- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੇਲਵੇ ਸਟੇਸ਼ਨ ’ਤੇ ਭੀੜ ਨੂੰ ਕਾਬੂ ਕਰਨ ਲਈ ਨਵੀਂ ਵਿਵਸਥਾ

-ਬਾਹਰ ਬਣਾਏ ਉਡੀਕ ਘਰ ਕਾਰਨ ਪਲੇਟਫਾਰਮ ਟਿਕਟਾਂ ਦੀ ਵਿਕਰੀ ਬੰਦ
-ਯਾਤਰੀਆਂ ਦੇ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਵੀ ਪਲੇਟਫਾਰਮ ’ਤੇ ਜਾਣ ਦੀ ਮਨਾਹੀ
ਜਗਜੀਤ ਜੰਡੂ, ਪੰਜਾਬੀ ਜਾਗਰਣ ਲੁਧਿਆਣਾ
ਰੇਲਵੇ ਸਟੇਸ਼ਨ ’ਤੇ ਵਧਦੀ ਭੀੜ ਨੂੰ ਕਾਬੂ ਕਰਨ ਅਤੇ ਪਲੇਟਫਾਰਮਾਂ ’ਤੇ ਬੇਲੋੜੀ ਭੀੜ ਇਕੱਠੀ ਹੋਣ ਤੋਂ ਰੋਕਣ ਲਈ ਰੇਲਵੇ ਵੱਲੋਂ ਨਵੀਂ ਵਿਵਸਥਾ ਕੀਤੀ ਗਈ ਹੈ। ਇਸ ਤਹਿਤ ਸਟੇਸ਼ਨ ਦੇ ਬਾਹਰ ਯਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਠਣ ਲਈ ਵਿਸ਼ੇਸ਼ ਉਡੀਕ ਘਰ ਤਿਆਰ ਕੀਤਾ ਹੈ। ਤਸਵੀਰ ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਉਡੀਕ ਘਰ ਵਿੱਚ ਬੈਠੇ ਦਿਖਾਈ ਦੇ ਰਹੇ ਹਨ।
ਇਸ ਵਿਵਸਥਾ ਤਹਿਤ ਹੁਣ ਰੇਲ ਗੱਡੀ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੀ ਵੈਧ ਯਾਤਰਾ ਟਿਕਟ ਦੇ ਆਧਾਰ ’ਤੇ ਪਲੇਟਫਾਰਮ ’ਤੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਜਦਕਿ ਆਪਣੇ ਰਿਸ਼ਤੇਦਾਰਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਰੇਲ ਗੱਡੀ ਵਿੱਚ ਬਿਠਾਉਣ ਤੇ ਵਿਦਾ ਕਰਨ ਆਉਣ ਵਾਲੇ ਲੋਕਾਂ ਨੂੰ ਪਲੇਟਫਾਰਮ ’ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਇੱਥੋਂ ਤੱਕ ਕਿ ਪਲੇਟਫਾਰਮ ਟਿਕਟਾਂ ਦੀ ਵਿਕਰੀ ਵੀ ਬੰਦ ਰੱਖੀ ਗਈ ਹੈ। ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਰੇਲ ਗੱਡੀ ਆਉਣ ਅਤੇ ਜਾਣ ਸਮੇਂ ਪਲੇਟਫਾਰਮਾਂ ’ਤੇ ਬੇਲੋੜੀ ਭੀੜ ਨਾ ਹੋਵੇ ਤੇ ਅਸਲ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਝੱਲਣੀ ਪਵੇ। ਪਹਿਲਾਂ ਅਕਸਰ ਦੇਖਿਆ ਜਾਂਦਾ ਸੀ ਕਿ ਯਾਤਰੀਆਂ ਨੂੰ ਛੱਡਣ ਜਾਂ ਲੈਣ ਆਉਣ ਵਾਲੇ ਰਿਸ਼ਤੇਦਾਰਾਂ ਦੀ ਵੱਡੀ ਗਿਣਤੀ ਪਲੇਟਫਾਰਮ ’ਤੇ ਪਹੁੰਚ ਜਾਂਦੀ ਸੀ, ਜਿਸ ਕਾਰਨ ਭੀੜ ਵਧ ਜਾਂਦੀ ਸੀ। ਹੁਣ ਰੇਲਵੇ ਨੇ ਯਾਤਰੀਆਂ ਦੇ ਨਾਲ ਆਉਣ ਵਾਲੇ ਲੋਕਾਂ ਲਈ ਸਟੇਸ਼ਨ ਦੇ ਬਾਹਰ ਹੀ ਬੈਠਣ ਦੀ ਵਿਵਸਥਾ ਕੀਤੀ ਹੈ।
ਹਾਲਾਂਕਿ ਇਸ ਵਿਵਸਥਾ ਕਾਰਨ ਆਪਣੇ ਪਰਿਵਾਰਕ ਮੈਂਬਰਾਂ ਨੂੰ ਰੇਲ ਗੱਡੀ ਵਿੱਚ ਬਿਠਾਉਣ ਆਉਣ ਵਾਲੇ ਲੋਕਾਂ ਨੂੰ ਕੁਝ ਅਸੁਵਿਧਾ ਵੀ ਹੋ ਸਕਦੀ ਹੈ, ਪਰ ਭੀੜ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਇਸ ਨੂੰ ਅਹਿਮ ਕਦਮ ਮੰਨਿਆ ਜਾ ਰਿਹਾ ਹੈ।