- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਏਯੂ. ਦਾ ਅੰਤਰ ਕਾਲਜ ਯੁਵਕ ਮੇਲਾ ਧੂਮ-ਧੜੱਕੇ ਨਾਲ ਸਮਾਪਤ

-ਵਿਦਿਆਰਥੀਆਂ ਨੇ ਸਕਿੱਟ, ਮਿਮਿਕਰੀ, ਲੰਮੀ ਹੇਕ ਵਾਲੇ ਗੀਤ, ਗਿੱਧਾ ਤੇ ਭੰਗੜੇ ਨਾਲ ਮੋਹਿਆ ਦਰਸ਼ਕਾਂ ਦਾ ਮਨ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾ. ਏਐੱਸ. ਖਹਿਰਾ ਓਪਨ ਏਅਰ ਥੀਏਟਰ ਵਿਖੇ ਕਰਵਾਇਆ ਗਿਆ ਅੰਤਰ ਕਾਲਜ ਯੁਵਕ ਮੇਲਾ ਸ਼ੁੱਕਰਵਾਰ ਨੂੰ ਧੂਮ-ਧੜੱਕੇ ਤੇ ਸੱਭਿਆਚਾਰਕ ਰੰਗਤ ਨਾਲ ਸਮਾਪਤ ਹੋ ਗਿਆ। ਮੇਲੇ ਦੇ ਆਖਰੀ ਦਿਨ ਵਿਦਿਆਰਥੀਆਂ ਨੇ ਸਕਿੱਟ, ਮਿਮਿਕਰੀ, ਲੰਮੀ ਹੇਕ ਵਾਲੇ ਗੀਤ, ਗਿੱਧਾ ਅਤੇ ਭੰਗੜੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਪੀਏਯੂ. ਦੇ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਸਨ। ਗਾਇਕ ਕਰਮਜੀਤ ਅਨਮੋਲ ਅਤੇ ਅਦਾਕਾਰ ਹੌਬੀ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡਾ. ਧਾਲੀਵਾਲ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਮੁਕਾਬਲਿਆਂ ਵਿਚ ਜਿੱਤ-ਹਾਰ ਨਾਲੋਂ ਭਾਗ ਲੈਣਾ ਵਧੇਰੇ ਮਹੱਤਵਪੂਰਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਯੁਵਕ ਮੇਲੇ ਜਿਉਂਦੇ-ਜਾਗਦੇ ਪੰਜਾਬ ਦੀ ਅਸਲ ਤੇ ਰੰਗਲੀ ਤਸਵੀਰ ਹਨ। ਪੀਏਯੂ. ਨੇ ਪੰਜਾਬੀ ਕਲਾ ਅਤੇ ਸੱਭਿਆਚਾਰ ਨੂੰ ਅਨੇਕਾਂ ਨਾਮਵਰ ਕਲਾਕਾਰ ਦਿੱਤੇ ਹਨ ਅਤੇ ਆਸ ਹੈ ਕਿ ਮੌਜੂਦਾ ਵਿਦਿਆਰਥੀ ਵੀ ਆਪਣੀ ਵਿਲੱਖਣ ਪਛਾਣ ਬਣਾਉਣਗੇ। ਉਨ੍ਹਾਂ ਪੜ੍ਹਾਈ ਦੇ ਨਾਲ ਸਹਿ-ਗਤੀਵਿਧੀਆਂ ਨੂੰ ਵੀ ਸ਼ਖ਼ਸੀਅਤ ਦੇ ਵਿਕਾਸ ਲਈ ਜ਼ਰੂਰੀ ਦੱਸਿਆ। ਗਾਇਕ ਕਰਮਜੀਤ ਅਨਮੋਲ ਨੇ ਯੁਵਕ ਮੇਲਿਆਂ ਨੂੰ ਨੌਜਵਾਨ ਪ੍ਰਤਿਭਾ ਲਈ ਅਹਿਮ ਮੰਚ ਦੱਸਦਿਆਂ ਕਿਹਾ ਕਿ ਇਨ੍ਹਾਂ ਰਾਹੀਂ ਕਈ ਕਲਾਕਾਰਾਂ ਨੇ ਦੁਨੀਆ ਭਰ ਵਿੱਚ ਨਾਮਣਾ ਖੱਟਿਆ ਹੈ।
