- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਰਲ ਸਕੱਤਰ-ਨੇਪਾਲੀ ਸੱਭਿਆਚਾਰ ਦੀ ਲੁਧਿਆਣਾ 'ਚ ਗੂੰਜ, ਸ਼ਰਧਾ ਨਾਲ ਮਨਾਇਆ ‘ਕੁਕੁਰ ਤਿਹਾਰ’

-ਕਾਵਾਂ, ਕੁੱਤਿਆਂ ਤੇ ਗਊਆਂ ਸਮੇਤ ਜੀਵ-ਜੰਤੂਆਂ ਦੀ ਧਾਰਮਿਕ ਮਾਨਤਾਵਾਂ ਅਨੁਸਾਰ ਕੀਤੀ ਪੂਜਾ
ਫੋਟੋ ਨੰਬਰ-18
ਸਰਬਜੀਤ ਲੁਧਿਆਣਵੀ, ਪੰਜਾਬੀ ਜਾਗਰਣ, ਲੁਧਿਆਣਾ
ਰੋਜ਼ੀ-ਰੋਟੀ ਦੀ ਭਾਲ ਵਿੱਚ ਗੁਆਂਢੀ ਦੇਸ਼ ਨੇਪਾਲ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਲੁਧਿਆਣਾ ਆ ਕੇ ਵਸੇ ਲੋਕ ਨਾ ਸਿਰਫ਼ ਸ਼ਹਿਰ ਦੀ ਆਰਥਿਕਤਾ ਨੂੰ ਮਜ਼ਬੂਤੀ ਦੇ ਰਹੇ ਹਨ, ਸਗੋਂ ਸੱਭਿਆਚਾਰਕ ਅਤੇ ਧਾਰਮਿਕ ਪਰੰਪਰਾਵਾਂ ਨੂੰ ਵੀ ਪੂਰੀ ਸ਼ਰਧਾ ਨਾਲ ਜਿਊਂਦਾ ਰੱਖ ਰਹੇ ਹਨ। ਇਕ ਖੂਬਸੂਰਤ ਮਿਸਾਲ ਦੀਵਾਲੀ ਮੌਕੇ ਉਦਯੋਗਿਕ ਸ਼ਹਿਰ ਦੇ ਰਾਮ ਨਗਰ, ਇੰਡਸਟਰੀਅਲ ਏਰੀਆ-ਬੀ ਵਿਖੇ ਦੇਖਣ ਨੂੰ ਮਿਲੀ, ਜਿੱਥੇ ਨੇਪਾਲੀ ਭਾਈਚਾਰੇ ਵੱਲੋਂ ਵਿਸ਼ੇਸ਼ ਤਿਉਹਾਰ 'ਕੁਕੁਰ ਤਿਹਾਰ'(ਕੁੱਤਾ ਤਿਉਹਾਰ) ਸ਼ਰਧਾ ਨਾਲ ਮਨਾਇਆ। ਇਸ ਮੌਕੇ ਨੇਪਾਲੀ ਭਾਈਚਾਰੇ ਦੇ ਵੀਰ ਬਹਾਦਰ ਅਤੇ ਪੂਰਨ ਬਹਾਦਰ ਦੇ ਪਰਿਵਾਰਾਂ ਵੱਲੋਂ ਆਵਾਰਾ ਕੁੱਤਿਆਂ ਦੀ ਵਿਸ਼ੇਸ਼ ਪੂਜਾ ਕੀਤੀ ਗਈ। ਪਰਿਵਾਰਕ ਮੈਂਬਰਾਂ ਨੇ ਕੁੱਤਿਆਂ ਦੇ ਗਲਾਂ ਵਿੱਚ ਫੁੱਲਾਂ ਦੇ ਹਾਰ ਪਾਏ, ਮੱਥੇ 'ਤੇ ਟਿੱਕਾ ਲਗਾਇਆ ਅਤੇ ਉਨ੍ਹਾਂ ਨੂੰ ਮਿਠਾਈ ਸਮੇਤ ਮਨਪਸੰਦ ਖਾਣ-ਪੀਣ ਦੀਆਂ ਵਸਤਾਂ ਖੁਆਈਆਂ। ਇਸ ਦੌਰਾਨ ਜਾਨਵਰਾਂ ਪ੍ਰਤੀ ਪਿਆਰ, ਵਫ਼ਾਦਾਰੀ ਅਤੇ ਸਤਿਕਾਰ ਦੀ ਭਾਵਨਾ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਿਆ। ਨੇਪਾਲੀ ਭਾਈਚਾਰੇ ਦੇ ਵੀਰ ਬਹਾਦਰ, ਪੂਰਨ ਥਾਪਾ ਨੇ ਦੱਸਿਆ ਕਿ ਨੇਪਾਲ ਵਿੱਚ ਪੰਜ ਦਿਨਾਂ ਤੱਕ ਮਨਾਏ ਜਾਣ ਵਾਲੇ ਪ੍ਰਸਿੱਧ ਤਿਹਾਰ ਤਿਉਹਾਰ ਨੂੰ ਯਮਪੰਚਕ ਵੀ ਕਿਹਾ ਜਾਂਦਾ ਹੈ। ਇਸ ਤਿਉਹਾਰ ਦੌਰਾਨ ਵੱਖ-ਵੱਖ ਦਿਨਾਂ 'ਤੇ ਕਾਂਵਾਂ, ਕੁੱਤਿਆਂ ਅਤੇ ਗਊਆਂ ਸਮੇਤ ਜੀਵ-ਜੰਤੂਆਂ ਦੀ ਧਾਰਮਿਕ ਮਾਨਤਾਵਾਂ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਨੇਪਾਲੀ ਮਾਨਤਾਵਾਂ ਅਨੁਸਾਰ ਕਾਂ ਨੂੰ ਯਮਰਾਜ ਦਾ ਸੰਦੇਸ਼ਵਾਹਕ ਮੰਨਿਆ ਜਾਂਦਾ ਹੈ, ਜਦਕਿ ਕੁੱਤੇ ਨੂੰ ਵਫ਼ਾਦਾਰੀ, ਸੁਰੱਖਿਆ ਤੇ ਮਨੁੱਖ ਦੇ ਸੱਚੇ ਸਾਥੀ ਵਜੋਂ ਵਿਸ਼ੇਸ਼ ਸਤਿਕਾਰ ਦਿੱਤਾ ਜਾਂਦਾ ਹੈ। ਇਸ ਸਬੰਧੀ ਕੇਸ਼ਵ ਪਾਉਡੇਲ, ਮੀਨਾ ਪਾਉਡੇਲ, ਸੁਮੀਰ ਥਾਪਾ, ਅਰਜੁਨ ਪਾਉਡੇਲ, ਸਾਹਿਲ ਥਾਪਾ, ਮਾਇਆ ਦੇਵੀ, ਰੁੱਕੀ ਮਾਇਆ ਨੇ ਦੱਸਿਆ ਕਿ ਕੁੱਤਾ ਮਨੁੱਖ ਦਾ ਵਫ਼ਾਦਾਰ ਸਾਥੀ ਹੋਣ ਦੇ ਨਾਲ-ਨਾਲ ਘਰਾਂ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸੇ ਲਈ ਕੁੱਤਾ ਤਿਹਾਰ ਮੌਕੇ ਉਸ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ, ਮੱਥੇ 'ਤੇ ਟਿੱਕਾ ਲਗਾ ਕੇ ਅਤੇ ਚੰਗਾ ਭੋਜਨ ਖੁਆ ਕੇ ਸਤਿਕਾਰ ਦੇਣ ਦੀ ਪਰੰਪਰਾ ਨਿਭਾਈ ਜਾਂਦੀ ਹੈ।
-ਲੁਧਿਆਣਾ ਬਣਿਆ ਸੱਭਿਆਚਾਰਕ ਸਾਂਝ ਦਾ ਕੇਂਦਰ
ਸਨਅਤੀ ਸ਼ਹਿਰ ਵਿੱਚ ਵੱਖ-ਵੱਖ ਭਾਈਚਾਰਿਆਂ ਵੱਲੋਂ ਆਪਣੇ ਤਿਉਹਾਰ ਮਨਾਉਣ ਦੀਆਂ ਇਹ ਤਸਵੀਰਾਂ ਸਿਰਫ਼ ਧਾਰਮਿਕ ਰਸਮਾਂ ਤੱਕ ਸੀਮਤ ਨਹੀਂ, ਸਗੋਂ ਪੰਜਾਬ ਦੀ ਸਾਂਝੀਵਾਲਤਾ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਵੀ ਗਵਾਹੀ ਭਰਦੀਆਂ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆ ਕੇ ਵਸੇ ਲੋਕ ਵੀ ਇੱਥੇ ਛੱਠ ਪੂਜਾ ਸਮੇਤ ਆਪਣੇ ਪ੍ਰਮੁੱਖ ਤਿਉਹਾਰ ਪੂਰੀ ਸ਼ਰਧਾ ਨਾਲ ਮਨਾਉਂਦੇ ਹਨ। ਇਸੇ ਤਰ੍ਹਾਂ ਨੇਪਾਲੀ ਭਾਈਚਾਰਾ ਵੀ ਆਪਣੀਆਂ ਪੀੜ੍ਹੀਆਂ ਤੋਂ ਚੱਲੀਆਂ ਆ ਰਹੀਆਂ ਰਵਾਇਤਾਂ ਨੂੰ ਪੰਜਾਬ ਦੀ ਧਰਤੀ 'ਤੇ ਅੱਗੇ ਵਧਾ ਰਿਹਾ ਹੈ। ਇਨ੍ਹਾਂ ਤਿਉਹਾਰਾਂ ਰਾਹੀਂ ਇਕ ਪਾਸੇ ਲੋਕ ਆਪਣੀਆਂ ਜੜ੍ਹਾਂ ਅਤੇ ਵਿਰਾਸਤ ਨਾਲ ਜੁੜੇ ਰਹਿੰਦੇ ਹਨ, ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਵਿੱਚ ਵੀ ਨਵੀਆਂ ਸੱਭਿਆਚਾਰਕ ਰੰਗਤਾਂ ਸ਼ਾਮਲ ਹੁੰਦੀਆਂ ਹਨ। ਵੱਖ-ਵੱਖ ਸੂਬਿਆਂ ਤੇ ਦੇਸ਼ਾਂ ਤੋਂ ਆਏ ਲੋਕਾਂ ਵੱਲੋਂ ਲੁਧਿਆਣਾ ਨੂੰ ਆਪਣੀਆਂ ਰਵਾਇਤਾਂ ਦਾ ਕੇਂਦਰ ਬਣਾਉਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਪੰਜਾਬ ਸਿਰਫ਼ ਰੁਜ਼ਗਾਰ ਦਾ ਹੀ ਨਹੀਂ, ਸਗੋਂ ਪਿਆਰ, ਸਤਿਕਾਰ, ਸਹਿਣਸ਼ੀਲਤਾ ਅਤੇ ਭਾਈਚਾਰਕ ਸਾਂਝ ਦਾ ਵੀ ਪ੍ਰਤੀਕ ਹੈ।