- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
17 ਪ੍ਰਤੀਭਾਗੀਆਂ ਨੇ ਵਿਹਾਰਕ ਸਿਖਲਾਈ ਪ੍ਰੋਗਰਾਮ ਦਾ ਲਾਭ ਲਿਆ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂ ਆਹਾਰ ਵਿਭਾਗ ਨੇ ਪੰਜਾਬ ਅਤੇ ਨਾਲ ਲੱਗਦੇ ਰਾਜਾਂ ਦੇ ਡੇਅਰੀ ਕਿਸਾਨਾਂ ਲਈ ‘ਪਸ਼ੂ ਖੁਰਾਕ ਤਕਨਾਲੋਜੀਆਂ’ ਬਾਰੇ ਪੰਜ ਦਿਨਾਂ ਵਿਹਾਰਕ ਸਿਖਲਾਈ ਪ੍ਰੋਗਰਾਮ ਕਰਵਾਇਆ। ਇਸ ਪ੍ਰੋਗਰਾਮ ਵਿੱਚ ਫੀਡ ਨਿਰਮਾਤਾਵਾਂ ਅਤੇ ਡੇਅਰੀ ਕਿਸਾਨਾਂ ਸਮੇਤ ਲਗਭਗ 17 ਪ੍ਰਤੀਭਾਗੀਆਂ ਨੇ ਸ਼ਿਰਕਤ ਕੀਤੀ।
ਸਮਾਪਨ ਸਮਾਰੋਹ ਦੌਰਾਨ, ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ ਹੁੰਦਲ ਨੇ ਪਸ਼ੂਆਂ ਦੀ ਉਤਪਾਦਕਤਾ ਅਤੇ ਮੁਨਾਫ਼ਾ ਵਧਾਉਣ ਲਈ ਵਿਗਿਆਨਕ ਖੁਰਾਕ ਅਭਿਆਸਾਂ ਅਤੇ ਆਧੁਨਿਕ ਪੌਸ਼ਟਿਕ ਤਕਨਾਲੋਜੀਆਂ ਨੂੰ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਪ੍ਰਤੀਭਾਗੀਆਂ ਨੂੰ ਡੇਅਰੀ ਫਾਰਮਿੰਗ ਭਾਈਚਾਰੇ ਦੇ ਲਾਭ ਲਈ 'ਵਰਸਿਟੀ ਵੱਲੋਂ ਵਿਕਸਿਤ ਤਕਨਾਲੋਜੀਆਂ ਅਤੇ ਸਲਾਹਕਾਰੀ ਸੇਵਾਵਾਂ ਦੀ ਪ੍ਰਭਾਵਸ਼ਾਲੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ। ਡਾ. ਉਦੇਬੀਰ ਸਿੰਘ, ਕੋਰਸ ਨਿਰਦੇਸ਼ਕ ਨੇ ਕਿਹਾ ਕਿ ਇਹ ਪ੍ਰੋਗਰਾਮ ਸੰਤੁਲਿਤ ਰਾਸ਼ਨ ਫਾਰਮੂਲੇ , ਸਥਾਨਕ ਤੌਰ 'ਤੇ ਉਪਲਬਧ ਫੀਡ ਸਰੋਤਾਂ ਦੀ ਢੁੱਕਵੀਂ ਵਰਤੋਂ ਅਤੇ ਪਸ਼ੂਆਂ ਦੀ ਸਿਹਤ, ਦੁੱਧ ਉਤਪਾਦਨ ਅਤੇ ਸਮੁੱਚੇ ਫਾਰਮ ਮੁਨਾਫ਼ੇ ਨੂੰ ਬਿਹਤਰ ਬਣਾਉਣ ਲਈ ਆਧੁਨਿਕ ਖੁਰਾਕ ਤਕਨਾਲੋਜੀਆਂ ਦਾ ਵਿਹਾਰਕ ਗਿਆਨ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ। ਸਿਖਲਾਈ ਪ੍ਰੋਗਰਾਮ ਵਿੱਚ ਖਣਿਜ ਪੌਸ਼ਟਿਕਤਾ, ਫੀਡ ਵਿਸ਼ਲੇਸ਼ਣ, ਯੂਰੀਆ-ਮੋਲਾਸੇਸ-ਖਣਿਜ ਬਲਾਕ , ਬਾਈਪਾਸ ਫੈਟ ਤਕਨਾਲੋਜੀ, ਸੰਤੁਲਿਤ ਰਾਸ਼ਨ ਫਾਰਮੂਲਾ , ਸਾਈਲੇਜ ਅਤੇ ਹੇਅ ਬਣਾਉਣਾ, ਫੀਡ ਜਾਂਚ , ਅਫਲਾਟੌਕਸਿਨ ਪ੍ਰਬੰਧਨ, ਖਣਿਜ ਮਿਸ਼ਰਣ ਤਿਆਰ ਕਰਨਾ, ਫੀਡ ਮਿੱਲ ਮਸ਼ੀਨਰੀ ਅਤੇ ਫਸਲਾਂ ਦੀ ਰਹਿੰਦ-ਖੂੰਹਦ ਦੇ ਯੂਰੀਆ ਨਾਲ ਸੋਧਣ ਬਾਰੇ ਭਾਸ਼ਣ ਅਤੇ ਵਿਹਾਰਕ ਪ੍ਰਦਰਸ਼ਨ ਸ਼ਾਮਲ ਸਨ। ਪ੍ਰੋਗਰਾਮ ਦਾ ਤਾਲਮੇਲ ਡਾ. ਹਰਨੀਤ ਕੌਰ ਅਤੇ ਡਾ. ਜੁਝਾਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਸੀ। ਵਿਭਾਗ ਦੇ ਅਧਿਆਪਕਾਂ ਨੇ ਪੂਰੇ ਪ੍ਰੋਗਰਾਮ ਦੌਰਾਨ ਪ੍ਰਤੀਭਾਗੀਆਂ ਨੂੰ ਗਿਆਨ ਦਿੱਤਾ ਅਤੇ ਪ੍ਰਯੋਗਿਕ ਪ੍ਰਦਰਸ਼ਨ ਕੀਤੇ। ਪ੍ਰਤੀਭਾਗੀਆਂ ਨੇ ਸਿਖਲਾਈ ਦੇ ਵਿਹਾਰਕ ਰੁਝਾਨ ਦੀ ਸ਼ਲਾਘਾ ਕੀਤੀ ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਪ੍ਰਾਪਤ ਗਿਆਨ ਉਨ੍ਹਾਂ ਨੂੰ ਡੇਅਰੀ ਉਤਪਾਦਕਤਾ ਅਤੇ ਮੁਨਾਫ਼ਾ ਵਧਾਉਣ ਲਈ ਵਿਗਿਆਨਕ ਖੁਰਾਕ ਅਭਿਆਸਾਂ ਨੂੰ ਅਪਣਾਉਣ ਵਿੱਚ ਮਦਦ ਕਰੇਗਾ।
--