- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਰੂਰੀ ਖ਼ਬਰ-ਉਦਯੋਗਿਕ ਖੇਤਰਾਂ ਦੀ ਸੁਰੱਖਿਆ ਤੇ ਟ੍ਰੈਫਿਕ ਸਮੱਸਿਆਵਾਂ ਨੂੰ ਲੈ ਕੇ ਏਟੀਆਈਯੂ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਚਰਚਾ

ਜਰੂਰੀ ਖ਼ਬਰ)
-ਫੋਕਲ ਪੁਆਇੰਟ ’ਚ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਪੁਲਿਸ ਗਸ਼ਤ ਵਧਾਉਣ ਦੀ ਮੰਗ
ਪੁਨੀਤ ਬਾਵਾ, ਪੰਜਾਬੀ ਜਾਗਰਣ ਲੁਧਿਆਣਾ
ਐਸੋਸੀਏਸ਼ਨ ਆਫ਼ ਟਰੇਡ ਐਂਡ ਇੰਡਸਟਰੀਅਲ ਅੰਡਰਟੇਕਿੰਗਜ਼ (ਏਟੀਆਈਯੂ) ਵੱਲੋਂ ਆਪਣੇ ਦਫ਼ਤਰ ਵਿਖੇ ਦੀਵਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਦਯੋਗਿਕ ਖੇਤਰ ਅਤੇ ਫੋਕਲ ਪੁਆਇੰਟ ਨਾਲ ਸਬੰਧਤ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ। ਸਮਾਗਮ ਵਿੱਚ ਐੱਸਐੱਚਓ ਕੁਲਬੀਰ ਭਾਰਦਵਾਜ, ਕਪਿਲ ਸ਼ਰਮਾ, ਰਣਜੀਤ ਸਿੰਘ ਅਤੇ ਰਾਜੇਸ਼ ਲਾਲ ਨੇ ਸ਼ਿਰਕਤ ਕੀਤੀ। ਏਟੀਆਈਯੂ ਦੇ ਪ੍ਰਧਾਨ ਪੰਕਜ ਸ਼ਰਮਾ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਅਤ ਮਾਹੌਲ ਨਾਲ ਹੀ ਉਦਯੋਗਿਕ ਇਕਾਈਆਂ ਦੇ ਮੁਲਾਜ਼ਮ ਬਿਨਾਂ ਕਿਸੇ ਡਰ ਤੋਂ ਦੇਰ ਰਾਤ ਤੱਕ ਕੰਮ ਕਰ ਸਕਦੇ ਹਨ।
ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਨਿਲ ਸਚਦੇਵਾ ਨੇ ਫੋਕਲ ਪੁਆਇੰਟ ਵਿੱਚ ਵਿਗੜ ਰਹੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਉਦਯੋਗਿਕ ਖੇਤਰ ਵਿੱਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਪੁਲਿਸ ਗਸ਼ਤ ਵਧਾਉਣ ਤੇ ਕੰਮ-ਕਾਜ ਦੇ ਸਮੇਂ ਦੌਰਾਨ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕਰਨ ਦੀ ਲੋੜ ਹੈ। ਇਸ ਮੌਕੇ ਸੰਜੇ ਗੁਪਤਾ, ਸੰਜੀਵ ਗੁਪਤਾ ਅਤੇ ਅਨਿਲ ਗੁਪਤਾ ਨੇ ਉਦਯੋਗਿਕ ਖੇਤਰਾਂ ’ਚ ਗਲਤ ਪਾਰਕਿੰਗ ਦੀ ਸਮੱਸਿਆ ਉਠਾਈ। ਉਨ੍ਹਾਂ ਕਿਹਾ ਕਿ ਸੜਕਾਂ 'ਤੇ ਗਲਤ ਤਰੀਕੇ ਨਾਲ ਖੜ੍ਹੇ ਕੀਤੇ ਜਾਂਦੇ ਭਾਰੀ ਵਾਹਨਾਂ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤੇ ਸਨਅਤੀ ਕੰਮ-ਕਾਜ ਵਿੱਚ ਵੀ ਰੁਕਾਵਟ ਪੈਦਾ ਹੁੰਦੀ ਹੈ। ਅਜਿਹੇ ਵਾਹਨਾਂ ਦੀ ਆੜ ਵਿੱਚ ਸ਼ਰਾਰਤੀ ਅਨਸਰ ਵੀ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਸਕਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਨਾਜਾਇਜ਼ ਪਾਰਕਿੰਗ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਦਯੋਗਪਤੀਆਂ ਨੇ ਫੈਕਟਰੀ ਮਾਲਕਾਂ ਦੇ ਗਲਤ ਚਲਾਨ ਕੱਟਣ ਅਤੇ ਮਾਮੂਲੀ ਗੱਲਾਂ ਨੂੰ ਲੈ ਕੇ ਬੇਲੋੜਾ ਪ੍ਰੇਸ਼ਾਨ ਕਰਨ ਦੇ ਮਾਮਲੇ ਵੀ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੇ। ਉਨ੍ਹਾਂ ਕਿਹਾ ਕਿ ਪੁਲਿਸ ਤੇ ਸਨਅਤਕਾਰਾਂ ਵਿਚਾਲੇ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ ਤਾਂ ਜੋ ਉਦਯੋਗਿਕ ਇਕਾਈਆਂ ਅਤੇ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ। ਇਸ ਵਿਚਾਰ-ਚਰਚਾ ਦੌਰਾਨ ਉਦਯੋਗਿਕ ਖੇਤਰਾਂ ਦੀ ਸੁਰੱਖਿਆ, ਆਵਾਜਾਈ ਪ੍ਰਬੰਧਾਂ ਅਤੇ ਕਾਨੂੰਨ ਵਿਵਸਥਾ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਪੁਲਿਸ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਗਈ। ਸਮਾਗਮ ਵਿੱਚ ਸਬਲ ਗੁਪਤਾ, ਅਨਿਲ ਗੁਪਤਾ, ਕੈਪਟਨ ਆਰਕੇ ਮਿੱਤਲ, ਸੁਮਨ ਕਪਲਿਸ਼ ਅਤੇ ਸੰਜੇ ਗੁਪਤਾ ਸਮੇਤ ਏਟੀਆਈਯੂ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਏਟੀਆਈਯੂ ਦੇ ਇਸ ਸਮਾਗਮ ਦਾ ਮਕਸਦ ਉਦਯੋਗਿਕ ਭਾਈਚਾਰੇ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਾ ਅਤੇ ਉਦਯੋਗਿਕ ਖੇਤਰਾਂ ਵਿੱਚ ਸੁਰੱਖਿਅਤ ਤੇ ਕਾਰੋਬਾਰ ਪੱਖੀ ਮਾਹੌਲ ਬਣਾਉਣ ਲਈ ਸਾਂਝੇ ਯਤਨਾਂ ਨੂੰ ਉਤਸ਼ਾਹਿਤ ਕਰਨਾ ਸੀ।