- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੁੱਟ ਦੀ ਨੀਅਤ ਨਾਲ ਜੋੜੇ ਦੀ ਕਾਰ 'ਤੇ ਗੋਲ਼ੀਆਂ ਚਲਾਉਣ ਵਾਲਾ ਕਾਬੂ

1 ਦੀ ਲੀਡ)
-ਸਕੂਟਰ 'ਤੇ ਮਲਹਾਰ ਰੋਡ ਤੱਕ ਕਾਰ ਦਾ ਪਿੱਛਾ ਕਰ ਕੇ ਕੀਤੀ ਫਾਇਰਿੰਗ, ਜੂਏ ’ਚ ਹਾਰਨ ਤੋਂ ਬਾਅਦ ਰੈਸਟੋਰੈਂਟ ਦੇ ਬਾਹਰ ਵੀ ਚਲਾਈਆਂ ਸਨ ਗੋਲ਼ੀਆਂ
--ਚੋਰੀਸ਼ੁਦਾ 7.65 ਐੱਮਐੱਮ ਪਿਸਤੌਲ ਤੇ 7 ਕਾਰਤੂਸ ਬਰਾਮਦ
--ਮੁਲਜ਼ਮ ਖ਼ਿਲਾਫ਼ ਪਹਿਲਾਂ ਹੀ ਦਰਜ ਹਨ ਛੇ ਮੁਕੱਦਮੇ
ਸਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਦੀਵਾਲੀ ਦੀ ਰਾਤ ਸ਼ਹਿਰ ਦੀਆਂ ਸੜਕ 'ਤੇ ਪੱਤਰਕਾਰ ਜੋੜੇ ਨੂੰ ਲੁੱਟਣ ਦੀ ਨੀਅਤ ਨਾਲ ਗੋਲ਼ੀਆਂ ਚਲਾਉਣ ਵਾਲਾ ਮੁਲਜ਼ਮ ਕੋਈ ਪੇਸ਼ੇਵਰ ਲੁਟੇਰਾ ਹੀ ਨਹੀਂ, ਸਗੋਂ ਅਪਰਾਧਿਕ ਪਿਛੋਕੜ ਵਾਲਾ ਅਜਿਹਾ ਵਿਅਕਤੀ ਨਿਕਲਿਆ, ਜੋ ਜੂਏ ਵਿੱਚ ਪੈਸੇ ਹਾਰਨ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਕਲਿਆ ਸੀ। ਰਾਹ ’ਚ ਪੱਤਰਕਾਰ ਜੋੜੇ ਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਉਸ ਨੇ ਨਾ ਸਿਰਫ਼ ਗੋਲੀਆਂ ਚਲਾਈਆਂ, ਸਗੋਂ ਸਕੂਟਰ 'ਤੇ ਸਵਾਰ ਹੋ ਕੇ ਉਨ੍ਹਾਂ ਦਾ ਕਾਫ਼ੀ ਦੂਰ ਤੱਕ ਪਿੱਛਾ ਵੀ ਕੀਤਾ। ਪੁਲਿਸ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਵਾਰਦਾਤ ’ਚ ਵਰਤਿਆ ਪਿਸਤੌਲ ਵੀ ਚੋਰੀ ਦਾ ਸੀ, ਜਿਸ ਨੂੰ ਮੁਲਜ਼ਮ ਨੇ ਕੁਝ ਮਹੀਨੇ ਪਹਿਲਾਂ ਫਿਰੋਜ਼ਪੁਰ ਰੋਡ 'ਤੇ ਇੱਕ ਸ਼ਾਪਿੰਗ ਮਾਲ ਦੇ ਬਾਹਰ ਖੜ੍ਹੀ ਕਾਰ ਵਿੱਚੋਂ ਚੋਰੀ ਕੀਤਾ ਸੀ। ਮੁਲਜ਼ਮ ਦੀ ਪਛਾਣ ਰਵਿੰਦਰ ਸਿੰਘ ਵਾਸੀ ਮਾਡਲ ਟਾਊਨ ਵਜੋਂ ਹੋਈ ਹੈ, ਜੋ ਪੇਸ਼ੇ ਤੋਂ ਤਰਖਾਣ ਹੈ। ਸੀਆਈਏ-1 ਅਤੇ ਥਾਣਾ ਪੀਏਯੂ ਦੀ ਸਾਂਝੀ ਟੀਮ ਨੇ ਉਸ ਨੂੰ ਜਮਾਲਪੁਰ ਸਥਿਤ ਉਸ ਦੀ ਭੈਣ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਵਾਰਦਾਤ ’ਚ ਵਰਤਿਆ ਗਿਆ 7.65 ਐੱਮਐੱਮ ਦਾ ਪਿਸਤੌਲ ਤੇ ਸੱਤ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਡਿਪਟੀ ਕਮਿਸ਼ਨਰ ਪੁਲਿਸ
