- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ:‘ਆਪ’ ਆਗੂ ਦੀ ਘਰ ਦੇ ਬਾਹਰ ਖੜ੍ਹੀ ਕਾਰ ਤੇ ਲੱਗੀ ਗੋਲੀ

-ਪਰਿਵਾਰ ਨੇ ਪੁਰਾਣੀ ਰੰਜਿਸ਼ ਦਾ ਜਤਾਇਆ ਖ਼ਦਸ਼ਾ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਦੀਵਾਲੀ ਦੀ ਰਾਤ ਹੋਈ ਗੋਲੀਬਾਰੀ ਦੌਰਾਨ ‘ਆਪ’ ਦੇ ਆਗੂ ਅਮਰੀਕ ਸਿੰਘ ਬਿੱਟਾ ਦੀ ਕਾਰ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਮਲਾਪੁਰੀ ਦੇ ਵਾਹਿਗੁਰੂ ਰੋਡ ’ਤੇ ਘਰ ਦੇ ਬਾਹਰ ਖੜ੍ਹੀ ਉਨ੍ਹਾਂ ਦੀ ਕ੍ਰੇਟਾ ਕਾਰ ਦੀ ਛੱਤ ’ਤੇ ਗੋਲੀ ਦਾ ਨਿਸ਼ਾਨ ਮਿਲਿਆ ਹੈ। ਸਵੇਰੇ ਕਾਰ ਦੀ ਜਾਂਚ ਕਰਨ ਦੌਰਾਨ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਮੌਕੇ ਤੋਂ ਖਾਲੀ ਕਾਰਤੂਸ ਵੀ ਮਿਲਿਆ ਹੈ। ਪਰਿਵਾਰ ਨੇ ਇਸ ਘਟਨਾ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਕਾਰ ਘਰ ਦੇ ਬਾਹਰ ਖੜ੍ਹੀ ਸੀ। ਸੋਮਵਾਰ ਸਵੇਰੇ ਅਮਰੀਕ ਸਿੰਘ ਬਿੱਟਾ ਦੇ ਭਰਾ ਕੁਲਦੀਪ ਸਿੰਘ ਨੇ ਕਾਰ ਦੀ ਜਾਂਚ ਕੀਤੀ, ਤਾਂ ਉਸ ਦੀ ਛੱਤ ਦੇ ਉੱਪਰਲੇ ਹਿੱਸੇ ਵਿੱਚ ਸੁਰਾਖ਼ ਦਿਖਾਈ ਦਿੱਤਾ। ਇਸ ਤੋਂ ਬਾਅਦ ਧਿਆਨ ਨਾਲ ਜਾਂਚ ਕਰਨ ’ਤੇ ਛੱਤ ਅਤੇ ਅਗਲੇ ਸ਼ੀਸ਼ੇ ਦੇ ਵਾਈਪਰ ਵਾਲੇ ਹਿੱਸੇ ਨੇੜਿਓਂ ਖਾਲੀ ਕਾਰਤੂਸ ਮਿਲਿਆ। ਇਸ ਤੋਂ ਬਾਅਦ ਪਰਿਵਾਰ ਨੂੰ ਕਾਰ ’ਤੇ ਗੋਲੀ ਚੱਲਣ ਦਾ ਪਤਾ ਲੱਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਕਿਸੇ ਵਿਅਕਤੀ ਨੇ ਪੁਰਾਣੀ ਰੰਜਿਸ਼ ਤਹਿਤ ਜਾਣਬੁੱਝ ਕੇ ਕਾਰ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸਬੰਧੀ ਥਾਣਾ ਸ਼ਿਮਲਾਪੁਰੀ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਜਾਂਚ ਦੌਰਾਨ ਖਾਲੀ ਕਾਰਤੂਸ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਆਸ-ਪਾਸ ਦੇ ਘਰਾਂ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਇਸ ਪਹਿਲੂ ਤੋਂ ਵੀ ਜਾਂਚ ਜਾਰੀ ਹੈ ਕਿ ਦੀਵਾਲੀ ਦੀ ਰਾਤ ਕਿਸੇ ਵੱਲੋਂ ਹਵਾਈ ਫਾਇਰਿੰਗ ਕੀਤੀ ਗਈ ਹੋਵੇ ਤੇ ਉਸ ਵਿੱਚੋਂ ਨਿਕਲੀ ਗੋਲੀ ਭਟਕ ਕੇ ਕਾਰ ਦੀ ਛੱਤ ’ਚ ਜਾ ਲੱਗੀ ਹੋਵੇ। ਫਿਲਹਾਲ ਪੁਲਿਸ ਵੱਲੋਂ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ।