- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਬੌਟਮ-ਆਪ ਦੀ ਪਹਿਲੀ ਸੂਚੀ ਵਿੱਚ ਕੈਬਨਿਟ ਮੰਤਰੀ ਮੁੰਡੀਆਂ ਦਾ ਨਾਮ ਨਾ ਆਉਣ ਨਾਲ ਸਾਹਨੇਵਾਲ ਦੀ ਸਿਆਸਤ ’ਚ ਹਲਚਲ

1 ਦਾ ਬੌਟਮ) -ਗਰੇਵਾਲ, ਰਾਜੀ ਤੇ ਖ਼ਾਲਸਾ ਦੇ ਹੌਸਲੇ ਬੁਲੰਦ, ਟਿਕਟ ਲਈ ਸਰਗਰਮੀਆਂ ਤੇਜ਼
ਰਵੀ ਭਾਟੀਆ, ਪੰਜਾਬੀ ਜਾਗਰਣ, ਲੁਧਿਆਣਾ/ਸਾਹਨੇਵਾਲ
ਸਾਹਨੇਵਾਲ ਵਿਧਾਨ ਸਭਾ ਹਲਕੇ ਦੀ ਸਿਆਸਤ ਵਿੱਚ ਉਸ ਵੇਲੇ ਨਵੀਂ ਚਰਚਾ ਛਿੜ ਗਈ, ਜਦੋਂ ‘ਆਪ’ ਵੱਲੋਂ ਜਾਰੀ ਕੀਤੀ ਪਹਿਲੀ ਉਮੀਦਵਾਰ ਸੂਚੀ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਨਾਮ ਸ਼ਾਮਲ ਨਹੀਂ ਹੋਇਆ। ਮੁੰਡੀਆਂ ਦੇ ਨਾਮ ਨੂੰ ਲੈ ਕੇ ਲੰਮੇ ਸਮੇਂ ਤੋਂ ਹਲਕੇ ਵਿੱਚ ਸਿਆਸੀ ਚਰਚਾਵਾਂ ਚੱਲ ਰਹੀਆਂ ਸਨ, ਪਰ ਪਹਿਲੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਨਾ ਆਉਣ ਤੋਂ ਬਾਅਦ ਹੋਰ ਦਾਅਵੇਦਾਰਾਂ ਦੀਆਂ ਉਮੀਦਾਂ ਨੂੰ ਬਲ ਮਿਲਿਆ ਹੈ। ਹਲਕੇ ਤੋਂ ਟਿਕਟ ਦੇ ਪ੍ਰਮੁੱਖ ਦਾਅਵੇਦਾਰਾਂ ਵਿੱਚ ਉੱਘੇ ਸਮਾਜਸੇਵੀ ਤੇ ਸਰਪੰਚ ਕਰਮਜੀਤ ਸਿੰਘ ਗਰੇਵਾਲ, ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਅਤੇ ਟਕਸਾਲੀ ਆਗੂ ਪ੍ਰਦੀਪ ਸਿੰਘ ਖਾਲਸਾ ਦੇ ਨਾਮ ਖਾਸ ਤੌਰ 'ਤੇ ਚਰਚਾ ਵਿੱਚ ਹਨ। ਪਹਿਲੀ ਸੂਚੀ ਤੋਂ ਬਾਅਦ ਇਨ੍ਹਾਂ ਆਗੂਆਂ ਅਤੇ ਉਨ੍ਹਾਂ ਦੇ ਹਮਾਇਤੀਆਂ ਵੱਲੋਂ ਹਲਕੇ ਵਿੱਚ ਆਪਣੀਆਂ ਸਿਆਸੀ ਤੇ ਸਮਾਜਿਕ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾ ਰਿਹਾ ਹੈ।
-ਬਾਕਸ-
-ਮੁੰਡੀਆਂ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਚਰਚਾ ਗਰਮ