ਆਲਮ ਵਿਜੇ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਪੂਰਬਲੀ ਰਾਤ ਗਗਨਦੀਪ ਅਰੋੜਾ ਆਪਣੀ ਪਤਨੀ ਨਾਲ ਕਾਰ ’ਚ ਸਵਾਰ ਹੋ ਕੇ ਸਾਊਥ ਸਿਟੀ ਵੱਲ ਜਾ ਰਹੇ ਸਨ। ਇਸੇ ਦੌਰਾਨ ਸਕੂਟਰ 'ਤੇ ਆਏ ਹਥਿਆਰਬੰਦ ਮੁਲਜ਼ਮ ਨੇ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਚਲਾਉਣ ਤੋਂ ਬਾਅਦ ਵੀ ਮੁਲਜ਼ਮ ਨਹੀਂ ਰੁਕਿਆ, ਸਗੋਂ ਸਕੂਟਰ 'ਤੇ ਸਵਾਰ ਹੋ ਕੇ ਕਾਰ ਦਾ ਪਿੱਛਾ ਕਰਦਾ ਰਿਹਾ। ਉਹ ਪੱਤਰਕਾਰ ਜੋੜੇ ਦੀ ਕਾਰ ਦੇ ਪਿੱਛੇ ਮਲਹਾਰ ਰੋਡ ਤੱਕ ਪਹੁੰਚ ਗਿਆ। ਹਾਲਾਂਕਿ ਇਸ ਪੂਰੀ ਘਟਨਾ ਦੌਰਾਨ ਪੱਤਰਕਾਰ ਅਤੇ ਉਨ੍ਹਾਂ ਦੀ ਪਤਨੀ ਵਾਲ-ਵਾਲ ਬਚ ਗਏ।
-ਜੂਏ ’ਚ ਪੈਸੇ ਹਾਰਨ ਤੋਂ ਬਾਅਦ ਰੈਸਟੋਰੈਂਟ ਦੇ ਬਾਹਰ ਕੀਤੀ ਸੀ ਫਾਇਰਿੰਗ
ਪੁਲਿਸ ਦੀ ਜਾਂਚ ਵਿੱਚ ਵਾਰਦਾਤ ਪਿੱਛੇ ਹੈਰਾਨ ਕਰਨ ਵਾਲੀ ਵਜ੍ਹਾ ਸਾਹਮਣੇ ਆਈ ਹੈ। ਜਾਂਚ ਮੁਤਾਬਕ ਰਵਿੰਦਰ ਸਿੰਘ ਘਟਨਾ ਤੋਂ ਕੁਝ ਸਮਾਂ ਪਹਿਲਾਂ ਮਾਡਲ ਟਾਊਨ ਇਲਾਕੇ ਵਿੱਚ ਆਪਣੇ ਦੋਸਤਾਂ ਨਾਲ ਜੂਆ ਖੇਡ ਰਿਹਾ ਸੀ, ਜਿੱਥੇ ਉਹ ਪੈਸੇ ਹਾਰ ਗਿਆ। ਇਸ ਤੋਂ ਬਾਅਦ ਉਸ ਨੇ ਪਹਿਲਾਂ ਮਾਡਲ ਟਾਊਨ ਸਥਿਤ ਇਕ ਰੈਸਟੋਰੈਂਟ ਦੇ ਬਾਹਰ ਗੋਲੀਆਂ ਚਲਾਈਆਂ ਤੇ ਫਿਰ ਸਕੂਟਰ 'ਤੇ ਸਵਾਰ ਹੋ ਕੇ ਸਾਊਥ ਸਿਟੀ ਵੱਲ ਨਿਕਲ ਗਿਆ। ਇਸ ਦੌਰਾਨ ਉਹ ਕਿਸੇ ਅਜਿਹੇ ਵਿਅਕਤੀ ਦੀ ਭਾਲ ਵਿੱਚ ਸੀ, ਜਿਸ ਨੂੰ ਲੁੱਟ ਦਾ ਨਿਸ਼ਾਨਾ ਬਣਾਇਆ ਜਾ ਸਕੇ। ਰਸਤੇ ਵਿੱਚ ਪੱਤਰਕਾਰ ਜੋੜੇ ਦੀ ਕਾਰ ਦੇਖ ਕੇ ਉਸ ਨੇ ਉਨ੍ਹਾਂ ਨੂੰ ਲੁੱਟਣ ਦੀ ਨੀਅਤ ਨਾਲ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਾਇਰਿੰਗ ਕਰ ਦਿੱਤੀ।
