ਖਾਲਸਾ-ਏ-ਵਿਰਾਸਤੀ ਖੇਡਾਂ ’ਚ ਬੱਚਿਆਂ ਨੇ ਲਿਆ ਹਿੱਸਾ ਖਾਲਸਾ-ਏ-ਵਿਰਾਸਤੀ ਖੇਡਾਂ ’ਚ ਬੱਚਿਆਂ ਨੇ ਲਿਆ ਉਤਸ਼ਾਹ ਨਾਲ ਭਾਗ
Publish Date: Sat, 07 Nov 2026 05:58 PM (IST)
Updated Date: Sat, 07 Nov 2026 05:59 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਬੱਚਿਆਂ ਨੂੰ ਸਿੱਖ ਕੌਮ ਦੇ ਅਮੀਰ ਵਿਰਸੇ, ਗੌਰਵਮਈ ਇਤਿਹਾਸ ਅਤੇ ਰਵਾਇਤੀ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਕੌਮੀ ਵਿਰਸਾ ਸੰਭਾਲ ਸੇਵਾ ਸੋਸਾਇਟੀ ਵੱਲੋਂ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਗੁਰਦੁਆਰਾ ਦੁਖ ਭੰਜਨ ਸਾਹਿਬ ਜੱਸੀਆਂ ਭੱਟੀਆਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਖਾਲਸਾ-ਏ-ਵਿਰਾਸਤੀ ਖੇਡਾਂ ਦਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਵਿੱਚ 170 ਤੋਂ ਵੱਧ ਬੱਚਿਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਇਸ ਦੌਰਾਨ ਬੱਚਿਆਂ ਦੇ ਵੱਖ-ਵੱਖ ਉਮਰ ਵਰਗਾਂ ਲਈ ਦੌੜਾਂ, ਸ਼ਾਟਪੁੱਟ, ਰੱਸਾਕਸ਼ੀ, ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ, ਘੋੜਸਵਾਰੀ ਸਮੇਤ ਕਈ ਰਵਾਇਤੀ ਅਤੇ ਵਿਰਾਸਤੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ। ਗੱਤਕੇ ਦੇ ਜੌਹਰ ਸਮਾਗਮ ਦਾ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਬੱਚਿਆਂ ਨੇ ਆਪਣੀ ਫੁਰਤੀ, ਕਲਾ ਅਤੇ ਆਤਮ-ਵਿਸ਼ਵਾਸ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਬਲਿਹਾਰ ਸਿੰਘ ਜੀ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਉਨ੍ਹਾਂ ਨੂੰ ਅਜਿਹੇ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਬੀਬੀ ਇੰਦਰਜੀਤ ਕੌਰ ਅਤੇ ਬੀਬੀ ਹਰਦੀਪ ਕੌਰ ਨੇ ਜੱਜ ਸਾਹਿਬਾਨ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਈ। ਸਮਾਗਮ ਵਿੱਚ ਵਾਰਡ ਨੰਬਰ 94 ਦੇ ਕੌਂਸਲਰ ਸ੍ਰੀ ਅਮਨ ਬੱਗਾ ਖੁਰਾਨਾ ਅਤੇ ਵਾਰਡ ਨੰਬਰ 93 ਤੋਂ ਸ੍ਰੀ ਅਸ਼ੋਕ ਕੁਮਾਰ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਉਨ੍ਹਾਂ ਨੇ ਜੇਤੂ ਬੱਚਿਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਯੂਨਾਈਟਿਡ ਸਿੱਖ (ਪੰਜਾਬ) ਦੇ ਡਾਇਰੈਕਟਰ ਸ. ਅੰਮ੍ਰਿਤਪਾਲ ਸਿੰਘ ਵੀ ਆਪਣੀ ਟੀਮ ਸਮੇਤ ਪਹੁੰਚੇ ਅਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੀ ਸੰਚਾਲਕ ਅਮਨਪ੍ਰੀਤ ਕੌਰ ਨੇ ਪ੍ਰਬੰਧਕ ਕਮੇਟੀ, ਸੰਗਤ, ਸਹਿਯੋਗੀਆਂ ਅਤੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਮੁੱਖ ਮਕਸਦ ਬੱਚਿਆਂ ਨੂੰ ਸਿੱਖ ਵਿਰਸੇ ਨਾਲ ਜੋੜਨਾ, ਉਨ੍ਹਾਂ ਵਿੱਚ ਅਨੁਸ਼ਾਸਨ, ਖੇਡ ਭਾਵਨਾ ਅਤੇ ਆਤਮ-ਵਿਸ਼ਵਾਸ ਪੈਦਾ ਕਰਨਾ ਹੈ। ਇਸ ਮੌਕੇ ਜਸਪ੍ਰੀਤ ਸਿੰਘ, ਜਗਪ੍ਰੀਤ ਸਿੰਘ, ਪ੍ਰਵੇਸ਼ ਜੀ, ਸਰਬਜੀਤ ਸਿੰਘ, ਬਲਵਿੰਦਰ ਕੌਰ, ਹਰਪ੍ਰੀਤ ਕੌਰ ਨਰੂਲਾ, ਮਨਪ੍ਰੀਤ ਕੌਰ, ਅਮਨਦੀਪ ਸਿੰਘ, ਯੋਗਰਾਜ ਸਿੰਘ, ਕਮਲਪ੍ਰੀਤ ਸਿੰਘ, ਸਰਵਨ ਸਿੰਘ ਅਤੇ ਅਮਰਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।