ਇੰਡੀਅਨ ਪਬਲਿਕ ਸਕੂਲ ’ਚ ਮਨਾਇਆ ਦੀਪ ਉਤਸਵ ਇੰਡੀਅਨ ਪਬਲਿਕ ਸਕੂਲ ’ਚ ਦੀਪ ਉਤਸਵ ਮਨਾਇਆ
Publish Date: Fri, 06 Nov 2026 08:09 PM (IST)
Updated Date: Sat, 07 Nov 2026 04:05 AM (IST)
ਰਵੀ ਬਿਡਲਾ, ਪੰਜਾਬੀ ਜਾਗਰਣ, ਲੁਧਿਆਣਾ ਇੰਡੀਅਨ ਪਬਲਿਕ ਸਕੂਲ ’ਚ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਦੀਪ ਉਤਸਵ ਮਨਾਇਆ। ਇਸ ਮੌਕੇ ਪ੍ਰਾਇਮਰੀ ਵਿੰਗ ਦੇ ਮਾਨੀਟਰਾਂ ਅਤੇ ਪ੍ਰੀਫੈਕਟੋਰੀਅਲ ਬਾਡੀ ਦੇ ਮੈਂਬਰਾਂ ਨੇ ਮਨੁੱਖੀ ਲੜੀ ਬਣਾਕੇ ਦੀਵੇ ਦੀ ਸੁੰਦਰ ਆਕ੍ਰਿਤੀ ਤਿਆਰ ਕੀਤੀ। ਅਨੁਸ਼ਾਸ਼ਨ ਇੰਚਾਰਜ ਜਸਵਿੰਦਰ ਸਿੰਘ ਤੇ ਕਿਰਨ ਅਧਿਕਾਰੀ ਦੇ ਸੁਚੱਜੇ ਮਾਰਗਦਰਸ਼ਨ ਹੇਠ ਕਰਵਾਈ ਗਈ ਇਸ ਗਤੀਵਿਧੀ ਰਾਹੀਂ ਵਿਦਿਆਰਥੀਆਂ ਨੇ ਸਮਾਜ ’ਚ ਫੈਲੇ ਭ੍ਰਿਸ਼ਟਾਚਾਰ, ਸਾਈਬਰ ਅਪਰਾਧ, ਲੁੱਟ-ਖੋਹ ਅਤੇ ਆਪਸੀ ਵੈਰ-ਵਿਰੋਧ ਦੇ ਹਨੇਰੇ ਨੂੰ ਮਿਟਾ ਕੇ ਗਿਆਨ, ਪਿਆਰ, ਭਾਈਚਾਰੇ ਅਤੇ ਖੁਸ਼ਹਾਲੀ ਦਾ ਚਾਨਣ ਫੈਲਾਉਣ ਦਾ ਸੁਨੇਹਾ ਦਿੱਤਾ। ਸਕੂਲ ਪ੍ਰਿੰਸੀਪਲ ਡਾ. ਆਸ਼ੀਸ਼ ਨਾਥ ਅਗਨੀਹੋਤਰੀ ਨੇ ਕਿਹਾ ਕਿ ਦੀਵਾਲੀ ਸਿਰਫ਼ ਦੀਵੇ ਜਗਾਉਣ ਦਾ ਤਿਉਹਾਰ ਨਹੀਂ, ਸਗੋਂ ਆਪਣੇ ਅੰਦਰ ਦੀ ਨਕਾਰਾਤਮਕਤਾ ਨੂੰ ਖ਼ਤਮ ਕਰਕੇ ਮਨੁੱਖਤਾ ਅਤੇ ਸਦਭਾਵਨਾ ਦਾ ਚਾਨਣ ਫੈਲਾਉਣ ਦਾ ਮੌਕਾ ਹੈ। ਇਸ ਮੌਕੇ ਪਹਿਲੀ ਤੋਂ ਨੌਵੀਂ, ਗਿਆਰ੍ਹਵੀਂ ਤੇ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਨੇ ਗ੍ਰੀਟਿੰਗ ਕਾਰਡ ਬਣਾਉਣ, ਰੰਗੋਲੀ, ਦੀਵੇ ਤੇ ਮੋਮਬੱਤੀਆਂ ਦੀ ਸਜਾਵਟ, ਪੂਜਾ ਦੀ ਥਾਲੀ ਦੀ ਸਜਾਵਟ ਤੇ ਕਲਾਸਰੂਮ ਸਜਾਵਟ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸਕੂਲ ਚੇਅਰਮੇਨ ਸੁਰਿੰਦਰ ਪਾਲ ਗਰਗ ਨੇ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਅਯੁੱਧਿਆ ਆਗਮਨ ਦਾ ਇਹ ਪਵਿੱਤਰ ਤਿਉਹਾਰ ਸਾਨੂੰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੇ ਨਾਲ-ਨਾਲ ਸਫ਼ਾਈ, ਪਵਿੱਤਰਤਾ ਅਤੇ ਸਕਾਰਾਤਮਕ ਵਿਚਾਰਾਂ ਨੂੰ ਅਪਣਾਉਣ ਦੀ ਪ੍ਰੇਰਣਾ ਦਿੰਦਾ ਹੈ। ਉਪ-ਪ੍ਰਿੰਸੀਪਲ ਤ੍ਰਿਪਤੀ ਅਗਨੀਹੋਤਰੀ ਨੇ ਕਿਹਾ ਕਿ ਆਓ ਮਿਲ ਕੇ ਇੰਨੇ ਦੀਵੇ ਜਗਾਈਏ ਕਿ ਦਿਲਾਂ ਵਿਚ ਕਿਤੇ ਵੀ ਹਨੇਰਾ ਬਾਕੀ ਨਾ ਰਹੇ।