦ ਸਦੀਕ ਦੀ ਦਮਦਾਰ ਆਵਾਜ਼ ਵਿੱਚ ਗਾਏ ਇਸ ਗੀਤ ਸਦਕਾ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਮ ਕਰੋੜਾਂ ਪੰਜਾਬੀਆਂ ਦੇ ਮਨਾਂ ਵਿੱਚ ਵਸਿਆ ਹੋਇਆ ਹੈ। ਨਵਦੀਪ ਸਿੰਘ ਗਿੱਲ ਨੇ ਕਿਹਾ ਕਿ ਗਿਆਨੀ ਸੋਹਣ ਸਿੰਘ ਸੀਤਲ ਦਾ ਨਾਵਲ ‘ਤੂਤਾਂ ਵਾਲਾ ਖੂਹ’ ਪੜ੍ਹਨ ਵਾਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ, ਪਰ ਮੁਹੰਮਦ ਸਦੀਕ ਦੇ ਗਾਏ ‘ਕੀਮਾ ਮਲਕੀ’ ਗੀਤ ਨੇ ਉਨ੍ਹਾਂ ਦਾ ਨਾਮ ਕਰੋੜਾਂ ਪੰਜਾਬੀਆਂ ਦੇ ਮਨਾਂ ਵਿੱਚ ਅਮਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੌਰਾਨ ਗਿਆਨੀ ਸੋਹਣ ਸਿੰਘ ਸੀਤਲ ਵੱਲੋਂ ਪੇਸ਼ ਕੀਤੇ ਗਏ ਢਾਡੀ ਪ੍ਰਸੰਗਾਂ ਨੂੰ ਉਹ ਅੱਜ ਵੀ ਯੂ-ਟਿਊਬ ’ਤੇ ਅਕਸਰ ਸੁਣਦੇ ਹਨ। ਉਨ੍ਹਾਂ ਦੀ ਦਮਦਾਰ ਆਵਾਜ਼, ਵਿਲੱਖਣ ਪੇਸ਼ਕਾਰੀ ਅਤੇ ਡੂੰਘੀ ਇਤਿਹਾਸਕ ਸੂਝ ਨੇ ਪੰਜਾਬ ਦੇ ਇਤਿਹਾਸ ਨੂੰ ਲੋਕ-ਮਨਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸੇ ਕਰਕੇ ਉਨ੍ਹਾਂ ਨੂੰ ਪੰਜਾਬੀ ਲੋਕ-ਚੇਤਨਾ ਦਾ ਇੱਕ ਮਹੱਤਵਪੂਰਨ ਬਿਰਤਾਂਤ-ਸਿਰਜਕ ਕਿਹਾ ਜਾ ਸਕਦਾ ਹੈ।
-ਵੈਟਰਨਰੀ ਯੂਨੀਵਰਸਿਟੀ ਵਿਖੇ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’ ਰਿਲੀਜ਼
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਹਰਕੀਰਤ ਕੌਰ ਚਹਿਲ ਦਾ ਨਵਾਂ ਨਾਵਲ ‘ਨਦੀ ਨਾਵ ਸੰਜੋਗੀ ਮੇਲੇ’ ਰਿਲੀਜ਼ ਕੀਤਾ। ਸਮਾਗਮ ’ਚ ਵੈਟਰਨਰੀ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ, ਪੀਏਯੂ ਦੇ ਵੀਸੀ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਕਾਲਜ ਆਫ਼ ਵੈਟਰਨਰੀ ਸਾਇੰਸ ਡਾ. ਸਵਰਨ ਸਿੰਘ ਰੰਧਾਵਾ, ਡੀਨ ਕਾਲਜ ਆਫ਼ ਕਮਿਊਨਿਟੀ ਸਾਇੰਸ ਡਾ. ਕਿਰਨ ਬੈਂਸ ਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜਸਪਾਲ ਸਿੰਘ ਹੁੰਦਲ, ਡਾ. ਰਾਮ ਸਰਨ ਸੇਠੀ, ਪ੍ਰਸਿੱਧ ਸਨਅਤਕਾਰ ਗੁਰਦੀਪ ਸਿੰਘ ਮੁੰਡੀ ਤੋਂ ਇਲਾਵਾ ਡਾ. ਰਾਬਿੰਦਰ ਸਿੰਘ ਔਲਖ, ਡਾ. ਰਵਦੀਪ ਸਿੰਘ, ਡਾ. ਨਿਰਮਲ ਜੌੜਾ, ਡਾ. ਪ੍ਰੇਮ ਮਾਨ, ਡਾ ਕੁਲਦੀਪ ਚਹਿਲ ਕਹਾਣੀਕਾਰ ਜਤਿੰਦਰ ਹਾਂਸ, ਰਾਜਵਿੰਦਰ ਜਟਾਣਾ, ਡਾ. ਪੁਸ਼ਵਿੰਦਰ ਖੋਖਰ, ਪ੍ਰੋ. ਸੁਰਿੰਦਰ ਜੈਪਾਲ, ਡਾ ਦੇਵਿੰਦਰ ਦਿਲਰੂਪ, ਸਰਘੀ ਬੜਿੰਗ, ਬੇਅੰਤ ਬਾਜਵਾ, ਦੀਪ ਜਗਦੀਪ, ਪਰਮਜੀਤ ਮਾਨ, ਅਲਫ਼ਾਜ਼, ਦਰਸ਼ਨ ਬੁੱਟਰ, ਪ੍ਰੋ ਪ੍ਰਭਜੋਤ ਕੌਰ ਧਾਲੀਵਾਲ, ਪ੍ਰੋ ਕੰਵਲਜੀਤ ਕੌਰ, ਪ੍ਰੋ ਲਖਵੀਰ ਧਾਲੀਵਾਲ, ਰਜਿੰਦਰਪਾਲ ਸਿੰਘ ਔਲਖ, ਗੁਲਜ਼ਾਰ ਪੰਧੇਰ, ਅਤੇ ਸਾਹਿਤਕ ਜਗਤ ਦੀਆਂ ਹੋਰ ਅਹਿਮ ਸ਼ਖ਼ਸੀਅਤਾਂ ਅਤੇ ਵਿਦਿਆਰਥੀਆਂ ਦੀ ਮੌਜੂਦਗੀ ਰਹੀ। ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਗਿੱਲ ਨੇ ਯੂਨੀਵਰਸਿਟੀ ਵਿੱਚ ਹੋਏ ਇਸ ਕਿਸਮ ਦੇ ਪਲੇਠੇ ਸਾਹਿਤਕ ਸਮਾਗਮ ਨੂੰ ਬੇਹੱਦ ਲਾਹੇਵੰਦ ਦੱਸਿਆ ਜੋ ਅਗਲੀ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਦਾ ਚੰਗਾ ਉਪਰਾਲਾ ਹੈ। ਡਾ ਪ੍ਰੇਮ ਮਾਨ ਨੇ ਲੇਖਿਕਾ ਦੀ ਲਿਖਣ ਸ਼ੈਲੀ ਦੀ ਪ੍ਰਸ਼ੰਸਾ ਕੀਤੀ। ਨਾਵਲ ਬਾਰੇ ਡਾ. ਪੁਸ਼ਪਵਿੰਦਰ ਖੋਖਰ, ਪ੍ਰੋ. ਸੁਰਿੰਦਰ ਜੈਪਾਲ, ਡਾ. ਬਲਵੀਰ ਪੰਧੇਰ ਅਤੇ ਜਗਤਾਰ ਸ਼ੇਰਗਿੱਲ ਨੇ ਆਪਣੇ ਵਿਚਾਰ ਅਤੇ ਪਰਚੇ ਸਾਂਝੇ ਕੀਤੇ। ਸਮਾਗਮ ਦਾ ਮੰਚ ਸੰਚਾਲਨ ਡਾ. ਅਪਮਿੰਦਰਪਾਲ ਸਿੰਘ ਬਰਾੜ ਨੇ ਕੀਤਾ।