- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਅਮੀਰ ਸਿੰਘ ਵੱਲੋਂ ਸਮਾਗਮ ਦਾ ਪੋਸਟਰ ਜਾਰੀ

5
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਸਮੁੱਚੇ ਧਾਰਮਿਕ ਗ੍ਰੰਥਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਲੱਖਣ ਅਤੇ ਅਦੁੱਤੀ ਸਥਾਨ ਹੈ। ਇਹ ਪ੍ਰਗਟਾਵਾ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਪ੍ਰਬੰਧਕ ਸੇਵਾਦਾਰਾਂ ਨਾਲ ਵਿਸ਼ੇਸ਼ ਇਕੱਤਰਤਾ ਦੌਰਾਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਰਾਗ ਤੇ ਗੁਰਬਾਣੀ ਦਾ ਅਜਿਹਾ ਅਦਭੁੱਤ ਤੇ ਰਹੱਸਮਈ ਸੁਮੇਲ ਹੈ, ਜਿਸ ਰਾਹੀਂ ਪਰਮਾਤਮਾ ਦੀ ਅਧਿਆਤਮਕ ਮਹਿਮਾ ਅਤੇ ਇਲਾਹੀ ਸੰਦੇਸ਼ ਨੂੰ ਰਾਗਾਤਮਕ ਵਿਧੀ ਰਾਹੀਂ ਪ੍ਰਗਟ ਕੀਤਾ ਗਿਆ ਹੈ। ਇਸ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਲਈ ਗੁਰਮਤਿ ਸੰਗੀਤ ਦਾ ਅਮੋਲਕ ਖ਼ਜ਼ਾਨਾ ਹਨ। ਗੁਰਮਤਿ ਸੰਗੀਤ ਦੀ ਇਸ ਮਹਾਨ ਵਿਰਾਸਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਤ ਬਾਬਾ ਸੁੱਚਾ ਸਿੰਘ ਨੇ ਜਵੱਦੀ ਟਕਸਾਲ ਦੀ ਸਥਾਪਨਾ ਕਰਕੇ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਵੱਲੋਂ ਆਰੰਭਿਆ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਅੱਜ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਅਹਿਮ ਉਪਰਾਲਾ ਬਣ ਚੁੱਕਾ ਹੈ। ਸੰਤ ਬਾਬਾ ਅਮੀਰ ਸਿੰਘ ਵੱਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਦਾ ਪੋਸਟਰ ਤੇ ਸਟਿੱਕਰ ਵੀ ਜਾਰੀ ਕੀਤਾ। 26 ਤੋਂ 29 ਨਵੰਬਰ ਤੱਕ ਹੋਣ ਵਾਲੇ ਇਸ ਚਾਰ ਰੋਜ਼ਾ ਸਮਾਗਮ ਦੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੇਵਾਦਾਰਾਂ ਨੂੰ ਉਨ੍ਹਾਂ ਦੀ ਯੋਗਤਾ ਅਤੇ ਜ਼ਿੰਮੇਵਾਰੀ ਅਨੁਸਾਰ ਸੇਵਾਵਾਂ ਸੌਂਪੀਆਂ ਗਈਆਂ। ਇਸ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਦੇਸ਼ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਗੁਰਮਤਿ ਸੰਗੀਤ ਪ੍ਰੇਮੀ ਜਵੱਦੀ ਟਕਸਾਲ ਵਿਖੇ ਪਹੁੰਚਣਗੇ। ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ’ਚ ਸੰਗਤ ਉਚੇਚੇ ਤੌਰ ’ਤੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਸੰਮੇਲਨ ਦੌਰਾਨ ਗੁਰਮਤਿ ਸੰਗੀਤ ਦੇ ਪ੍ਰਸਿੱਧ ਮਾਹਿਰ ਉਸਤਾਦਾਂ, ਅਹਿਮ ਧਾਰਮਿਕ ਸ਼ਖ਼ਸੀਅਤਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਤੇ ਮੌਜੂਦਾ ਕੀਰਤਨੀਏ ਆਪਣੀਆਂ ਹਾਜ਼ਰੀਆਂ ਭਰਨਗੇ। ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੰਗਤ ਦੀ ਸਹੂਲਤ ਅਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਜੋਗਿੰਦਰ ਸਿੰਘ ਝੱਜ, ਡਾ. ਸੁਖਦੇਵ ਸਿੰਘ, ਡਾ. ਮੇਜਰ ਸਿੰਘ, ਕੁਲਵਿੰਦਰ ਸਿੰਘ ਬੈਨੀਪਾਲ, ਨਾਇਬ ਸਿੰਘ, ਜਗਦੀਪ ਸਿੰਘ ਰਣੀਆ, ਲਾਲੀ ਰਣੀਆ, ਬਲਵੰਤ ਸਿੰਘ ਰਣੀਆ, ਮਨਜੀਤ ਸਿੰਘ ਰਣੀਆ, ਬਲਵੀਰ ਸਿੰਘ ਸੇਖੋ, ਸਕੱਤਰ ਸਿੰਘ, ਡੀਐੱਸਪੀ. ਜੋਗਿੰਦਰ ਸਿੰਘ, ਗਿਆਨੀ ਗੁਰਦੇਵ ਸਿੰਘ ਅਤੇ ਸੱਜਣ ਸਿੰਘ ਪ੍ਰਧਾਨ ਸਮੇਤ ਹੋਰ ਪ੍ਰਬੰਧਕ ਸੇਵਾਦਾਰ ਹਾਜ਼ਰ ਸਨ।