- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਈਲ ਨੰਬਰ 21 ਦੀ ਫੋਟੋ

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ
ਦੀਵਾਲੀ ਦਾ ਤਿਉਹਾਰ ਖੁਸ਼ੀਆਂ ਵੰਡਣ ਅਤੇ ਇਕ-ਦੂਜੇ ਦੇ ਚਿਹਰਿਆਂ ’ਤੇ ਮੁਸਕਾਨ ਲਿਆਉਣ ਦਾ ਪ੍ਰਤੀਕ ਹੈ। ਇਸੇ ਤਿਉਹਾਰੀ ਮਾਹੌਲ ਦੌਰਾਨ ਲੁਧਿਆਣਾ ਪੁਲਿਸ ਨੇ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੇ ਸੈਂਕੜੇ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਦੋਗੁਣਾ ਕਰ ਦਿੱਤਾ। ਸ਼ਹਿਰ ਵਿੱਚ ਮੋਬਾਈਲ ਚੋਰੀ, ਝਪਟਮਾਰੀ ਅਤੇ ਵੱਖ-ਵੱਖ ਕਾਰਨਾਂ ਕਰਕੇ ਆਪਣੇ ਮੋਬਾਈਲ ਫੋਨ ਗੁਆਉਣ ਵਾਲੇ ਲੋਕਾਂ ਲਈ ਪੁਲਿਸ ਦੀ ਇਹ ਕਾਰਵਾਈ ਕਿਸੇ ਵੱਡੇ ਤੋਹਫ਼ੇ ਤੋਂ ਘੱਟ ਨਹੀਂ ਰਹੀ। ਪੁਲਿਸ ਨੇ ਵਿਸ਼ੇਸ਼ ਯਤਨਾਂ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ 700 ਮੋਬਾਈਲ ਫੋਨ ਬਰਾਮਦ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਸੌਂਪ ਦਿੱਤੇ। ਇਨ੍ਹਾਂ ਵਿੱਚ ਉਹ ਮੋਬਾਈਲ ਵੀ ਸ਼ਾਮਲ ਸਨ, ਜਿਹੜੇ ਲੋਕਾਂ ਦੇ ਹੱਥਾਂ ਵਿੱਚੋਂ ਝਪਟਮਾਰੀ ਕਰ ਕੇ ਖੋਹੇ ਗਏ ਸਨ, ਚੋਰੀ ਹੋ ਗਏ ਸਨ ਜਾਂ ਕਿਤੇ ਗੁੰਮ ਹੋ ਗਏ ਸਨ। ਦੀਵਾਲੀ ਮੌਕੇ ਜਦੋਂ ਲੋਕ ਆਪਣੇ ਘਰਾਂ ਵਿੱਚ ਤਿਉਹਾਰ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਸੇ ਸਮੇਂ ਪੁਲਿਸ ਦੀ ਇਸ ਸਫ਼ਲਤਾ ਨੇ ਉਨ੍ਹਾਂ ਲੋਕਾਂ ਨੂੰ ਵੀ ਖੁਸ਼ੀ ਮਨਾਉਣ ਦਾ ਮੌਕਾ ਦੇ ਦਿੱਤਾ, ਜਿਨ੍ਹਾਂ ਨੂੰ ਆਪਣੇ ਗੁਆਚੇ ਹੋਏ ਮੋਬਾਈਲ ਫੋਨ ਮੁੜ ਮਿਲਣ ਦੀ ਉਮੀਦ ਤੱਕ ਨਹੀਂ ਸੀ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਇਨਵੈਸਟੀਗੇਸ਼ਨ ਹਰਪਾਲ ਸਿੰਘ ਨੇ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ ਮੋਬਾਈਲ ਫੋਨ ਸਿਰਫ਼ ਗੱਲਬਾਤ ਕਰਨ ਦਾ ਸਾਧਨ ਨਹੀਂ ਰਹਿ ਗਿਆ, ਸਗੋਂ ਇਹ ਹਰ ਵਿਅਕਤੀ ਦੀ ਨਿੱਜੀ ਅਤੇ ਰੋਜ਼ਾਨਾ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ। ਮੋਬਾਈਲ ਵਿੱਚ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀਆਂ ਤਸਵੀਰਾਂ, ਵੀਡੀਓ, ਸੰਪਰਕ ਨੰਬਰ, ਜ਼ਰੂਰੀ ਦਸਤਾਵੇਜ਼ਾਂ ਤੋਂ ਲੈ ਕੇ ਕਈ ਤਰ੍ਹਾਂ ਦੀ ਮਹੱਤਵਪੂਰਨ ਜਾਣਕਾਰੀ ਸੁਰੱਖਿਅਤ ਹੁੰਦੀ ਹੈ। ਅਜਿਹੇ ਵਿੱਚ ਜਦੋਂ ਕਿਸੇ ਵਿਅਕਤੀ ਦਾ ਮੋਬਾਈਲ ਚੋਰੀ ਹੋ ਜਾਂਦਾ ਹੈ, ਝਪਟਮਾਰੀ ਦੌਰਾਨ ਖੋਹ ਲਿਆ ਜਾਂਦਾ ਹੈ ਜਾਂ ਲਾਪਰਵਾਹੀ ਕਾਰਨ ਕਿਤੇ ਗੁੰਮ ਹੋ ਜਾਂਦਾ ਹੈ ਤਾਂ ਉਸ ਨੂੰ ਸਿਰਫ਼ ਆਰਥਿਕ ਨੁਕਸਾਨ ਹੀ ਨਹੀਂ ਹੁੰਦਾ, ਸਗੋਂ ਉਸ ਦੀ ਨਿੱਜੀ ਜਾਣਕਾਰੀ ਅਤੇ ਜ਼ਿੰਦਗੀ ਨਾਲ ਜੁੜੀਆਂ ਅਹਿਮ ਯਾਦਾਂ ਵੀ ਖਤਰੇ ਵਿੱਚ ਪੈ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਗੁੰਮ, ਚੋਰੀ ਅਤੇ ਝਪਟਮਾਰੀ ਦੀਆਂ ਵਾਰਦਾਤਾਂ ਵਿੱਚ ਖੋਹੇ ਗਏ ਮੋਬਾਈਲ ਫੋਨਾਂ ਦੀ ਭਾਲ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ।
ਇਸ ਦੌਰਾਨ ਪੁਲਿਸ ਟੀਮਾਂ ਨੇ ਤਕਨੀਕੀ ਤਰੀਕਿਆਂ ਨਾਲ ਮੋਬਾਈਲ ਫੋਨਾਂ ਨੂੰ ਟਰੇਸ ਕਰਨ ਅਤੇ ਉਨ੍ਹਾਂ ਦੀ ਬਰਾਮਦਗੀ ਲਈ ਯਤਨ ਕੀਤੇ। ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਕੁੱਲ 700 ਮੋਬਾਈਲ ਫੋਨ ਬਰਾਮਦ ਕਰਨ ਵਿੱਚ ਸਫ਼ਲਤਾ ਹਾਸਲ ਹੋਈ, ਜਿਨ੍ਹਾਂ ਨੂੰ ਲੋੜੀਂਦੀ ਤਸਦੀਕ ਤੋਂ ਬਾਅਦ ਉਨ੍ਹਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤਾ ਗਿਆ। ਆਪਣੇ ਗੁਆਚੇ ਹੋਏ ਮੋਬਾਈਲ ਫੋਨ ਮੁੜ ਹੱਥਾਂ ਵਿੱਚ ਆਉਣ ’ਤੇ ਲੋਕਾਂ ਦੀ ਖੁਸ਼ੀ ਦੇਖਣਯੋਗ ਸੀ। ਕਈ ਅਜਿਹੇ ਵਿਅਕਤੀ ਵੀ ਸਨ, ਜਿਨ੍ਹਾਂ ਨੇ ਮੋਬਾਈਲ ਗੁਆਉਣ ਤੋਂ ਬਾਅਦ ਉਸ ਦੇ ਵਾਪਸ ਮਿਲਣ ਦੀ ਆਸ ਛੱਡ ਦਿੱਤੀ ਸੀ, ਪਰ ਪੁਲਿਸ ਦੀ ਇਸ ਕਾਰਵਾਈ ਨੇ ਉਨ੍ਹਾਂ ਦੀ ਉਮੀਦ ਨੂੰ ਮੁੜ ਜਿਉਂਦਾ ਕਰ ਦਿੱਤਾ। ਲੋਕਾਂ ਨੇ ਇਸ ਉਪਰਾਲੇ ਲਈ ਲੁਧਿਆਣਾ ਪੁਲਿਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਤਿਉਹਾਰ ਦੇ ਮੌਕੇ ਆਪਣੀ ਗੁਆਚੀ ਹੋਈ ਕੀਮਤੀ ਵਸਤੂ ਵਾਪਸ ਮਿਲਣਾ ਉਨ੍ਹਾਂ ਲਈ ਬੇਹੱਦ ਖੁਸ਼ੀ ਦੀ ਗੱਲ ਹੈ।
--
ਪੁਲਿਸ ਦੀ ਕਾਰਵਾਈ ਹੈ ਅਹਿਮ
ਲੁਧਿਆਣਾ ਪੁਲਿਸ ਦੀ ਇਹ ਕਾਰਵਾਈ ਇਸ ਪੱਖੋਂ ਵੀ ਅਹਿਮ ਹੈ ਕਿ ਮੋਬਾਈਲ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ ਵਿੱਚ ਪੀੜਤ ਵਿਅਕਤੀ ਨੂੰ ਅਕਸਰ ਦੋਹਰਾ ਨੁਕਸਾਨ ਝੱਲਣਾ ਪੈਂਦਾ ਹੈ। ਇਕ ਪਾਸੇ ਉਸ ਦੀ ਕੀਮਤੀ ਵਸਤੂ ਖੋਹੀ ਜਾਂਦੀ ਹੈ ਅਤੇ ਦੂਜੇ ਪਾਸੇ ਮੋਬਾਈਲ ਵਿੱਚ ਮੌਜੂਦ ਨਿੱਜੀ ਜਾਣਕਾਰੀ ਅਤੇ ਯਾਦਾਂ ਗੁਆਉਣ ਦਾ ਡਰ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਮੋਬਾਈਲ ਕਿਤੇ ਗੁੰਮ ਹੋ ਜਾਣ ਤੋਂ ਬਾਅਦ ਵੀ ਲੋਕਾਂ ਨੂੰ ਉਸ ਵਿੱਚ ਮੌਜੂਦ ਅਹਿਮ ਜਾਣਕਾਰੀ ਹਮੇਸ਼ਾ ਲਈ ਗੁਆਉਣ ਦਾ ਖਦਸ਼ਾ ਰਹਿੰਦਾ ਹੈ। ਅਜਿਹੇ ਵਿੱਚ 700 ਮੋਬਾਈਲ ਫੋਨਾਂ ਦੀ ਬਰਾਮਦਗੀ ਅਤੇ ਉਨ੍ਹਾਂ ਦੀ ਮਾਲਕਾਂ ਨੂੰ ਵਾਪਸੀ ਪੁਲਿਸ ਦੀ ਕਾਰਜਕੁਸ਼ਲਤਾ ਦੇ ਨਾਲ-ਨਾਲ ਲੋਕਾਂ ਦਾ ਪੁਲਿਸ ਪ੍ਰਤੀ ਭਰੋਸਾ ਮਜ਼ਬੂਤ ਕਰਨ ਵਾਲੀ ਕਾਰਵਾਈ ਸਾਬਤ ਹੋਈ ਹੈ। ਦੀਵਾਲੀ ਮੌਕੇ ਲੁਧਿਆਣਾ ਪੁਲਿਸ ਵੱਲੋਂ ਦਿੱਤਾ ਗਿਆ ਇਹ ਤੋਹਫ਼ਾ ਸੱਚਮੁੱਚ ਸੈਂਕੜੇ ਲੋਕਾਂ ਲਈ ਯਾਦਗਾਰ ਬਣ ਗਿਆ।