ਸਾਹਨੇਵਾਲ ਹਲਕੇ ਦੇ ਸਿਆਸੀ ਗਲਿਆਰਿਆਂ ’ਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਕੰਮਕਾਜ ਅਤੇ ਹਲਕੇ ਨਾਲ ਜੁੜੇ ਕਈ ਮੁੱਦਿਆਂ ਨੂੰ ਲੈ ਕੇ ਵੀ ਚਰਚਾਵਾਂ ਚੱਲ ਰਹੀਆਂ ਹਨ। ਹਲਕੇ ਵਿੱਚ ਮੁੱਖ ਮੰਤਰੀ ਖੇਡ ਮੈਦਾਨ ਨਾਲ ਸਬੰਧਤ ਕੰਮਾਂ ਨੂੰ ਲੈ ਕੇ ਉਠੇ ਸਵਾਲਾਂ ਅਤੇ ਪੰਚਾਇਤਾਂ ਦੇ ਵਿਕਾਸ ਕਾਰਜਾਂ ਦੀ ਪ੍ਰਕਿਰਿਆ ਨੂੰ ਲੈ ਕੇ ਵੀ ਸਥਾਨਕ ਪੱਧਰ 'ਤੇ ਚਰਚਾ ਰਹੀ ਹੈ। ਕੁੱਝ ਪੰਚਾਇਤ ਪ੍ਰਤੀਨਿਧੀਆਂ ਅਤੇ ਖਾਸ ਕਰਕੇ ਸਰਪੰਚਾਂ ਵੱਲੋਂ ਵਿਕਾਸ ਕਾਰਜਾਂ ਦੇ ਢੰਗ-ਤਰੀਕਿਆਂ ਨੂੰ ਲੈ ਕੇ ਨਾਰਾਜ਼ਗੀ ਦੀਆਂ ਗੱਲਾਂ ਵੀ ਸਿਆਸੀ ਗਲਿਆਰਿਆਂ ’ਚ ਸੁਣਨ ਨੂੰ ਮਿਲ ਰਹੀਆਂ ਹਨ। ਮੁੱਖ ਮੰਤਰੀ ਖੇਡ ਮੈਦਾਨਾਂ ਵਿੱਚ ਵੀ ਠੇਕੇਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਧਾਂਦਲੀਆਂ ਦੀ ਚਰਚਾ ਤਾਂ ਹੋ ਹੀ ਰਹੀ ਹੈ ਸਗੋਂ ਪੰਚਾਇਤਾਂ ਦੇ ਕੰਮ ਸਿੱਧੇ ਠੇਕੇਦਾਰਾ ਕੋਲ ਪੇਮਟਾਂ ਜਾਣ ਕਰਕੇ ਵੀ ਕਈ ਸਰਪੰਚ ਤੇ ਪੰਚਾਇਤਾਂ ਨਾਰਾਜ਼ ਦੱਸੀਆਂ ਜਾ ਰਹੀਆਂ ਹਨ।
-ਬਾਕਸ-
-ਕਰਮਜੀਤ ਸਿੰਘ ਗਰੇਵਾਲ ਦੀ ਦਾਅਵੇਦਾਰੀ ਚਰਚਾ ’ਚ
ਸਰਪੰਚ ਕਰਮਜੀਤ ਸਿੰਘ ਗਰੇਵਾਲ ਸਾਹਨੇਵਾਲ ਹਲਕੇ ਵਿੱਚ ਆਪਣੀਆਂ ਸਮਾਜਿਕ ਸਰਗਰਮੀਆਂ ਅਤੇ ਲੋਕਾਂ ਨਾਲ ਸਿੱਧੇ ਸੰਪਰਕ ਕਾਰਨ ਚਰਚਾ ਵਿੱਚ ਹਨ। ਸਮਾਜਸੇਵਾ ਅਤੇ ਹਲਕੇ ਦੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਰਹਿਣ ਨੂੰ ਉਨ੍ਹਾਂ ਦੀ ਮੁੱਖ ਤਾਕਤ ਮੰਨਿਆ ਜਾ ਰਿਹਾ ਹੈ। ਗਰੇਵਾਲ ਦੇ ਹਮਾਇਤੀਆਂ ਨੇ ਕਿਹਾ ਕਿ ਗਰੇਵਾਲ ਪਰਿਵਾਰ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਨਾਲ ਜੁੜਿਆ ਹੋਇਆ ਹੈ ਤੇ ਸਮਾਜਿਕ ਕੰਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਿਹਾ ਹੈ। ਇਸ ਤੋਂ ਇਲਾਵਾ ਗਰੇਵਾਲ ਦੇ ਐਨਆਰਆਈ ਸਪੁੱਤਰ ਦਵਿੰਦਰ ਸਿੰਘ ਗਰੇਵਾਲ ਦੀ ਪਾਰਟੀ ਹਾਈ ਕਮਾਂਡ ’ਚ ਚੰਗੀ ਪਕੜ ਦੱਸੀ। ਕਿਉਂਕਿ ਜਿਸ ਅੰਨਾ ਅੰਦੋਲਨ ਤੋਂ ਬਾਅਦ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਉਸ ਤੋਂ ਬਾਅਦ ਦਵਿੰਦਰ ਸਿੰਘ ਗਰੇਵਾਲ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਕੋਲ ਪਾਰਟੀ ਦਾ ਕਾਫੀ ਪ੍ਰਚਾਰ ਵੀ ਕੀਤਾ ਗਿਆ ਸੀ ਅਤੇ ਪਾਰਟੀ ਦੀ ਆਰਥਿਕ ਮਦਦ ਵੀ ਕਰਵਾਈ ਗਈ ਸੀ। ਪਿਛਲੇ ਸਮੇਂ ’ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅੰਦਰ ਵੀ ਹਲਕਾ ਸਾਹਨੇਵਾਲ ਵਿੱਚ ਜ਼ਿਲ੍ਹਾ ਪਰਿਸ਼ਦ ਦੀਆਂ ਤਿੰਨ ਸੀਟਾਂ ਵਿੱਚੋਂ ਇੱਕੋ-ਇਕ ਸੀਟ ਗਰੇਵਾਲ ਪਰਿਵਾਰ ਨੇ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਲਾਜ ਬਚਾਈ ਸੀ।
-ਬਾਕਸ-
-ਹੇਮਰਾਜ ਰਾਜੀ ਵੀ ਮਜ਼ਬੂਤ ਦਾਅਵੇਦਾਰਾਂ ’ਚ ਸ਼ਾਮਲ
ਮਾਰਕੀਟ ਕਮੇਟੀ ਸਾਹਨੇਵਾਲ ਦੇ ਚੇਅਰਮੈਨ ਹੇਮਰਾਜ ਰਾਜੀ ਨੂੰ ਵੀ ਹਲਕੇ ਵਿੱਚ ਇੱਕ ਸਰਗਰਮ ਅਤੇ ਸੰਗਠਨ ਨਾਲ ਜੁੜੇ ਆਗੂ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ ਵਰਕਰਾਂ ਅਤੇ ਸਥਾਨਕ ਪੱਧਰ 'ਤੇ ਉਨ੍ਹਾਂ ਦੀ ਪਕੜ ਨੂੰ ਉਨ੍ਹਾਂ ਦੀ ਦਾਅਵੇਦਾਰੀ ਦੀ ਇੱਕ ਵੱਡੀ ਤਾਕਤ ਮੰਨਿਆ ਜਾ ਰਿਹਾ ਹੈ। ਰਾਜੀ ਗੁਜਰ ਸਮਾਜ ਵਿੱਚੋਂ ਆਉਂਦੇ ਹਨ ਅਤੇ ਇਸ ਸਮਾਜ ਦੀ ਪੰਜਾਬ ਦੇ ਕਰੀਬ ਇੱਕ ਹਲਕਿਆਂ ਦੇ ਵਿੱਚ ਵੱਡੀ ਵੋਟ ਬੈਂਕ ਹੈ। ਜੋ ਕਿਸੇ ਵੀ ਪਾਰਟੀ ਦੀ ਜਿੱਤ ਹਾਰ ਵਿੱਚ ਆਪਣਾ ਅਹਿਮ ਰੋਲ ਅਦਾ ਕਰ ਸਕਦੀ ਹੈ ਪਹਿਲੀ ਸੂਚੀ ਵਿੱਚ ਕੈਬਨਿਟ ਮੰਤਰੀ ਮੁੰਡੀਆਂ ਦਾ ਨਾਮ ਨਾ ਆਉਣ ਤੋਂ ਬਾਅਦ ਰਾਜੀ ਦੇ ਸਮਰਥਕਾਂ ਵਿੱਚ ਵੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਰਾਜੀ ਵੱਲੋਂ ਵੀ ਹਲਕੇ ਵਿੱਚ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਉਹ ਪਾਰਟੀ ਵਰਕਰਾਂ ਨਾਲ ਲਗਾਤਾਰ ਸੰਪਰਕ ’ਚ ਹਨ।
-ਅੰਨਾ ਅੰਦੋਲਨ ਤੋਂ ਪਾਰਟੀ ਨਾਲ ਜੁੜੇ ਪ੍ਰਦੀਪ ਸਿੰਘ ਖਾਲਸਾ ਵੀ ਮੈਦਾਨ ਵਿੱਚ
ਅੰਨਾ ਅੰਦੋਲਨ ਦੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਟਕਸਾਲੀ ਆਗੂ ਪ੍ਰਦੀਪ ਸਿੰਘ ਖਾਲਸਾ ਵੀ ਟਿਕਟ ਦੀ ਦੌੜ ਵਿੱਚ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਪੁਰਾਣੇ ਤੇ ਟਕਸਾਲੀ ਵਰਕਰਾਂ ਨਾਲ ਉਨ੍ਹਾਂ ਦੇ ਸੰਪਰਕ ਨੂੰ ਉਨ੍ਹਾਂ ਦੀ ਸਿਆਸੀ ਤਾਕਤ ਵਜੋਂ ਦੇਖਿਆ ਜਾ ਰਿਹਾ ਹੈ।ਖਾਲਸਾ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਹਲਕੇ ਵਿੱਚ ਕਿਸੇ ਨਵੇਂ ਚਿਹਰੇ ਜਾਂ ਪੁਰਾਣੇ ਅਤੇ ਸਰਗਰਮ ਵਰਕਰ ਨੂੰ ਚੋਣ ਮੈਦਾਨ ਵਿੱਚ ਭੇਜਦੀ ਹੈ ਤਾਂ ਪ੍ਰਦੀਪ ਖਾਲਸਾ ਸਭ ਤੋਂ ਮਜਬੂਤ ਦਾਵੇਦਾਰ ਮੰਨੇ ਜਾਂਦੇ ਹਨ।
-ਮਹਿਲਾ ਉਮੀਦਵਾਰ ਨੂੰ ਲੈ ਕੇ ਵੀ ਚਰਚਾ
ਸਾਹਨੇਵਾਲ ਵਿਧਾਨ ਸਭਾ ਹਲਕੇ ਦੀ ਟਿਕਟ ਕਿਸੇ ਮਹਿਲਾ ਆਗੂ ਨੂੰ ਦਿੱਤੇ ਜਾਣ ਦੀ ਸੰਭਾਵਨਾ ਨੂੰ ਲੈ ਕੇ ਵੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਚੱਲ ਰਹੀ ਹੈ। ਕਿਉਂਕਿ ‘ਆਪ’ ਵੱਲੋਂ ਲੁਧਿਆਣਾ ਦਿਹਾਤੀ ਤੇ ਸ਼ਹਿਰੀ ਨਾਲ ਸਬੰਧਿਤ ਮਹਿਲਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ਦੇ ਚਰਚੇ ਹਨ। ਇਸ ਲਈ ਜੇਕਰ ਮੌਜੂਦਾ ਮਹਿਲਾ ਵਿਧਾਇਕਾ ਦੀਆਂ ਟਿਕਟਾਂ ਕੱਟੀਆਂ ਜਾਂਦੀਆਂ ਹਨ, ਤਾਂ ਉਹਨਾਂ ਦੀ ਥਾਂ ਦੂਜਿਆਂ ਹਲਕਿਆਂ ਵਿੱਚ ਮਹਿਲਾ ਆਗੂਆਂ ਨੂੰ ਉਮੀਦਵਾਰ ਬਣਾਉਣਾ ਪਾਰਟੀ ਹਾਈ ਕਮਾਂਡ ਲਈ ਜ਼ਰੂਰੀ ਤੇ ਮਜਬੂਰੀ ਬਣ ਜਾਵੇ। ਇਸ ਲਈ ਹਲਕਾ ਸਾਹਨੇਵਾਲ ਅੰਦਰ ਮਹਿਲਾ ਆਗੂ ਨੂੰ ਉਮੀਦਵਾਰ ਦੀ ਵੀ ਚਰਚਾ ਹੋ ਰਹੀ ਹੈ। ਜੇਕਰ ਪਾਰਟੀ ਕਿਸੇ ਮਹਿਲਾ ਆਗੂ ਤੇ ਇਸ ਵਾਰ ਦਾ ਖੇਡਣਾ ਚਾਹਿਆ ਤਾਂ ਗਰੇਵਾਲ ਪਰਿਵਾਰ ਨਾਲ ਸਬੰਧਤ ਜ਼ਿਲ੍ਹਾ ਪਰਿਸ਼ਦ ਮੈਂਬਰ ਗਿਆਨਪ੍ਰੀਤ ਗਰੇਵਾਲ ਦਾ ਨਾਮ ਵੀ ਸਾਹਮਣੇ ਆ ਸਕਦਾ ਹੈ।
ਬਲਾਕ ਸੰਮਤੀ ਮੈਂਬਰ ਹਰਪ੍ਰੀਤ ਕੌਰ ਗਰੇਵਾਲ ਨੂੰ ਵੀ ਇਕ ਸਰਗਰਮ ਮਹਿਲਾ ਆਗੂ ਵਜੋਂ ਦੇਖਿਆ ਜਾ ਰਿਹਾ ਹੈ। ਉਹ ਲੁਧਿਆਣਾ ਦਿਹਾਤੀ ਮਹਿਲਾ ਵਿੰਗ ਦੀ ਪ੍ਰਧਾਨ ਹੋਣ ਦੇ ਨਾਲ-ਨਾਲ ਸੂਬਾ ਕਾਰਜਕਾਰਨੀ ਨਾਲ ਵੀ ਜੁੜੇ ਹੋਏ ਹਨ। ਹਲਕੇ ’ਚ ਉਨ੍ਹਾਂ ਦੀ ਸਰਗਰਮੀ ਤੇ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜਾਅ ਕਾਰਨ ਉਨ੍ਹਾਂ ਦੇ ਨਾਮ ਨੂੰ ਵੀ ਸੰਭਾਵਿਤ ਦਾਅਵੇਦਾਰਾਂ ਵਿੱਚ ਸ਼ਾਮਲ ਕਰਕੇ ਦੇਖਿਆ ਜਾ ਰਿਹਾ ਹੈ। ਪਾਰਟੀ ਵੱਲੋਂ ਪੰਜਾਬ ਦੀਆਂ ਹੋਰ ਸੀਟਾਂ 'ਤੇ ਵੀ ਮਹਿਲਾ ਉਮੀਦਵਾਰਾਂ ਨੂੰ ਮੌਕਾ ਦਿੱਤੇ ਜਾਣ ਦੀ ਰਣਨੀਤੀ ਨੂੰ ਧਿਆਨ ’ਚ ਰੱਖਦਿਆਂ ਸਾਹਨੇਵਾਲ ਹਲਕੇ ਵਿੱਚ ਵੀ ਕਿਸੇ ਮਹਿਲਾ ਚਿਹਰੇ ਨੂੰ ਅੱਗੇ ਲਿਆਂਦੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਅੰਤਿਮ ਫੈਸਲੇ 'ਤੇ ਸਭ ਦੀ ਨਜ਼ਰ
ਸਾਹਨੇਵਾਲ ਹਲਕੇ ’ਚ ਹੁਣ ਸਭ ਦੀਆਂ ਨਜ਼ਰਾਂ ਪਾਰਟੀ ਦੀ ਅਗਲੀ ਉਮੀਦਵਾਰ ਸੂਚੀ ਅਤੇ ਹਾਈਕਮਾਨ ਦੇ ਅੰਤਿਮ ਫੈਸਲੇ 'ਤੇ ਟਿਕੀਆਂ ਹੋਈਆਂ ਹਨ। ਪਹਿਲੀ ਸੂਚੀ ਵਿੱਚ ਕੈਬਨਿਟ ਮੰਤਰੀ ਮੁੰਡੀਆਂ ਦਾ ਨਾਮ ਨਾ ਆਉਣ ਕਾਰਨ ਹਲਕੇ ਦੀ ਸਿਆਸਤ ’ਚ ਨਵੇਂ ਸਮੀਕਰਨ ਬਣਦੇ ਨਜ਼ਰ ਆ ਰਹੇ ਹਨ। ਇਕ ਪਾਸੇ ਮੁੰਡੀਆਂ ਦੇ ਸਮਰਥਕ ਅਗਲੀ ਸੂਚੀ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਹੋਣ ਦੀ ਉਮੀਦ ਜਤਾ ਰਹੇ ਹਨ, ਜਦਕਿ ਦੂਜੇ ਪਾਸੇ ਕਰਮਜੀਤ ਸਿੰਘ ਗਰੇਵਾਲ, ਹੇਮਰਾਜ ਰਾਜੀ ਤੇ ਪ੍ਰਦੀਪ ਸਿੰਘ ਖਾਲਸਾ ਵਰਗੇ ਦਾਅਵੇਦਾਰਾਂ ਨੇ ਆਪਣੀਆਂ ਸਿਆਸੀ ਸਰਗਰਮੀਆਂ ਹੋਰ ਤੇਜ਼ ਕੀਤੀਆਂ ਹਨ। ਹੁਣ ਆਉਣ ਵਾਲੇ ਦਿਨਾਂ ’ਚ ਪਾਰਟੀ ਵੱਲੋਂ ਉਮੀਦਵਾਰਾਂ ਦਾ ਅੰਤਿਮ ਐਲਾਨ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਪਾਰਟੀ ਸਾਹਨੇਵਾਲ ਹਲਕੇ ’ਚ ਮੁੰਡੀਆਂ 'ਤੇ ਇਕ ਵਾਰ ਫਿਰ ਭਰੋਸਾ ਜਤਾਉਂਦੀ ਹੈ ਜਾਂ ਫਿਰ ਕਿਸੇ ਨਵੇਂ ਦਾਅਵੇਦਾਰ ਨੂੰ ਮੌਕਾ ਦਿੰਦੀ ਹੈ।