ਵਾਤਾਵਰਣ ਸੰਭਾਲ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ ਵਾਤਾਵਰਣ ਸੰਭਾਲ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੱਦਾ
Publish Date: Sat, 07 Nov 2026 05:28 PM (IST)
Updated Date: Sat, 07 Nov 2026 05:29 PM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਦੀਵਾਲੀ ਦਾ ਤਿਉਹਾਰ ਹਮੇਸ਼ਾ ਹੀ ਸਾਨੂੰ ਸਾਂਝੀਵਾਲਤਾ ਤੇ ਆਪਸੀ ਪ੍ਰੇਮ ਪਿਆਰ ਦਾ ਸੁਨੇਹਾ ਦਿੰਦਾ ਹੈ। ਮੌਜੂਦਾ ਸਮੇਂ ਵਾਤਾਵਰਣ ਵਿਚ ਜਿਆਦਾ ਪ੍ਰਦੂਸ਼ਣ ਫੈਲਣ ਕਰ ਕੇ ਅੱਜ ਕੱਲ ਲੋਕਾਂ ਦਾ ਰੂਝਾਨ ਹੁਣ ਪ੍ਰਦੂਸ਼ਣ ਰਹਿਤ ਦੀਵਾਲੀ ਵੱਲ ਵੱਧ ਰਿਹਾ ਹੈ, ਜਿਸ ਕਾਰਨ ਹੁਣ ਕਈ ਸਮਾਜ ਸੇਵੀ ਸੰਗਠਨਾਂ, ਵਪਾਰੀਆਂ ਤੇ ਲੇਖਕਾਂ ਵੱਲੋਂ ਲੋਕਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਦਾ ਸੱਦਾ ਵੀ ਦਿੱਤਾ ਜਾ ਰਿਹਾ ਉਨ੍ਹਾਂ ਵੱਲੋਂ ਪੰਜਾਬੀ ਜਾਗਰਣ ਅਖ਼ਬਾਰ ਦੇ ਨਾਲ ਵਿਚਾਰ ਚਰਚਾ ਦੌਰਾਨ ਸਾਂਝੇ ਕੀਤੇ ਗਏ ਹਨ। ਗੱਲ ਕਰਦੇ ਹੋਏ ਲੇਖਿਕਾ ਡਾ.ਗੁਰਚਰਨ ਕੌਰ ਕੋਚਰ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ। ਸਾਨੂੰ ਇਸ ਪਵਿੱਤਰ ਤਿਉਹਾਰ ਨੂੰ ਵਾਤਾਵਰਣ ਦੀ ਸੰਭਾਲ ਨੂੰ ਧਿਆਨ ਵਿੱਚ ਰੱਖਦਿਆਂ ਮਨਾਉਣਾ ਚਾਹੀਦਾ ਹੈ। ਪਟਾਕਿਆਂ ਨਾਲ ਨਿਕਲਣ ਵਾਲਾ ਧੂੰਆਂ ਹਵਾ ਨੂੰ ਪ੍ਰਦੂਸ਼ਿਤ ਕਰਦਾ ਹੈ, ਜਿਸ ਨਾਲ ਮਨੁੱਖਾਂ ਦੇ ਨਾਲ-ਨਾਲ ਪਸ਼ੂ-ਪੰਛੀਆਂ ਦੀ ਸਿਹਤ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪਟਾਕੇ ਚਲਾਉਣ ਦੀ ਬਜਾਏ ਦੀਵੇ ਜਗਾ ਕੇ ਅਤੇ ਬੂਟੇ ਲਗਾ ਕੇ ਦੀਵਾਲੀ ਮਨਾਉਣੀ ਚਾਹੀਦੀ ਹੈ। ਹਰ ਵਿਅਕਤੀ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸਾਫ਼-ਸੁਥਰਾ ਵਾਤਾਵਰਣ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡਾ ਤੋਹਫ਼ਾ ਹੈ। --- ਸਿਹਤ ਦਾ ਖਿਆਲ ਰੱਖਦਿਆਂ ਪਟਾਕਿਆਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ; ਸੋਨਾ ਜਪਪ੍ਰਭ ਕ੍ਰੀਏਸ਼ਨ ਦੀ ਪ੍ਰਬੰਧਕ ਸ਼ਰਨਜੀਤ ਕੌਰ ਸੋਨਾ ਨੇ ਕਿਹਾ ਕਿ ਦੀਵਾਲੀ ਮੌਕੇ ਪਟਾਕਿਆਂ ਤੋਂ ਨਿਕਲਣ ਵਾਲਾ ਜ਼ਹਿਰੀਲਾ ਧੂੰਆਂ ਅਤੇ ਤੇਜ਼ ਆਵਾਜ਼ ਮਨੁੱਖੀ ਸਿਹਤ ਲਈ ਬੇਹੱਦ ਨੁਕਸਾਨਦੇਹ ਹਨ। ਇਸ ਨਾਲ ਸਾਹ ਦੇ ਮਰੀਜ਼ਾਂ, ਬਜ਼ੁਰਗਾਂ, ਬੱਚਿਆਂ ਅਤੇ ਦਿਲ ਦੇ ਰੋਗੀਆਂ ਨੂੰ ਵਧੇਰੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਟਾਕਿਆਂ ਦਾ ਧੂੰਆਂ ਸਾਹ ਪ੍ਰਣਾਲੀ ਨੂੰ ਪ੍ਰਭਾਵਿਤ ਕਰਨ ਦੇ ਨਾਲ ਅੱਖਾਂ ਅਤੇ ਗਲੇ ’ਚ ਜਲਣ ਵੀ ਪੈਦਾ ਕਰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਦੂਜਿਆਂ ਦੀ ਸਿਹਤ ਦਾ ਖਿਆਲ ਰੱਖਦਿਆਂ ਪਟਾਕਿਆਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਖੁਸ਼ੀਆਂ ਮਨਾਉਣ ਦਾ ਅਸਲ ਮਕਸਦ ਕਿਸੇ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣਾ ਨਹੀਂ, ਸਗੋਂ ਸਾਰਿਆਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਉਣਾ ਹੈ। --- ਪਟਾਕੇ ਨਾ ਚਲਾਉਣ ਲਈ ਕਰਨਾ ਚਾਹੀਦੈ ਪ੍ਰੇਰਿਤ : ਪ੍ਰਭ ਕਿਰਨ ਲੇਖਕ ਪ੍ਰਭ ਕਿਰਨ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਦੀਵਾਲੀ ਸਾਨੂੰ ਹਨੇਰੇ ਉੱਤੇ ਚਾਨਣ ਅਤੇ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਸੰਦੇਸ਼ ਦਿੰਦੀ ਹੈ। ਇਸ ਲਈ ਇਸ ਤਿਉਹਾਰ ਨੂੰ ਪਟਾਕਿਆਂ ਅਤੇ ਸ਼ੋਰ-ਸ਼ਰਾਬੇ ਨਾਲ ਜੋੜਨ ਦੀ ਬਜਾਏ ਗਿਆਨ, ਸੇਵਾ ਅਤੇ ਸਾਂਝੀਵਾਲਤਾ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਵਾਤਾਵਰਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਬੱਚਿਆਂ ਨੂੰ ਆਪਣੇ ਮਾਪਿਆਂ ਅਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਪਟਾਕੇ ਨਾ ਚਲਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਨੌਜਵਾਨਾਂ ਦੀ ਛੋਟੀ ਜਿਹੀ ਪਹਿਲ ਸਮਾਜ ਵਿੱਚ ਵੱਡੀ ਤਬਦੀਲੀ ਲਿਆ ਸਕਦੀ ਹੈ। -- ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਮਨਾਈ ਜਾਵੇ ਦੀਵਾਲੀ-ਮਾਨ ਸਿੰਘ ਐੱਲਆਈਸੀ ਦੇ ਮਾਨ ਸਿੰਘ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਆਪਸੀ ਪਿਆਰ, ਭਾਈਚਾਰੇ ਅਤੇ ਖੁਸ਼ੀਆਂ ਵੰਡਣ ਦਾ ਪ੍ਰਤੀਕ ਹੈ। ਸਾਨੂੰ ਇਸ ਮੌਕੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਕੇ ਅਤੇ ਉਨ੍ਹਾਂ ਨਾਲ ਖੁਸ਼ੀਆਂ ਸਾਂਝੀਆਂ ਕਰਕੇ ਤਿਉਹਾਰ ਦੀ ਅਸਲ ਭਾਵਨਾ ਨੂੰ ਕਾਇਮ ਰੱਖਣਾ ਚਾਹੀਦਾ ਹੈ। ਪਟਾਕਿਆਂ ਉੱਤੇ ਫ਼ਜ਼ੂਲ ਖਰਚ ਕਰਨ ਦੀ ਬਜਾਏ ਇਹ ਪੈਸਾ ਗਰੀਬ ਬੱਚਿਆਂ ਦੀ ਪੜ੍ਹਾਈ, ਬਜ਼ੁਰਗਾਂ ਦੀ ਸਹਾਇਤਾ ਅਤੇ ਸਮਾਜ ਭਲਾਈ ਦੇ ਕੰਮਾਂ ਉੱਤੇ ਖਰਚ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਦੀਵੇ ਜਗਾ ਕੇ, ਮਿਠਾਈਆਂ ਵੰਡ ਕੇ ਅਤੇ ਪਿਆਰ ਦਾ ਸੰਦੇਸ਼ ਦੇ ਕੇ ਮਨਾਈ ਦੀਵਾਲੀ ਹੀ ਸੱਚੇ ਅਰਥਾਂ ਵਿੱਚ ਖੁਸ਼ੀਆਂ ਭਰੀ ਦੀਵਾਲੀ ਹੋਵੇਗੀ। --- ਦੀਵੇ ਬਲਦੇ ਰਹਿਣ ਗਰਾਂ ਦੇ, ਹਾਸੇ ਫਲਦੇ ਰਹਿਣ ਗਰਾਂ ਦੇ : ਲੋਚੀ ਸ਼ਾਇਰ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਦੀਵਾਲੀ ਰੌਸ਼ਨੀਆਂ, ਖੁਸ਼ੀਆਂ ਅਤੇ ਆਪਸੀ ਸਾਂਝ ਦਾ ਮੁਕੱਦਸ ਤਿਉਹਾਰ ਹੈ। ਇਹ ਸਾਨੂੰ ਪਿਆਰ, ਏਕਤਾ ਅਤੇ ਨਵੀਂ ਉਮੀਦ ਦਾ ਸੰਦੇਸ਼ ਦਿੰਦਾ ਹੈ। ਦੁਨੀਆ ਭਰ ਵਿੱਚ ਪੰਜਾਬੀ ਅਤੇ ਭਾਰਤੀ ਇਸ ਤਿਉਹਾਰ ਨੂੰ ਬੜੇ ਚਾਅ ਨਾਲ ਮਨਾਉਂਦੇ ਹਨ। ਪਰ ਅੱਜ ਪਟਾਕਿਆਂ ਅਤੇ ਆਤਿਸ਼ਬਾਜ਼ੀ ਦਾ ਵਧਦਾ ਰੁਝਾਨ ਸਾਡੇ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਿਹਾ ਹੈ। ਇਸ ਲਈ ਸਾਨੂੰ ਦੀਵਾਲੀ ਦੀ ਅਸਲ ਭਾਵਨਾ ਨੂੰ ਸਮਝਦਿਆਂ ਪਟਾਕਿਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੀਵੇ ਜਗਾ ਕੇ ਗਰੀਨ ਦੀਵਾਲੀ ਮਨਾਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਵਾਤਾਵਰਨ ਯਕੀਨੀ ਬਣਾਉਣ ਦਾ ਸੰਕਲਪ ਲਈਏ। ਇਹ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।