- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਵਿਖੇ ਬੱਕਰੀ ’ਤੇ ਭੇਡ ਪਾਲਣ ਸਬੰਧੀ ਸਿਖਲਾਈ ਪ੍ਰੋਗਰਾਮ ਸਮਾਪਤ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਪਸਾਰ ਸਿੱਖਿਆ ਵਿਭਾਗ ਵੱਲੋਂ ਬੱਕਰੀ ਅਤੇ ਭੇਡ ਪਾਲਣ ਸਬੰਧੀ ਇਕ ਹਫ਼ਤੇ ਦਾ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 22 ਸਿਖਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ 20 ਪੁਰਸ਼ ਅਤੇ 2 ਮਹਿਲਾਵਾਂ ਸ਼ਾਮਲ ਸਨ। ਪੁਰਸ਼ ਸਿਖਿਆਰਥੀਆਂ ਵਿੱਚੋਂ ਇੱਕ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਬੱਕਰੀ ਅਤੇ ਭੇਡ ਪਾਲਣ ਨੂੰ ਪੇਂਡੂ ਖੇਤਰਾਂ ਵਿੱਚ ਸਵੈ-ਰੁਜ਼ਗਾਰ, ਸਹਾਇਕ ਆਮਦਨ ਤੇ ਉੱਦਮਤਾ ਦੇ ਨਵੇਂ ਮੌਕੇ ਪੈਦਾ ਕਰਨ ਵਾਲੇ ਸੰਭਾਵਨਾਵਾਂ ਭਰਪੂਰ ਕਿੱਤਿਆਂ ਵਜੋਂ ਦੱਸਿਆ। ਸਹੀ ਜਾਣਕਾਰੀ, ਵਿਗਿਆਨਕ ਤਕਨੀਕਾਂ ਅਤੇ ਸੁਚੱਜੇ ਪ੍ਰਬੰਧਨ ਨਾਲ ਨੌਜਵਾਨ ਇਸ ਕਿੱਤੇ ਨੂੰ ਇੱਕ ਸਫਲ ਕਾਰੋਬਾਰ ਵਜੋਂ ਅਪਣਾ ਸਕਦੇ ਹਨ।
ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪਸ਼ੂ ਪਾਲਣ ਆਧਾਰਿਤ ਕਿੱਤਿਆਂ ਦੀ ਪੇਂਡੂ ਰੁਜ਼ਗਾਰ ਅਤੇ ਆਰਥਿਕ ਵਿਕਾਸ ’ਚ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਵਿਭਾਗ ਦੇ ਮੁਖੀ ਅਤੇ ਕੋਰਸ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਅਨੁਸਾਰ ਇਸ ਸਿਖਲਾਈ ਪ੍ਰੋਗਰਾਮ ਨੂੰ ਸਿਧਾਂਤਕ ਗਿਆਨ ਤੇ ਵਿਹਾਰਕ ਤਜਰਬੇ ਦੇ ਸੁਮੇਲ ਨਾਲ ਤਿਆਰ ਕੀਤਾ ਸੀ। ਸਿਖਿਆਰਥੀਆਂ ਨੂੰ ਇਸ ਕਿੱਤੇ ਨਾਲ ਜੁੜੀਆਂ ਵਿਹਾਰਕ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਾਰੇ ਵੀ ਜਾਣੂ ਕਰਵਾਇਆ ਗਿਆ। ਸਿਖਿਆਰਥੀਆਂ ਨੇ ਯੂਨੀਵਰਸਿਟੀ ਦੇ ਬੱਕਰੀ ਫਾਰਮ, ਪਸ਼ੂਧਨ ਉਤਪਾਦ ਅਤੇ ਤਕਨਾਲੋਜੀ ਵਿਭਾਗ ਤੇ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਕਾਲਜ ਦਾ ਦੌਰਾ ਵੀ ਕੀਤਾ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਏਕੀਕ੍ਰਿਤ ਖੇਤੀ ਪ੍ਰਣਾਲੀ ਫਾਰਮ ਦਾ ਵਿਸ਼ੇਸ਼ ਦੌਰਾ ਵੀ ਕਰਵਾਇਆ, ਜਿੱਥੇ ਸਿਖਿਆਰਥੀਆਂ ਨੂੰ ਖੇਤੀਬਾੜੀ ਅਤੇ ਪਸ਼ੂ ਪਾਲਣ ਨੂੰ ਇਕੱਠੇ ਅਪਣਾ ਕੇ ਆਮਦਨ ਦੇ ਵੱਖ-ਵੱਖ ਸਰੋਤ ਵਿਕਸਿਤ ਕਰਨ ਦੀਆਂ ਸੰਭਾਵਨਾਵਾਂ ਬਾਰੇ ਦੱਸਿਆ ਗਿਆ। ਇਸ ਮੌਕੇ ਅਗਾਂਹਵਧੂ ਬੱਕਰੀ ਪਾਲਕ ਨਿਸ਼ਾਨ ਸਿੰਘ ਨੇ ਸਿਖਿਆਰਥੀਆਂ ਨਾਲ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ। ਸਮਾਗਮ ਦਾ ਸੰਯੋਜਨ ਡਾ. ਕ੍ਰਿਤਿਕਾ ਵਰਮਾ ਵੱਲੋਂ ਕੀਤਾ ਗਿਆ, ਜਦਕਿ ਵਿਦਿਆਰਥੀ ਸੰਯੋਜਕ ਡਾ. ਸੰਘਮਿੱਤਰਾ ਤਾਮੁਲੀ ਨੇ ਇਸ ’ਚ ਸਹਿਯੋਗ ਦਿੱਤਾ।