ਸਮਾਜਸੇਵੀ ਗਰੇਵਾਲ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦੀ ਅਪੀਲ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਨੇ ਮੁਬਾਰਕਾਂ ਦਿੰਦਿਆਂ ਗ੍ਰੀਨ ਦੀਵਾਲੀ ਮਨਾਉਣ ਦੀ ਕੀਤੀ ਅਪੀਲ
Publish Date: Sat, 07 Nov 2026 05:48 PM (IST)
Updated Date: Sat, 07 Nov 2026 05:50 PM (IST)
ਰਵੀ ਭਾਟੀਆ, ਪੰਜਾਬੀ ਜਾਗਰਣ ਲੁਧਿਆਣਾ /ਸਾਹਨੇਵਾਲ ਉੱਘੇ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਨੇ ਬੰਦੀ ਛੋੜ ਦਿਵਸ, ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਸਾਫ ਸੁਥਰਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਲਈ ਗ੍ਰੀਨ ਦੀਵਾਲੀ ਮਨਾਉਣ। ਉਨ੍ਹਾਂ ਕਿਹਾ ਕਿ ਦੀਵਾਲੀ ਨੂੰ ਹਿੰਦੂ, ਸਿੱਖ ਅਤੇ ਬੋਧੀ ਭਾਵੇਂ ਅਪਣੇ ਅਪਣੇ ਧਰਮ ਨਾਲ ਜੋੜਕੇ ਮਨਾਉਂਦੇ ਹਨ ਪਰ ਸਦੀਆਂ ਤੋਂ ਮਨਾਇਆ ਜਾਂਦਾ ਦੀਵਾਲੀ ਦਾ ਤਿਉਹਾਰ ਸਹੀ ਅਰਥਾਂ ’ਚ ਰੋਸ਼ਨੀ ਦਾ ਤਿਉਹਾਰ ਹੈ। ਇਸ ਲਈ ਏਹ ਕਿਸੇ ਇੱਕ ਧਰਮ ਦਾ ਨਹੀਂ ਬਲਕਿ ਹਰ ਭਾਰਤਵਾਸੀ ਦਾ ਤਿਉਹਾਰ ਮੰਨਿਆ ਜਾਣਾ ਚਾਹੀਦਾ ਹੈ। ਪਹਿਲਾਂ ਇਸ ਤਿਉਹਾਰ ਨੂੰ ਲੋਕ ਘਰਾਂ ‘ਚ ਰੋਸ਼ਨੀ ਕਰ ਕੇ ਅਤੇ ਮਠਿਆਈਆਂ ਵੰਡਕੇ ਮਨਾਉਂਦੇ ਸਨ, ਅੱਗੇ ਜਾ ਕੇ ਇਸ ਖੁਸ਼ੀ ਨੂੰ ਹੋਰ ਵਧਾਉਣ ਲਈ ਪਟਾਕਿਆਂ ਦਾ ਇਸਤਿਮਾਲ ਹੋਣ ਲੱਗਾ ਜੋ ਅੱਜ ਸੇਹਤ ਲਈ ਮਾੜੇ ਸਾਬਿਤ ਹੋਣ ਲੱਗੇ ਹਨ। ਅੱਜ ਵਾਤਾਵਰਨ ਦੇ ਬਦਲੇ ਸਮੀਕਰਨਾਂ ਅਤੇ ਵਸੋਂ ਮੁਤਾਬਿਕ ਦਰੱਖਤਾਂ ਦੀ ਪ੍ਰਤੀਸ਼ਤਤਾ ਘੱਟ ਹੋਣ ਕਾਰਨ ਇਸ ਖੁਸ਼ੀ ਨੂੰ ਪਹਿਲਾਂ ਤੋਂ ਜਿਆਦਾ ਵਧਾਉਂਦੇ ਹੋਏ ਕੁਝ ਪਰਿਵਰਤਨ ਕਰਨ ਦੀ ਜਰੂਰਤ ਹੈ। ਹਰ ਭਾਰਤੀ ਗ੍ਰੀਨ ਦੀਵਾਲੀ ਦੇ ਰੂਪ ’ਚ ਏਹ ਤਿਉਹਾਰ ਮਨਾ ਕੇ ਅਜਿਹੇ ਪਰਿਵਰਤਨ ਅਪਣੇ ਪੱਧਰ ’ਤੇ ਕਰਦਾ ਹੋਇਆ ਪੌਣ-ਪਾਣੀ ਨੂੰ ਪ੍ਰਦੂਸ਼ਣ ਮੁਕਤ ਰੱਖ ਸਕਦਾ ਹੈ। ਖਾਸੀ ਨੇ ਕਿਹਾ ਇਸ ਵਾਰ ਦੀ ਦੀਵਾਲੀ ਨੂੰ ਗ੍ਰੀਨ ਦੀਵਾਲੀ ਕੇਵਲ ਪਟਾਕੇ ਨਾ ਚਲਾਕੇ ਹੀ ਨਹੀਂ ਬਲਕਿ ਹਰ ਵਿਆਕਤੀ ਨੂੰ ਆਪਣੇ ਨਾਮ ਦਾ ਇੱਕ ਬੂਟਾ ਲਗਾ ਕੇ ਵੀ ਮਨਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਅਪਣੇ ਪਿੰਡ ਤੋਂ ਬੀਤੇ ਕੱਲ ਏਹ ਸ਼ੁਰੂਆਤ ਲੋਕਾਂ ਨੂੰ ਮੁਫਤ ਬੂਟੇ ਵੰਡ ਕੇ ਕਰ ਦਿੱਤੀ ਹੈ। ਬੂਟੇ ਲੈਣ ਵਾਲਾ ਬੂਟੇ ਨੂੰ ਲਗਾਉਣ ਤੋਂ ਲੈਕੇ ਇਸਨੂੰ ਪਾਲਣ ਤੱਕ ਹਰ ਪ੍ਰਕਾਰ ਦਾ ਸਹਿਯੋਗ ਗ੍ਰਾਮ ਪੰਚਾਇਤ ਖਾਸੀ ਤੋਂ ਲੈ ਸਕਦਾ ਹੈ।