- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਪੱਤਰਕਾਰ ਜੋੜੇ 'ਤੇ ਜਾਨਲੇਵਾ ਹਮਲਾ, ਨਕਾਬਪੋਸ਼ ਹਮਲਾਵਰ ਨੇ ਕਾਰ 'ਤੇ ਚਲਾਈਆਂ ਛੇ ਗੋਲੀਆਂ

1 ਨੰਬਰ ਲਈ)
-ਕਰੀਬ 1 ਕਿਲੋਮੀਟਰ ਤੱਕ ਕੀਤਾ ਪਿੱਛਾ, ਇਕ ਮਹੀਨੇ ਤੋਂ ਵਿਦੇਸ਼ੀ ਨੰਬਰਾਂ ਤੋਂ ਮਿਲ ਰਹੀਆਂ ਸਨ ਧਮਕੀਆਂ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਵਿੱਚ ਦੀਵਾਲੀ ਦੀ ਰਾਤ ਅ'ਤੇ ਪੱਤਰਕਾਰ ਜੋੜੇ ਨੂੰ ਨਿਸ਼ਾਨਾ ਬਣਾ ਕੇ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਕੂਟਰ ਸਵਾਰ ਨਕਾਬਪੋਸ਼ ਹਮਲਾਵਰ ਨੇ ਪੱਤਰਕਾਰ ਨਵਨੀਤ ਕੌਰ ਅਤੇ ਉਨ੍ਹਾਂ ਦੇ ਪਤੀ ਗਗਨਦੀਪ ਅਰੋੜਾ ਦੀ ਕਾਰ ਨੂੰ ਰੋਕ ਕੇ ਛੇ ਗੋਲੀਆਂ ਚਲਾਈਆਂ। ਇੰਨਾ ਹੀ ਨਹੀਂ, ਹਮਲਾਵਰ ਨੇ ਕਾਰ ਵਿੱਚ ਸਵਾਰ ਜੋੜੇ ਦਾ ਕਰੀਬ ਇੱਕ ਕਿਲੋਮੀਟਰ ਤੱਕ ਪਿੱਛਾ ਵੀ ਕੀਤਾ। ਹਮਲੇ ਦੌਰਾਨ ਜੋੜੇ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾ ਕੇ ਆਪਣੀ ਜਾਨ ਬਚਾਈ। ਖੁਸ਼ਕਿਸਮਤੀ ਨਾਲ ਦੋਵੇਂ ਪੱਤਰਕਾਰ ਵਾਲ-ਵਾਲ ਬਚ ਗਏ। ਹਮਲੇ ਦੀ ਗੰਭੀਰਤਾ ਇਸ ਗੱਲ ਤੋਂ ਹੋਰ ਵਧ ਜਾਂਦੀ ਹੈ ਕਿ ਨਵਨੀਤ ਕੌਰ ਪਿਛਲੇ ਕਰੀਬ ਇੱਕ ਮਹੀਨੇ ਤੋਂ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੀਆਂ ਕਾਲਾਂ ਮਿਲਣ ਦੀ ਸ਼ਿਕਾਇਤ ਕਰ ਰਹੀ ਸੀ। ਉਨ੍ਹਾਂ ਵੱਲੋਂ ਇਸ ਸਬੰਧੀ ਏਡੀਜੀਪੀ ਸੁਰੱਖਿਆ ਅਤੇ ਏਡੀਜੀਪੀ ਖੁਫੀਆ ਵਿਭਾਗ ਨੂੰ ਲਿਖਤੀ ਸ਼ਿਕਾਇਤਾਂ ਦੇ ਕੇ ਪੁਲਿਸ ਸੁਰੱਖਿਆ ਅਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਸੀ। ਇਸ ਦੇ ਬਾਵਜੂਦ ਦੀਵਾਲੀ ਦੀ ਰਾਤ ਉਨ੍ਹਾਂ 'ਤੇ ਹਮਲਾ ਹੋਣ ਨਾਲ ਪੱਤਰਕਾਰ ਜੋੜੇ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਗਗਨਦੀਪ ਅਰੋੜਾ ਨੇ ਦੱਸਿਆ ਕਿ ਦੀਵਾਲੀ ਦੀ ਪੂਰਵ ਸੰਧਿਆ 'ਤੇ ਰਾਤ ਕਰੀਬ 12 ਵਜੇ ਉਹ ਆਪਣੀ ਪਤਨੀ ਨਵਨੀਤ ਕੌਰ ਨਾਲ ਕਾਰ ਵਿੱਚ ਸਾਊਥ ਸਿਟੀ ਮਾਰਕੀਟ ਵੱਲ ਜਾ ਰਹੇ ਸਨ। ਇਸੇ ਦੌਰਾਨ ਸਕੂਟਰ 'ਤੇ ਸਵਾਰ ਇੱਕ ਨਕਾਬਪੋਸ਼ ਵਿਅਕਤੀ ਨੇ ਅਚਾਨਕ ਉਨ੍ਹਾਂ ਦੀ ਕਾਰ ਅੱਗੇ ਸਕੂਟਰ ਲਾ ਕੇ ਰਸਤਾ ਰੋਕ ਲਿਆ। ਹਮਲਾਵਰ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਤੇ ਪਿਸਤੌਲ ਕੱਢ ਕੇ ਦਿਖਾਈ। ਜੋੜਾ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਹੀ ਮੁਲਜ਼ਮ ਨੇ ਕਾਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾ ਦਿੱਤੀਆਂ। ਅਚਾਨਕ ਹੋਏ ਹਮਲੇ ਕਾਰਨ ਦੋਵੇਂ ਬੁਰੀ ਤਰ੍ਹਾਂ ਘਬਰਾ ਗਏ ਤੇ ਜਾਨ ਬਚਾਉਣ ਲਈ ਕਾਰ ਭਜਾ ਲਈ। ਉਨ੍ਹਾਂ ਨੇ ਫਿਰੋਜ਼ਪੁਰ ਰੋਡ ਵੱਲ ਮੋੜ ਕੱਟਿਆ, ਪਰ ਹਮਲਾਵਰ ਨੇ ਉਨ੍ਹਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ। ਜਦੋਂ ਉਹ ਨਹਿਰ ਦੇ ਕਿਨਾਰੇ ਵੇਰਕਾ ਪੁਲ ਨੇੜੇ ਨਾਨਕਸਰ ਗੁਰਦੁਆਰਾ ਸਾਹਿਬ ਕੋਲ ਪਹੁੰਚੇ ਤਾਂ ਹਮਲਾਵਰ ਨੇ ਮੁੜ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਵੀ ਉਹ ਕਾਰ ਦਾ ਪਿੱਛਾ ਕਰਦਾ ਹੋਇਆ ਸਤਪਾਲ ਮਿੱਤਲ ਰੋਡ, ਜਿਸ ਨੂੰ ਆਮ ਤੌਰ 'ਤੇ ਮਾਲਹਾਰ ਰੋਡ ਕਿਹਾ ਜਾਂਦਾ ਹੈ, ਤੱਕ ਪਹੁੰਚ ਗਿਆ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ।
ਨਵਨੀਤ ਕੌਰ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਨ੍ਹਾਂ ਨੂੰ ਵੱਖ-ਵੱਖ ਵਿਦੇਸ਼ੀ ਨੰਬਰਾਂ ਤੋਂ ਲਗਾਤਾਰ ਧਮਕੀ ਭਰੀਆਂ ਕਾਲਾਂ ਆ ਰਹੀਆਂ ਸਨ। ਇਸ ਸਬੰਧੀ ਉਨ੍ਹਾਂ ਨੇ ਪਹਿਲਾਂ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਆਪਣੀ ਜਾਨ ਨੂੰ ਖ਼ਤਰਾ ਹੋਣ ਬਾਰੇ ਜਾਣੂ ਕਰਵਾਇਆ ਸੀ ਅਤੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਸੀ।
ਉੱਧਰ, ਗਗਨਦੀਪ ਅਰੋੜਾ ਨੇ ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਦੀਆਂ ਧਾਰਾਵਾਂ ਅਤੇ ਘਟਨਾ ਨੂੰ ਦਰਸਾਉਣ ਦੇ ਤਰੀਕੇ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਨੇ ਇਸ ਮਾਮਲੇ ਨੂੰ ਬਹਿਸ ਤੋਂ ਬਾਅਦ ਹੋਏ ਸੜਕੀ ਝਗੜੇ ਵਜੋਂ ਦਰਸਾਇਆ ਹੈ, ਜਦਕਿ ਉਨ੍ਹਾਂ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਸੀ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਦੱਸਿਆ ਸੀ ਕਿ ਹਮਲਾਵਰ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਕਾਰ 'ਤੇ ਗੋਲੀਆਂ ਚਲਾਈਆਂ ਅਤੇ ਕਾਫ਼ੀ ਦੂਰ ਤੱਕ ਪਿੱਛਾ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਉਸੇ ਰੂਪ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਸੀ।
ਥਾਣਾ ਪੀਏਯੂ ਦੀ ਪੁਲਿਸ ਨੇ ਅਣਪਛਾਤੇ ਹਮਲਾਵਰ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 109, ਜੋ ਕਤਲ ਦੀ ਕੋਸ਼ਿਸ਼ ਨਾਲ ਸਬੰਧਤ ਹੈ, ਅਤੇ ਅਸਲਾ ਐਕਟ ਦੀਆਂ ਧਾਰਾਵਾਂ 25 ਤੇ 27 ਤਹਿਤ ਮਾਮਲਾ ਦਰਜ ਕਰ ਲਿਆ ਹੈ। ਏਸੀਪੀ ਪੱਛਮੀ ਜਤਿੰਦਰ ਸਿੰਘ ਨੇ ਦੱਸਿਆ ਕਿ ਨਕਾਬਪੋਸ਼ ਹਮਲਾਵਰ ਕੁਝ ਥਾਵਾਂ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਇਆ ਹੈ। ਪੁਲਿਸ ਵੱਲੋਂ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰ ਦੀ ਪਛਾਣ ਕਰਕੇ ਉਸ ਨੂੰ ਕਾਬੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।