-ਛੇ ਮੁਕੱਦਮੇ ਦਰਜ, ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਇਆ ਸੀ ਮੁਲਜ਼ਮ
ਪੁਲਿਸ ਅਨੁਸਾਰ ਗ੍ਰਿਫ਼ਤਾਰ ਰਵਿੰਦਰ ਸਿੰਘ ਦਾ ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਹੈ। ਉਸ ਖ਼ਿਲਾਫ਼ ਚੋਰੀ, ਲੁੱਟ ਅਤੇ ਨਸ਼ਾ ਤਸਕਰੀ ਨਾਲ ਸਬੰਧਤ ਐੱਨਡੀਪੀਐੱਸ ਐਕਟ ਤਹਿਤ ਛੇ ਮੁਕੱਦਮੇ ਦਰਜ ਹਨ। ਵਾਰਦਾਤ ਸਮੇਂ ਉਹ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਸੀ। ਇਸ ਦੇ ਬਾਵਜੂਦ ਉਸ ਨੇ ਮੁੜ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ।
-ਸ਼ਾਪਿੰਗ ਮਾਲ ਦੇ ਬਾਹਰ ਕਾਰ ਵਿੱਚੋਂ ਚੋਰੀ ਕੀਤਾ ਸੀ ਪਿਸਤੌਲ
ਜਾਂਚ ਦੌਰਾਨ ਹਥਿਆਰ ਨੂੰ ਲੈ ਕੇ ਵੀ ਅਹਿਮ ਖੁਲਾਸਾ ਹੋਇਆ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਜੁਲਾਈ ਮਹੀਨੇ ’ਚ ਫਿਰੋਜ਼ਪੁਰ ਰੋਡ ਸਥਿਤ ਇਕ ਸ਼ਾਪਿੰਗ ਮਾਲ ਦੇ ਬਾਹਰ ਖੜ੍ਹੀ ਕਾਰ ਵਿੱਚੋਂ 7.65 ਐੱਮਐੱਮ ਦਾ ਲਾਇਸੈਂਸੀ ਪਿਸਤੌਲ ਚੋਰੀ ਕੀਤਾ ਸੀ। ਇਸੇ ਪਿਸਤੌਲ ਦੀ ਵਰਤੋਂ ਉਸ ਨੇ ਦੀਵਾਲੀ ਦੀ ਪੂਰਬਲੀ ਰਾਤ ਜੋੜੇ ਦੀ ਕਾਰ 'ਤੇ ਫਾਇਰਿੰਗ ਕਰਨ ਲਈ ਕੀਤੀ। ਪੁਲਿਸ ਨੇ ਹੁਣ ਇਹ ਪਿਸਤੌਲ ਤੇ 7 ਕਾਰਤੂਸ ਉਸ ਕੋਲੋਂ ਬਰਾਮਦ ਕਰ ਲਏ ਹਨ। ਡੀਸੀਪੀ ਆਲਮ ਵਿਜੇ ਸਿੰਘ ਨੇ ਸਪੱਸ਼ਟ ਕੀਤਾ ਕਿ ਪੱਤਰਕਾਰ ਜੋੜੇ ਨੂੰ ਕਿਸੇ ਨਿੱਜੀ ਰੰਜਿਸ਼ ਜਾਂ ਪਹਿਲਾਂ ਤੋਂ ਮੌਜੂਦ ਦੁਸ਼ਮਣੀ ਕਾਰਨ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ। ਮੁਲਜ਼ਮ ਉਸ ਸਮੇਂ ਲੁੱਟ ਦੀ ਵਾਰਦਾਤ ਕਰਨ ਲਈ ਸ਼ਿਕਾਰ ਦੀ ਭਾਲ ਵਿਚ ਸੀ ਤੇ ਇਸੇ ਦੌਰਾਨ ਪੱਤਰਕਾਰ ਜੋੜਾ ਉਸ ਦੇ ਨਿਸ਼ਾਨੇ 'ਤੇ ਆ ਗਿਆ। ਪੁਲਿਸ ਵੱਲੋਂ ਮੁਲਜ਼ਮ ਦੇ ਅਪਰਾਧਿਕ ਪਿਛੋਕੜ ਅਤੇ ਹੋਰ ਵਾਰਦਾਤਾਂ ਵਿੱਚ ਉਸ ਦੀ ਸ਼ਮੂਲੀਅਤ ਦੀ ਵੀ ਜਾਂਚ ਜਾਰੀ ਹੈ।