ਵੈਟਰਨਰੀ ’ਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਜਿੱਤੇ ਵੱਕਾਰੀ ਸਨਮਾਨ ਵੈਟਰਨਰੀ ’ਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਜਿੱਤੇ ਵੱਕਾਰੀ ਸਨਮਾਨ
Publish Date: Sat, 07 Nov 2026 05:31 PM (IST)
Updated Date: Sat, 07 Nov 2026 05:32 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵੈਟਰਨਰੀ ਸਾਇੰਸ ਕਾਲਜ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਦੇ ਅਧਿਆਪਕਾਂ ਅਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਨੇ ਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਉਨ੍ਹਾਂ ਮਹਾਰਾਸ਼ਟਰ ਦੇ ਪਰਭਣੀ ਵਿਖੇ ਐਸੋਸੀਏਸ਼ਨ ਆਫ਼ ਮੀਟ ਸਾਇੰਟਿਸਟਸ ਐਂਡ ਟੈਕਨੋਲੋਜਿਸਟਸ ਦੇ 8ਵੇਂ ਸੰਮੇਲਨ ਦੌਰਾਨ ਕਈ ਵੱਕਾਰੀ ਪੁਰਸਕਾਰ ਹਾਸਲ ਕੀਤੇ। ਡਾ. ਰਾਜੇਸ਼ ਵੀ. ਵਾਘ ਨੂੰ ਮੀਟ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਲਈ ਯੋਗਦਾਨ ਵਾਸਤੇ ਐਸੋਸੀਏਸ਼ਨ ਦੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ। ਉਨ੍ਹਾਂ ਦੀ ਅਗਵਾਈ ਹੇਠ ਖੋਜ ਕਰ ਰਹੇ ਡਾ. ਰੁਸ਼ੀਕੇਸ਼ ਪਾਟਿਲ ਨੂੰ ਸਰਵੋਤਮ ਐਮਵੀਐੱਸਸੀ. ਥੀਸਿਸ ਪੁਰਸਕਾਰ ਮਿਲਿਆ। ਇਸੇ ਤਰ੍ਹਾਂ ਰਵਨੀਤ ਕੌਰ, ਰੁਸ਼ੀਕੇਸ਼ ਪਾਟਿਲ ਅਤੇ ਦੀਪਿਕਾ ਜਮਾਦਾਰ ਨੇ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀਆਂ ਲਈ ਸਨਮਾਨ ਪ੍ਰਾਪਤ ਕੀਤੇ। ਡਾ. ਵਾਘ ਨੂੰ ਸਮਾਰਟਬਾਇਓਪੈਕ ਪ੍ਰੋਜੈਕਟ ਅਧੀਨ ਕੀਤੀ ਖੋਜ ਲਈ ਵੀ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਮਿਲਿਆ। ਇਹ ਪ੍ਰੋਜੈਕਟ ਪਸ਼ੂਧਨ ਉਤਪਾਦਾਂ ਲਈ ਨਵੀਨਤਮ ਅਤੇ ਟਿਕਾਊ ਪੈਕੇਜਿੰਗ ਹੱਲ ਵਿਕਸਿਤ ਕਰਨ ’ਤੇ ਕੇਂਦਰਿਤ ਹੈ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਡੀਨ ਡਾ. ਸਵਰਨ ਸਿੰਘ ਰੰਧਾਵਾ ਅਤੇ ਵਿਭਾਗ ਮੁਖੀ ਡਾ. ਨਿਤਿਨ ਮਹਿਤਾ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਖੋਜ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।