- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰ ਵਾਲਾ ਰੋਡ 'ਤੇ ਨਵੀਂ ਬਣੀ ਸੜਕ ਦੀ ਹਫ਼ਤੇ ਅੰਦਰ ਹੀ ਉੱਖੜਨ ਲੱਗੀ ਬਜਰੀ

-ਘਟੀਆ ਨਿਰਮਾਣ ਸਮੱਗਰੀ ਵਰਤਣ ਦਾ ਦੋਸ਼, ਸੜਕ 'ਤੇ ਹੋਏ ਖ਼ਰਚੇ ਬਾਰੇ ਹੋ ਰਹੀ ਚਰਚਾ
ਸੁਰੇਸ਼ ਕੁਮਾਰ, ਪੰਜਾਬੀ ਜਾਗਰਣ, ਲੁਧਿਆਣਾ
ਹਲਕਾ ਪੂਰਬੀ ਅਧੀਨ ਪੈਂਦੇ ਨੂਰ ਵਾਲਾ ਰੋਡ ਦੀ ਖਸਤਾ ਹਾਲਤ ਕਾਰਨ ਲੰਮੇ ਸਮੇਂ ਤੋਂ ਪਰੇਸ਼ਾਨੀ ਝੱਲ ਰਹੇ ਇਲਾਕਾ ਵਾਸੀਆਂ ਨੂੰ ਨਵੀਂ ਸੜਕ ਬਣਨ ਨਾਲ ਵੱਡੀ ਰਾਹਤ ਮਿਲਣ ਦੀ ਉਮੀਦ ਸੀ ਪਰ ਇਹ ਉਮੀਦ ਹਫ਼ਤਾ ਭਰ ਵੀ ਕਾਇਮ ਨਹੀਂ ਰਹਿ ਸਕੀ। ਸੜਕ ਦਾ ਨਿਰਮਾਣ ਹੋਣ ਤੋਂ ਮਹਿਜ਼ ਚਾਰ ਤੋਂ ਸੱਤ ਦਿਨਾਂ ਦੇ ਅੰਦਰ ਹੀ ਇਸ ਦੀ ਉੱਪਰਲੀ ਪਰਤ ਤੋਂ ਬਜਰੀ ਨਿਕਲਣੀ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਨਿਰਮਾਣ ਕਾਰਜ ਦੀ ਗੁਣਵੱਤਾ 'ਤੇ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਕਾਰਨ ਨੂਰ ਵਾਲਾ ਰੋਡ ਦੀ ਹਾਲਤ ਲੰਮੇ ਸਮੇਂ ਤੋਂ ਬੇਹੱਦ ਖਸਤਾ ਬਣੀ ਹੋਈ ਸੀ। ਰੋਜ਼ਾਨਾ ਇਸ ਰਸਤੇ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇੱਥੋਂ ਤੱਕ ਕਿ ਸੜਕ ਵਿੱਚ ਵਾਹਨਾਂ ਦੇ ਧੱਸਣ ਕਾਰਨ ਲੋਕਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਸੜਕ ਦੀ ਮਾੜੀ ਹਾਲਤ ਤੋਂ ਦੁਖੀ ਇਲਾਕਾ ਵਾਸੀਆਂ ਅਤੇ ਵਿਰੋਧੀ ਧਿਰਾਂ ਵੱਲੋਂ ਸਰਕਾਰ ਤੇ ਹਲਕਾ ਵਿਧਾਇਕ ਖ਼ਿਲਾਫ਼ ਮੁੱਖ ਸੜਕ 'ਤੇ ਧਰਨਾ ਵੀ ਲਗਾਇਆ ਗਿਆ ਸੀ। ਇਸ ਤੋਂ ਬਾਅਦ ਹਲਕਾ ਵਿਧਾਇਕ ਵੱਲੋਂ ਜਲਦ ਸੜਕ ਬਣਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਲੁੱਕ ਪਾਉਣ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ। ਸੜਕ ਦਾ ਨਿਰਮਾਣ ਸ਼ੁਰੂ ਹੋਣ 'ਤੇ ਲੋਕਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਸਮੱਸਿਆ ਦਾ ਹੱਲ ਹੋ ਜਾਵੇਗਾ, ਪਰ ਨਵੀਂ ਬਣੀ ਸੜਕ ਦੀ ਬਜਰੀ ਕੁਝ ਹੀ ਦਿਨਾਂ ਵਿੱਚ ਉੱਖੜਨ ਲੱਗ ਪਈ। ਇਸ ਕਾਰਨ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਇਲਾਕਾ ਵਾਸੀਆਂ ਵੱਲੋਂ ਸੜਕ ਦੇ ਨਿਰਮਾਣ ’ਚ ਵਰਤੀ ਸਮੱਗਰੀ ਦੀ ਗੁਣਵੱਤਾ 'ਤੇ ਸਵਾਲ ਉਠਾਉਂਦਿਆਂ ਘਟੀਆ ਮਟੀਰੀਅਲ ਦੀ ਵਰਤੋਂ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਵੀਂ ਬਣੀ ਸੜਕ ਹਫ਼ਤਾ ਭਰ ਵੀ ਸਹੀ ਸਲਾਮਤ ਨਹੀਂ ਰਹਿ ਸਕੀ ਤਾਂ ਇਸ 'ਤੇ ਸਰਕਾਰੀ ਖ਼ਜ਼ਾਨੇ ਵਿੱਚੋਂ ਖਰਚੀ ਰਕਮ ਦਾ ਕੀ ਲਾਭ ਹੋਇਆ? ਲੋਕਾਂ ਨੇ ਮੰਗ ਕੀਤੀ ਕਿ ਸੜਕ ਦੇ ਨਿਰਮਾਣ ਵਿੱਚ ਵਰਤੇ ਗਏ ਮਟੀਰੀਅਲ ਦੀ ਲੈਬਾਰਟਰੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
-ਬਾਕਸ-
-ਨੂਰ ਵਾਲਾ ਰੋਡ ਚਾਰ ਦਿਨਾਂ ਵਿੱਚ ਹੀ ਉੱਖੜਨ ਲੱਗ ਪਈ : ਇਲਾਕਾ ਵਾਸੀ
ਇਲਾਕਾ ਵਾਸੀ ਕੁਲਦੀਪ ਸਿੰਘ ਕਾਲੜਾ ਅਤੇ ਸਿਮਰਨਜੀਤ ਸਮਰਾ ਨੇ ਕਿਹਾ ਕਿ ਸੜਕ ਬਣੇ ਨੂੰ ਅਜੇ ਚਾਰ ਦਿਨ ਹੀ ਹੋਏ ਸਨ ਕਿ ਦੀਵਾਲੀ ਬੀਤਦਿਆਂ ਹੀ ਇਸ ਦੀ ਬਜਰੀ ਨਿਕਲਣੀ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਸੜਕ ਨੂੰ ਮਲਾਈ ਵਰਗੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਪੰਜ ਤੋਂ ਸੱਤ ਦਿਨਾਂ ਵਿੱਚ ਹੀ ਨਿਰਮਾਣ ਕਾਰਜ ਦੀ ਅਸਲੀਅਤ ਸਾਹਮਣੇ ਆ ਗਈ। ਉਨ੍ਹਾਂ ਇਸ ਨੂੰ ਪ੍ਰਸ਼ਾਸਨ ਅਤੇ ਠੇਕੇਦਾਰ ਦੀ ਨਾਕਾਮੀ ਕਰਾਰ ਦਿੰਦਿਆਂ ਮੰਗ ਕੀਤੀ ਕਿ ਸੜਕ ਦੇ ਮਟੀਰੀਅਲ ਦੀ ਲੈਬਾਰਟਰੀ ਜਾਂਚ ਕਰਵਾਈ ਜਾਵੇ, ਜ਼ਿੰਮੇਵਾਰ ਠੇਕੇਦਾਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਸੜਕ ਨੂੰ ਮੁੜ ਮਿਆਰੀ ਢੰਗ ਨਾਲ ਬਣਾਇਆ ਜਾਵੇ।
-ਬਾਕਸ-
-ਸੜਕ ਟੁੱਟਣ ਲਈ ਐੱਸਡੀਓ ਨੇ ਟਰੈਕਟਰ-ਟਰਾਲੀਆਂ ਨੂੰ ਠਹਿਰਾਇਆ ਜ਼ਿੰਮੇਵਾਰ
ਦੂਜੇ ਪਾਸੇ, ਸਬੰਧਤ ਵਿਭਾਗ ਦੇ ਐੱਸਡੀਓ ਅਮਨਦੀਪ ਸਿੰਘ ਨੇ ਸੜਕ ਟੁੱਟਣ ਦਾ ਕਾਰਨ ਟਰੈਕਟਰ-ਟਰਾਲੀਆਂ ਦੀ ਆਵਾਜਾਈ ਨੂੰ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟਰੈਕਟਰ-ਟਰਾਲੀਆਂ ਲੰਘਣ ਕਾਰਨ ਸੜਕ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੂੰ ਭਾਰੀ ਵਾਹਨ ਲੰਘਾਉਣ ਤੋਂ ਰੋਕਿਆ ਵੀ ਗਿਆ ਸੀ, ਪਰ ਉਹ ਨਹੀਂ ਰੁਕੇ। ਹਾਲਾਂਕਿ, ਐੱਸਡੀਓ ਦੇ ਇਸ ਬਿਆਨ ਤੋਂ ਬਾਅਦ ਇਲਾਕਾ ਵਾਸੀਆਂ ਨੇ ਸਵਾਲ ਉਠਾਇਆ ਹੈ ਕਿ ਜੇਕਰ ਭਾਰੀ ਵਾਹਨਾਂ ਦੀ ਆਵਾਜਾਈ ਹੀ ਸੜਕ ਟੁੱਟਣ ਦਾ ਕਾਰਨ ਹੈ ਤਾਂ ਇਸ ਤੋਂ ਪਹਿਲਾਂ ਕਰੀਬ ਇੱਕ ਮਹੀਨਾ ਪਹਿਲਾਂ ਬਣੀ ਸੜਕ ਦਾ ਹਿੱਸਾ ਅਜੇ ਵੀ ਠੀਕ ਕਿਵੇਂ ਹੈ, ਜਦਕਿ ਦੀਵਾਲੀ ਤੋਂ ਪਹਿਲਾਂ 6-7 ਤਰੀਕ ਨੂੰ ਬਣਾਇਆ ਗਿਆ ਹਿੱਸਾ ਕੁਝ ਹੀ ਦਿਨਾਂ ਵਿੱਚ ਉੱਖੜਨ ਲੱਗ ਪਿਆ ਹੈ? ਹੁਣ ਲੋਕਾਂ ਦਾ ਸਵਾਲ ਹੈ ਕਿ ਇਸ ਸੜਕ ਦੀ ਮਾੜੀ ਹਾਲਤ ਪਿੱਛੇ ਵਾਹਨਾਂ ਦੀ ਆਵਾਜਾਈ ਜ਼ਿੰਮੇਵਾਰ ਹੈ ਜਾਂ ਫਿਰ ਨਿਰਮਾਣ ਕਾਰਜ ਵਿੱਚ ਵਰਤੀ ਗਈ ਸਮੱਗਰੀ ਦੀ ਗੁਣਵੱਤਾ ਅਤੇ ਠੇਕੇਦਾਰ ਤੇ ਸਬੰਧਤ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਹੋਣੀ ਚਾਹੀਦੀ ਹੈ? ਲੋਕਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇ।