- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੱਠ ਪੂਜਾ ਦੀ ਮੰਡੀ 'ਚ ਨਾਜਾਇਜ਼ ਵਸੂਲੀ ਦਾ ਦੋਸ਼, ਹਰ ਸਾਲ ਪ੍ਰਤੀ ਫੜੀ ਤੋਂ ਵਸੂਲੇ ਜਾਂਦੇ ਹਨ ਦੋ ਹਜ਼ਾਰ ਰੁਪਏ

1 ਲਈ)
-ਹਰ ਸਾਲ ਪ੍ਰਤੀ ਫੜ੍ਹੀ ਤੋਂ ਵਸੂਲੇ ਜਾਂਦੇ ਹਨ ਦੋ ਹਜ਼ਾਰ ਰੁਪਏ, ਪਰਵਾਸੀ ਫੜ੍ਹੀ ਵਾਲਿਆਂ ਤੋਂ ’ਕੱਠੇ ਕੀਤੇ ਜਾ ਰਹੇ ਨੇ ਲੱਖਾਂ ਰੁਪਏ
17)
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਵੱਡੀ ਗਿਣਤੀ ਵਿੱਚ ਰਹਿੰਦੇ ਉੱਤਰ ਪ੍ਰਦੇਸ਼ ਤੇ ਬਿਹਾਰ ਦੇ ਪਰਵਾਸੀ ਪਰਿਵਾਰਾਂ ਵੱਲੋਂ ਛੱਠ ਪੂਜਾ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਲੈ ਕੇ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਥਾਣਾ ਸਲੇਮ ਟਾਬਰੀ ਦੀ ਸਰਵਿਸ ਲਾਈਨ 'ਤੇ ਹਰ ਸਾਲ ਛੱਠ ਪੂਜਾ ਦੀ ਵਿਸ਼ੇਸ਼ ਮੰਡੀ ਲਗਾਈ ਜਾਂਦੀ ਹੈ। ਇੱਥੇ ਸ਼ਰਧਾਲੂ ਪੂਜਾ ਲਈ ਫਲ, ਫਰੂਟ, ਨਾਰੀਅਲ ਤੇ ਹੋਰ ਸਾਮਾਨ ਖ਼ਰੀਦਦੇ ਹਨ। ਪਰ ਇਸ ਵਾਰ ਤਿਉਹਾਰ ਦੀਆਂ ਤਿਆਰੀਆਂ ਦੇ ਨਾਲ ਹੀ ਮੰਡੀ ’ਚ ਫੜ੍ਹੀਆਂ ਲਾਉਣ ਵਾਲੇ ਪ੍ਰਵਾਸੀ ਫਲ ਵਿਕ੍ਰੇਤਾਵਾਂ ਨੇ ਕਥਿਤ ਨਾਜਾਇਜ਼ ਵਸੂਲੀ ਦਾ ਗੰਭੀਰ ਮੁੱਦਾ ਚੁੱਕਿਆ ਹੈ।
ਫੜ੍ਹੀ ਲਾ ਕੇ ਫਲ ਵੇਚਣ ਵਾਲੇ ਪਰਵਾਸੀ ਮਜ਼ਦੂਰਾਂ ਦਾ ਦੋਸ਼ ਹੈ ਕਿ ਕੁੱਝ ਸ਼ਰਾਰਤੀ ਅਨਸਰ ਉਨ੍ਹਾਂ ਕੋਲੋਂ ਨਿਗਮ ਤੇ ਪੁਲਿਸ ਅਧਿਕਾਰੀਆਂ ਦੇ ਨਾਂ 'ਤੇ ਪ੍ਰਤੀ ਫੜ੍ਹੀ 2 ਹਜ਼ਾਰ ਰੁਪਏ ਦੀ ਮੰਗ ਕਰਦੇ ਹਨ। ਵਿਕ੍ਰੇਤਾਵਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਨਾਂ ਦਾ ਡਰ ਦਿਖਾ ਕੇ ਕੀਤੀ ਜਾ ਰਹੀ ਇਸ ਕਥਿਤ ਵਸੂਲੀ ਕਾਰਨ ਉਨ੍ਹਾਂ ਨੂੰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰਵਾ ਕੇ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਿਕ੍ਰੇਤਾਵਾਂ ਨੇ ਇਹ ਮਾਮਲਾ ਫਰੂਟ ਮੰਡੀ ਦੇ ਸਾਬਕਾ ਪ੍ਰਧਾਨ ਕਮਲ ਗੁੰਬਰ ਦੇ ਧਿਆਨ ’ਚ ਵੀ ਲਿਆਂਦਾ ਹੈ। ਦੋਸ਼ ਹੈ ਕਿ ਅਧਿਕਾਰੀਆਂ ਦੇ ਨਾਂ 'ਤੇ ਵਸੂਲੀ ਕਰਨ ਵਾਲੇ ਕੁਝ ਲੋਕ ਹਰ ਸਾਲ ਇਸ ਮੰਡੀ ਨੂੰ ਨਿਸ਼ਾਨਾ ਬਣਾਉਂਦੇ ਹਨ ਤੇ ਇਸ ਤਰ੍ਹਾਂ ਵੱਡੀ ਰਕਮ ’ਕੱਠੀ ਕਰਦੇ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
-ਨਾਜਾਇਜ਼ ਵਸੂਲੀ ਕਰਨ ਵਾਲਿਆਂ ਤੇ ਕਰਵਾਵਾਂਗੇ ਕਾਰਵਾਈ : ਪ੍ਰਧਾਨ ਗੁੰਬਰ
ਫ਼ਲ ਮੰਡੀ ਦੇ ਸਾਬਕਾ ਪ੍ਰਧਾਨ ਕਮਲ ਗੁੰਬਰ ਨੇ ਕਿਹਾ ਕਿ ਪ੍ਰਵਾਸੀ ਫਲ ਵਿਕਰੇਤਾਵਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਹੈ ਅਤੇ ਉਹ ਇਸ ਨੂੰ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ। ਉਨ੍ਹਾਂ ਵਿਕ੍ਰੇਤਾਵਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਅਧਿਕਾਰੀਆਂ ਦੇ ਨਾਂ 'ਤੇ ਪੈਸੇ ਦੀ ਮੰਗ ਕਰਦਾ ਹੈ ਤਾਂ ਉਸ ਨੂੰ ਪੈਸੇ ਦੇਣ ਦੀ ਬਜਾਏ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤੇ ਉਨ੍ਹਾਂ ਨਾਲ ਵੀ ਸੰਪਰਕ ਕਰਨ। ਉਹ ਮੌਕੇ 'ਤੇ ਪਹੁੰਚ ਕੇ ਅਜਿਹੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਵਾਉਣਗੇ।
-ਨਾਜਾਇਜ਼ ਵਸੂਲੀ ਕਰਨ ਵਾਲਿਆਂ ਦੇ ਹੋਵੇਗੀ ਕਾਰਵਾਈ : ਥਾਣਾ ਮੁਖੀ
ਇਸ ਮਾਮਲੇ ਸਬੰਧੀ ਜਦੋਂ ਥਾਣਾ ਦਰੇਸੀ ਦੇ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨਾਲ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਜਲਦ ਹੀ ਪੁਲਿਸ ਟੀਮ ਦੀ ਡਿਊਟੀ ਲਗਾ ਕੇ ਛੱਠ ਪੂਜਾ ਦੀ ਮੰਡੀ ਦਾ ਨਿਰੀਖਣ ਕਰਵਾਉਣਗੇ ਅਤੇ ਉੱਥੇ ਫੜ੍ਹੀਆਂ ਲਾਉਣ ਵਾਲੇ ਵਿਕਰੇਤਾਵਾਂ ਨਾਲ ਗੱਲ ਕਰਕੇ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਪੁਲਿਸ ਜਾਂ ਹੋਰ ਅਧਿਕਾਰੀਆਂ ਦੇ ਨਾਂ 'ਤੇ ਕਿਸੇ ਤੋਂ ਪੈਸੇ ਵਸੂਲਦਾ ਪਾਇਆ, ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।