- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀਲੰਕਾ ਵਿਖੇ ਹੋਈ ਕੌਮਾਂਤਰੀ ਕਾਨਫਰੰਸ ’ਚ ਸ਼ਾਮਲ ਹੋਇਆ ਗੁਰਅੰਸ਼ਪਾਲ

-ਡਾ. ਪੀਐੱਸ ਸ਼ੇਰਾ ਦੀ ਅਗਵਾਈ ਹੇਠ ਖੋਜ ਕਾਰਜ ਕਰ ਰਿਹੈ ਪੀਏਯੂ ਦਾ ਵਿਦਿਆਰਥੀ
ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ’ਚ ਐੱਮਐੱਸਸੀ ਦੇ ਵਿਦਿਆਰਥੀ ਗੁਰਅੰਸ਼ਪਾਲ ਸਿੰਘ ਨੇ ਸ੍ਰੀਲੰਕਾ ਵਿਖੇ ਹੋਈ ਕੌਮਾਂਤਰੀ ਕਾਨਫਰੰਸ ਵਿੱਚ ਸ਼ਮੂਲੀਅਤ ਕਰਕੇ ’ਵਰਸਿਟੀ ਦਾ ਮਾਣ ਵਧਾਇਆ ਹੈ। ਇਹ ਕਾਨਫਰੰਸ ਸ਼੍ਰੀਲੰਕਾ ਦੀ ਰਾਜਰੱਤਾ ਯੂਨੀਵਰਸਿਟੀ, ਮਿਹਿੰਤਲੇ ਵਿਖੇ ਕਰਵਾਈ, ਜਿਸ ਵਿੱਚ ਵੱਖ-ਵੱਖ ਵਿਸ਼ਿਆਂ ਦੇ ਖੋਜਾਰਥੀਆਂ, ਵਿਗਿਆਨੀਆਂ ਤੇ ਅਕਾਦਮਿਕ ਮਾਹਿਰਾਂ ਨੇ ਭਾਗ ਲਿਆ। ਇਸ ਦੌਰਾਨ ਗੁਰਅੰਸ਼ਪਾਲ ਨੇ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ’ਚ ਪਾਏ ਜਾਣ ਵਾਲੇ ਕੀੜੇ-ਮਕੌੜਿਆਂ ਦੇ ਜੈਵਿਕ ਨਿਯੰਤਰਣ ਏਜੰਟਾਂ ਦੀ ਵਿਭਿੰਨਤਾ ਸਬੰਧੀ ਖੋਜ ਪੱਤਰ ਪੇਸ਼ ਕੀਤਾ। ਆਪਣੀ ਪੇਸ਼ਕਾਰੀ ਰਾਹੀਂ ਉਨ੍ਹਾਂ ਨੇ ਖੇਤੀਬਾੜੀ ਵਿੱਚ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਜੈਵਿਕ ਨਿਯੰਤਰਣ ਏਜੰਟਾਂ ਦੀ ਮਹੱਤਤਾ, ਉਨ੍ਹਾਂ ਦੀ ਵਿਭਿੰਨਤਾ ਤੇ ਟਿਕਾਊ ਖੇਤੀ ਪ੍ਰਣਾਲੀ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ੍ਰੀਲੰਕਾ ਦੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਵੀ ਉਨ੍ਹਾਂ ਦੀ ਪੇਸ਼ਕਾਰੀ ਵਿੱਚ ਦਿਲਚਸਪੀ ਦਿਖਾਈ। ਉਨ੍ਹਾਂ ਨੇ ਸ਼੍ਰੀਲੰਕਾ ਦੀਆਂ ਪ੍ਰਮੁੱਖ ਖੇਤੀ ਖੋਜ ਸੰਸਥਾਵਾਂ ਦਾ ਦੌਰਾ ਵੀ ਕੀਤਾ। ਜ਼ਿਕਰਯੋਗ ਹੈ ਕਿ ਗੁਰਅੰਸ਼ਪਾਲ ਸਿੰਘ ਆਪਣੀ ਐੱਮਐੱਸਸੀ. ਦੀ ਖੋਜ ਡਾ. ਪੀਐੱਸ. ਸ਼ੇਰਾ ਦੀ ਅਗਵਾਈ ਹੇਠ ਕਰ ਰਹੇ ਹਨ। ਇਸ ਪ੍ਰਾਪਤੀ ’ਤੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਹਰਮਿੰਦਰ ਸਿੰਘ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਮਨਮੀਤ ਭੁੱਲਰ ਨੇ ਗੁਰਅੰਸ਼ਪਾਲ ਸਿੰਘ ਨੂੰ ਵਧਾਈ ਦਿੱਤੀ। ਅਜਿਹੀਆਂ ਕੌਮਾਂਤਰੀ ਅਕਾਦਮਿਕ ਤੇ ਖੋਜ ਸਰਗਰਮੀਆਂ ’ਚ ਵਿਦਿਆਰਥੀਆਂ ਦੀ ਸ਼ਮੂਲੀਅਤ ਉਨ੍ਹਾਂ ਦੇ ਗਿਆਨ ਤੇ ਤਜਰਬੇ ਵਿੱਚ ਵਾਧਾ ਕਰਨ ਦੇ ਨਾਲ-ਨਾਲ ਯੂਨੀਵਰਸਿਟੀ ਦੀ ਖੋਜ ਸਮਰੱਥਾ ਨੂੰ ਵੀ ਵਿਸ਼ਵ ਪੱਧਰ ’ਤੇ ਉਜਾਗਰ ਕਰਦੀ ਹੈ।