- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਅਮੀਰ ਸਿੰਘ ਵੱਲੋਂ ਸਮਾਗਮ ਦਾ ਪੋਸਟਰ ਜਾਰੀ

-ਪ੍ਰਬੰਧਕ ਸੇਵਾਦਾਰਾਂ ਨਾਲ ਸੰਮੇਲਨ ਦੇ ਲੁੜੀਂਦੇ ਪ੍ਰਬੰਧਾਂ ਸਬੰਧੀ ਕੀਤੀਆਂ ਵਿਚਾਰਾਂ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਸਮੁੱਚੇ ਧਾਰਮਿਕ ਗ੍ਰੰਥਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਲੱਖਣ ਤੇ ਅਦੁੱਤੀ ਸਥਾਨ ਹੈ। ਉਕਤ ਪ੍ਰਗਟਾਵਾ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਪ੍ਰਬੰਧਕ ਸੇਵਾਦਾਰਾਂ ਨਾਲ ਵਿਸ਼ੇਸ਼ ਇਕੱਤਰਤਾ ਦੌਰਾਨ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਰਾਗ ਤੇ ਗੁਰਬਾਣੀ ਦਾ ਅਜਿਹਾ ਅਦਭੁੱਤ ਤੇ ਰਹੱਸਮਈ ਸੁਮੇਲ ਹੈ, ਜਿਸ ਰਾਹੀਂ ਪਰਮਾਤਮਾ ਦੀ ਅਧਿਆਤਮਕ ਮਹਿਮਾ ਤੇ ਇਲਾਹੀ ਸੰਦੇਸ਼ ਨੂੰ ਰਾਗਾਤਮਕ ਵਿਧੀ ਰਾਹੀਂ ਪ੍ਰਗਟ ਕੀਤਾ ਹੈ। ਇਸ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਲਈ ਗੁਰਮਤਿ ਸੰਗੀਤ ਦਾ ਅਮੋਲਕ ਖ਼ਜ਼ਾਨਾ ਹਨ। ਗੁਰਮਤਿ ਸੰਗੀਤ ਦੀ ਇਸ ਮਹਾਨ ਵਿਰਾਸਤ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਰਮ ਸੰਤ ਬਾਬਾ ਸੁੱਚਾ ਸਿੰਘ ਨੇ ਜਵੱਦੀ ਟਕਸਾਲ ਦੀ ਸਥਾਪਨਾ ਕਰ ਕੇ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਵੱਲੋਂ ਆਰੰਭਿਆ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਅੱਜ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਸੰਭਾਲਣ ਤੇ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਦਾ ਅਹਿਮ ਉਪਰਾਲਾ ਬਣ ਚੁੱਕਾ ਹੈ। ਸੰਤ ਬਾਬਾ ਅਮੀਰ ਸਿੰਘ ਵੱਲੋਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ-2026 ਦਾ ਪੋਸਟਰ ਤੇ ਸਟਿੱਕਰ ਵੀ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 26 ਤੋਂ 29 ਨਵੰਬਰ ਤੱਕ ਹੋਣ ਵਾਲੇ ਇਸ ਚਾਰ ਰੋਜ਼ਾ ਸਮਾਗਮ ਦੀਆਂ ਤਿਆਰੀਆਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੱਖ-ਵੱਖ ਸੇਵਾਦਾਰਾਂ ਨੂੰ ਉਨ੍ਹਾਂ ਦੀ ਯੋਗਤਾ ਤੇ ਜ਼ਿੰਮੇਵਾਰੀ ਅਨੁਸਾਰ ਸੇਵਾਵਾਂ ਸੌਂਪੀਆਂ ਗਈਆਂ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿੱਚ ਸ਼ਮੂਲੀਅਤ ਕਰਨ ਲਈ ਦੇਸ਼ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਗੁਰਮਤਿ ਸੰਗੀਤ ਪ੍ਰੇਮੀ ਜਵੱਦੀ ਟਕਸਾਲ ਵਿਖੇ ਪੁੱਜਣਗੇ। ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤ ਉਚੇਚੇ ਤੌਰ ’ਤੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀ ਹੈ। ਸੰਮੇਲਨ ਦੌਰਾਨ ਗੁਰਮਤਿ ਸੰਗੀਤ ਦੇ ਪ੍ਰਸਿੱਧ ਮਾਹਿਰ ਉਸਤਾਦਾਂ, ਅਹਿਮ ਧਾਰਮਿਕ ਸ਼ਖ਼ਸੀਅਤਾਂ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਅਤੇ ਮੌਜੂਦਾ ਕੀਰਤਨੀਏ ਹਾਜ਼ਰੀਆਂ ਭਰਨਗੇ। ਬਦਲਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸੰਗਤ ਦੀ ਸਹੂਲਤ ਤੇ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕਰਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਜੋਗਿੰਦਰ ਸਿੰਘ ਝੱਜ, ਡਾ. ਸੁਖਦੇਵ ਸਿੰਘ, ਡਾ. ਮੇਜਰ ਸਿੰਘ, ਕੁਲਵਿੰਦਰ ਸਿੰਘ ਬੈਨੀਪਾਲ, ਨਾਇਬ ਸਿੰਘ, ਜਗਦੀਪ ਸਿੰਘ ਰਣੀਆ, ਲਾਲੀ ਰਣੀਆ, ਬਲਵੰਤ ਸਿੰਘ ਰਣੀਆ, ਮਨਜੀਤ ਸਿੰਘ ਰਣੀਆ, ਬਲਵੀਰ ਸਿੰਘ ਸੇਖੋ, ਸਕੱਤਰ ਸਿੰਘ, ਡੀਐੱਸਪੀ ਜੋਗਿੰਦਰ ਸਿੰਘ, ਗਿਆਨੀ ਗੁਰਦੇਵ ਸਿੰਘ ਤੇ ਸੱਜਣ ਸਿੰਘ ਪ੍ਰਧਾਨ ਸਮੇਤ ਹੋਰ ਪ੍ਰਬੰਧਕ ਸੇਵਾਦਾਰ ਹਾਜ਼ਰ ਸਨ।