ਕਿਸਾਨ ਨਾਲ ਹੋਈ ਬਦਸਲੂਕੀ ਦੇ ਮਾਮਲੇ ’ਚ ਲਾਇਆ ਧਰਨਾ ਸਮਾਪਤ ਕਿਸਾਨ ਨਾਲ ਹੋਈ ਬਦਸਲੂਕੀ ਦੇ ਮਾਮਲੇ ’ਚ ਲਾਇਆ ਧਰਨਾ ਸਮਾਪਤ
Publish Date: Sat, 07 Nov 2026 05:30 PM (IST)
Updated Date: Sat, 07 Nov 2026 05:32 PM (IST)
ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ ਡੇਹਲੋਂ/ਆਲਮਗੀਰ ਕਿਸਾਨ ਨਾਲ ਹੋਈ ਬਦਸਲੂਕੀ ਦੇ ਮਾਮਲੇ ’ਚ ਕੰਪਨੀ ਖ਼ਿਲਾਫ਼ ਰੋਸ ਪ੍ਰਦਰਸ਼ਨ ਦੇ ਦੂਜੇ ਦਿਨ ਅਧਿਕਾਰੀਆਂ ਵੱਲੋਂ ਗਲਤੀ ਮੰਨਣ ’ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਜੁਗਰਾਜ ਸਿੰਘ ਮੰਡ ਨੇ ਕਿਹਾ ਕਿ ਪੰਜਾਬ ਦੀ ਧਰਤੀ ’ਤੇ ਕਿਸੇ ਵੀ ਕਾਰਪੋਰੇਟ ਘਰਾਣੇ ਜਾਂ ਸਰਕਾਰੀ ਅਧਿਕਾਰੀ ਨੂੰ ਕਿਸਾਨਾਂ ਨਾਲ ਧੱਕੇਸ਼ਾਹੀ ਕਰਨ ਅਤੇ ਉਨ੍ਹਾਂ ਨੂੰ ਬੇਵਜ੍ਹਾ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਾਣ-ਸਨਮਾਨ ਦੀ ਰਾਖੀ ਲਈ ਜਥੇਬੰਦੀ ਹਮੇਸ਼ਾ ਡਟ ਕੇ ਖੜ੍ਹੀ ਰਹੇਗੀ। ਜੁਗਰਾਜ ਸਿੰਘ ਮੰਡ ਨੇ ਦੱਸਿਆ ਕਿ ਪੀੜਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਆਪਣਾ ਮਿਨੀ ਰੋਟਾਵੇਟਰ ਠੀਕ ਕਰਵਾਉਣ ਲਈ ਕੰਪਨੀ ਕੋਲ ਲੈ ਕੇ ਗਿਆ ਸੀ। ਕਿਸਾਨ ਵੱਲੋਂ ਸੰਦ ਦੇ ਵਾਰ-ਵਾਰ ਖ਼ਰਾਬ ਹੋਣ ਸਬੰਧੀ ਸ਼ਿਕਾਇਤ ਕਰਨ ’ਤੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਕਥਿਤ ਤੌਰ ’ਤੇ ਉਸ ਨਾਲ ਮਾੜਾ ਵਿਵਹਾਰ ਕੀਤਾ ਗਿਆ ਅਤੇ ਇਤਰਾਜ਼ਯੋਗ ਸ਼ਬਦ ਬੋਲੇ ਗਏ। ਇੰਨਾ ਹੀ ਨਹੀਂ, ਕਿਸਾਨ ਨੂੰ ਕੰਪਨੀ ਤੋਂ ਬਾਹਰ ਕੱਢ ਕੇ ਗੇਟ ਬੰਦ ਕਰਨ ਦਾ ਵੀ ਦੋਸ਼ ਲਗਾਇਆ ਗਿਆ। ਇਸ ਦੌਰਾਨ ਪੀੜਤ ਕਿਸਾਨ ਖੁਸ਼ਦੀਪ ਸਿੰਘ ਬੈਂਸ ਨੇ ਦੱਸਿਆ ਕਿ ਦੂਜੇ ਦਿਨ ਦੇ ਧਰਨੇ ਦੌਰਾਨ ਕੰਪਨੀ ਅਧਿਕਾਰੀਆਂ ਵੱਲੋਂ ਆਪਣੀ ਗਲਤੀ ਸਵੀਕਾਰ ਕਰਦਿਆਂ ਪਹਿਲਾਂ ਬੋਲੇ ਗਏ ਗਲਤ ਸ਼ਬਦ ਵਾਪਸ ਲੈਣ ਅਤੇ ਮਾਮਲੇ ’ਤੇ ਅਫਸੋਸ ਪ੍ਰਗਟਾਉਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ਕਿਸਾਨਾਂ ਨੇ ਸਹਿਮਤੀ ਜਤਾਉਂਦਿਆਂ ਰੋਸ ਧਰਨਾ ਸਮਾਪਤ ਕਰ ਦਿੱਤਾ। ਇਸ ਮੌਕੇ ਸਾਬਕਾ ਸਰਪੰਚ ਜਸਵੀਰ ਸਿੰਘ ਜਸਦੇਵ ਨਗਰ, ਜਥੇਦਾਰ ਜਸਵੰਤ ਸਿੰਘ ਚਹਿਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਹਰਨਾਮਪੁਰਾ, ਤੇਜਿੰਦਰ ਸਿੰਘ ਬੈਂਸ, ਚਰਨਜੀਤ ਸਿੰਘ ਭੱਟੀ, ਮਨਦੀਪ ਸਿੰਘ ਸਿੱਧੂ, ਹਰਵਿੰਦਰ ਸਿੰਘ ਸੀ.ਓ. ਧਰੋੜ, ਯੂਨੀਅਨ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਢੀਂਡਸਾ ਹਾਜ਼ਰ ਸਨ।