- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੋਜ ਦੀਆਂ ਨਵੀਂਆਂ ਸੰਭਾਵਨਾਵਾਂ ’ਤੇ ਚਰਚਾ ਨਾਲ ਅੰਤਰਰਾਸ਼ਟਰੀ ਗੋਸ਼ਠੀ ਸਮਾਪਤ

ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ 'ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਜੀਨੋਮ ਐਡੀਟਿੰਗ (ਸੰਪਾਦਨ)' ਵਿਸ਼ੇ 'ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਠੀ ਸਮਾਪਤ ਹੋ ਗਈ । ਇਸ ਦੌਰਾਨ ਅੰਤਰਰਾਸ਼ਟਰੀ ਖੋਜ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਵਿਗਿਆਨਕ ਨਵੀਨਤਾਵਾਂ ਨੂੰ ਭੋਜਨ ਸੁਰੱਖਿਆ ਅਤੇ ਵਾਤਾਵਰਣ ਸਥਿਰਤਾ ਲਈ ਵਿਹਾਰਕ ਹੱਲਾਂ ਵਿੱਚ ਬਦਲਣ ਦੀ ਵਚਨਬੱਧਤਾ ਪ੍ਰਗਟਾਈ ਗਈ।
ਇਸ ਗੋਸ਼ਟੀ ਵਿੱਚ ਦੇਸ਼-ਵਿਦੇਸ਼ ਦੇ ਉੱਘੇ ਮਾਹਿਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ’ਚ ਡਾ. ਸਟੈਨਫੋਰਡ ਬਲੇਡ ਉਪ - ਮਹਾਨਿਰਦੇਸ਼ਕ, ਖੋਜ ਅਤੇ ਨਵੀਨਤਾ, ਡਾ. ਮਨੀਸ਼ ਕੇ. ਚਟਲੀ, ਡਾ. ਜੇ ਵਿਲਸਨ, ’ਵਰਸਿਟੀ ਆਫ਼ ਸਸਕੈਚਵਨ, ਕੈਨੇਡਾ, ਡਾ. ਕੰਵਰਪਾਲ ਸਿੰਘ ਧੁੱਗਾ, ਮੈਕਸੀਕੋ, ਡਾ. ਸਿਮੋਨ ਸੁਜ਼ੈਨ ਲਿਪਿੰਸਕੀ, ਜਰਮਨੀ, ਡਾ. ਗਿਰਧਰ ਕੁਮਾਰ ਪਾਂਡੇ, ਦਿੱਲੀ ਯੂਨੀਵਰਸਿਟੀ ਤੇ ਮੈਕਗਿਲ ਯੂਨੀਵਰਸਿਟੀ ਦੇ ਮਾਹਿਰ-ਡਾ. ਮਾਰਕ ਲੇਫਸਰੂਡ, ਡਾ. ਕਰੀਨਾ ਗੁਟੀਰੇਜ਼ ਅਤੇ ਡਾ. ਮਹਿਤਾਬ ਸਿੰਘ ਸ਼ਾਮਲ ਸਨ। ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਮਨੁੱਖੀ ਭਲਾਈ, ਟਿਕਾਊ ਵਿਕਾਸ ਅਤੇ ਵਿਸ਼ਵਵਿਆਪੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ 'ਭੋਜਨ ਸੁਰੱਖਿਆ' ਦੇ ਅਹਿਮ ਮਹੱਤਵ 'ਤੇ ਚਾਨਣਾ ਪਾਇਆ।
ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਅਤੇ ਆਯੋਜਨ ਸਕੱਤਰ ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਇਸ ਗੋਸ਼ਟੀ ਨੇ ਭਾਰਤ ਤੇ ਵਿਦੇਸ਼ਾਂ ਦੇ ਵਿਗਿਆਨੀਆਂ, ਸਿੱਖਿਆ ਸ਼ਾਸਤਰੀਆਂ ਅਤੇ ਨੌਜਵਾਨ ਖੋਜਕਰਤਾਵਾਂ ਵਿਚਕਾਰ ਆਪਸੀ ਵਿਚਾਰ-ਵਟਾਂਦਰੇ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕੀਤਾ। ਤਿੰਨ-ਮਿੰਟ ਥੀਸਿਸ ਮੁਕਾਬਲਾ ਵੀ ਕਰਵਾਇਆ, ਜਿਸ ਨਾਲ ਨੌਜਵਾਨ ਖੋਜਕਰਤਾਵਾਂ ਨੂੰ ਆਪਣੀ ਖੋਜ ਨੂੰ ਸੰਖੇਪ ਅਤੇ ਦਿਲਚਸਪ ਢੰਗ ਨਾਲ ਪੇਸ਼ ਕਰਨ ਦਾ ਮੌਕਾ ਮਿਲਿਆ। ਇਸ ਵਿੱਚ ਰਿਸ਼ਭ ਸ਼ੁਕਲਾ ਨੇ ਪਹਿਲਾ ਇਨਾਮ , ਨਵਦੀਪ ਕੌਰ ਧੀਮਾਨ ਨੇ ਦੂਜਾ , ਜਦੋਂ ਕਿ ਡਾ. ਤਰਨਦੀਪ ਕੌਰ ਤੇ ਪਿਆਲੀ ਦਾਸ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਡਾ. ਜਸਵਿੰਦਰ ਸਿੰਘ, ਡਾਇਰੈਕਟਰ, ਮੈਕਗਿਲ ਯੂਨੀਵਰਸਿਟੀ, ਕੈਨੇਡਾ ਨੇ ਕਿਹਾ ਕਿ ਗੋਸ਼ਠੀ ਜੀਨੋਮ-ਸੰਪਾਦਨ ਖੋਜ ਨੂੰ ਅੱਗੇ ਵਧਾਉਣ ਅਤੇ ਵਿਗਿਆਨਕ ਖੋਜਾਂ ਨੂੰ ਇੱਕ ਟਿਕਾਊ ਅਤੇ ਭੋਜਨ-ਸੁਰੱਖਿਅਤ ਭਵਿੱਖ ਲਈ ਪ੍ਰਭਾਵਸ਼ਾਲੀ ਤਕਨਾਲੋਜੀਆਂ ਵਿੱਚ ਬਦਲਣ ਲਈ ਨਿਰੰਤਰ ਵਿਸ਼ਵਵਿਆਪੀ ਸਹਿਯੋਗ ਦੇ ਸੱਦੇ ਨਾਲ ਸਮਾਪਤ ਹੋਇਆ।