ਹੌਬੀ ਧਾਲੀਵਾਲ ਨੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਦੀ ਸੰਭਾਲ ਕਰਨ ਲਈ ਪ੍ਰੇਰਿਆ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੇਲੇ ਨੇ ਵਿਦਿਆਰਥੀਆਂ ਦੀ ਕਲਾ ਤੇ ਪ੍ਰਤਿਭਾ ਨੂੰ ਨਿਖਾਰਨ ਦਾ ਮੌਕਾ ਦਿੱਤਾ ਹੈ। ਮੁਕਾਬਲਿਆਂ ਦੇ ਨਤੀਜਿਆਂ ਵਿੱਚ ਜਨਰਲ ਕੁਇਜ਼ ਵਿੱਚ ਬੇਸਿਕ ਸਾਇੰਸ ਕਾਲਜ ਨੇ ਪਹਿਲਾ, ਖੇਤੀ ਇੰਜਨੀਅਰਿੰਗ ਕਾਲਜ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਗਰੁੱਪ ਲੋਕ ਨਾਚ ਵਿੱਚ ਖੇਤੀਬਾੜੀ ਕਾਲਜ ਪਹਿਲੇ, ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਦੂਜੇ ਤੇ ਬੇਸਿਕ ਸਾਇੰਸ ਕਾਲਜ ਤੀਜੇ ਸਥਾਨ ’ਤੇ ਰਿਹਾ। ਮੋਨੋਐਕਟਿੰਗ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਦੇ ਵੰਸ਼ ਸ਼ਰਮਾ ਪਹਿਲੇ, ਖੇਤੀਬਾੜੀ ਕਾਲਜ ਦੇ ਏਕਨੂਰ ਕੌਰ ਦੂਜੇ ਅਤੇ ਬੇਸਿਕ ਸਾਇੰਸ ਕਾਲਜ ਦੇ ਦਿਲਾਵਰ ਸਿੰਘ ਗਰੇਵਾਲ ਤੀਜੇ ਸਥਾਨ ’ਤੇ ਰਹੇ।
ਭੰਡ ਮੁਕਾਬਲੇ ਵਿੱਚ ਬੇਸਿਕ ਸਾਇੰਸ ਕਾਲਜ ਨੇ ਪਹਿਲਾ, ਖੇਤੀਬਾੜੀ ਕਾਲਜ ਨੇ ਦੂਜਾ ਅਤੇ ਬਾਗਬਾਨੀ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮਾਈਮ ਵਿੱਚ ਬੱਲੋਵਾਲ ਸੌਂਖੜੀ ਖੇਤੀਬਾੜੀ ਕਾਲਜ ਪਹਿਲੇ, ਕਮਿਊਨਿਟੀ ਸਾਇੰਸ ਕਾਲਜ ਦੂਜੇ ਅਤੇ ਬਾਗਬਾਨੀ ਤੇ ਖੇਤੀ ਜੰਗਲਾਤ ਕਾਲਜ ਤੀਜੇ ਸਥਾਨ ’ਤੇ ਰਿਹਾ। ਇਕਾਂਗੀ ਮੁਕਾਬਲੇ ਵਿੱਚ ਖੇਤੀ ਇੰਜਨੀਅਰਿੰਗ ਕਾਲਜ ਨੇ ਪਹਿਲਾ, ਖੇਤੀਬਾੜੀ ਕਾਲਜ ਨੇ ਦੂਜਾ ਅਤੇ ਬਾਗਬਾਨੀ ਕਾਲਜ ਨੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦਾ ਸੰਚਾਲਨ ਡਾ. ਆਸ਼ੂ ਤੂਰ, ਡਾ. ਹਿਨਾ ਗੋਇਲ ਤੇ ਡਾ. ਸਟਾਲਿਨਜੀਤ ਬਰਾੜ ਨੇ ਕੀਤਾ।