- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਖਲਾਈ ਕੈਂਪ ’ਚ ਸ਼ਾਮਲ ਹੋਏ 75 ਕਿਸਾਨ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਕਲੱਬ ਵੱਲੋਂ ਡਾ.ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ’ਚ ਕਿਸਾਨਾਂ ਲਈ ਮਹੀਨਾਵਾਰ ਸਿਖਲਾਈ ਕੈਂਪ ਲਾਇਆ। ਇਸ ਕੈਂਪ ’ਚ ਲਗਭਗ 75 ਕਿਸਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਤੇ ਖੇਤੀਬਾੜੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ਬਾਰੇ ਮਾਹਿਰਾਂ ਤੋਂ ਲਾਹੇਵੰਦ ਜਾਣਕਾਰੀ ਹਾਸਲ ਕੀਤੀ। ਕੈਂਪ ਦੀ ਸ਼ੁਰੂਆਤ ਕਰਦਿਆਂ ਕਿਸਾਨ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਰੇਵਾਲ ਨੇ ਕਿਸਾਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਕੀਟ ਵਿਗਿਆਨ ਵਿਭਾਗ ਦੇ ਡਾ. ਰਵਿੰਦਰ ਚੰਦੀ ਨੇ ਹਾੜ੍ਹੀ ਦੀਆਂ ਫ਼ਸਲਾਂ ’ਚ ਬੀਜ ਸੋਧ ਅਤੇ ਕੀਟ ਪ੍ਰਬੰਧਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਿਆ। ਫ਼ਸਲ ਵਿਗਿਆਨੀ ਡਾ. ਤਰੁਨਦੀਪ ਕੌਰ ਨੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਨਦੀਨਾਂ ਦੀ ਸੁਚੱਜੀ ਰੋਕਥਾਮ ਲਈ ਢੁੱਕਵੇਂ ਤਰੀਕਿਆਂ ਦੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਸਬਜ਼ੀ ਵਿਗਿਆਨੀ ਡਾ. ਰੁਮਾ ਦੇਵੀ ਨੇ ਲੋਅ ਟਨਲ ਤਕਨੀਕ ਰਾਹੀਂ ਸਬਜ਼ੀਆਂ ਦੀ ਕਾਸ਼ਤ ਕਰਨ ਦੇ ਢੰਗ ਅਤੇ ਇਸ ਦੇ ਫ਼ਾਇਦਿਆਂ ਬਾਰੇ ਚਾਨਣਾ ਪਾਇਆ। ਜੀਵ ਵਿਗਿਆਨ ਵਿਭਾਗ ਦੀ ਡਾ. ਨਿਸ਼ਾ ਨੇ ਖੇਤੀਬਾੜੀ ਪ੍ਰਣਾਲੀ ’ਚ ਪੰਛੀਆਂ ਦੀ ਮਹੱਤਤਾ ਅਤੇ ਵਾਤਾਵਰਨ ਦੇ ਸੰਤੁਲਨ ਵਿੱਚ ਉਨ੍ਹਾਂ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੁਸ਼ਾਂਤ ਗੁਪਤਾ ਨੇ ਕਿਸਾਨ ਦੋਸਤ ਐਪ ਦੀਆਂ ਵਿਸ਼ੇਸ਼ਤਾਵਾਂ, ਲਾਭਾਂ ਅਤੇ ਇਸ ਦੀ ਵਿਹਾਰਕ ਵਰਤੋਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ। ਕੈਂਪ ਦੇ ਅੰਤ ਵਿੱਚ ਡਾ. ਲਵਲੀਸ਼ ਗਰਗ ਨੇ ਸਾਰੇ ਮਾਹਿਰਾਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਸਾਨਾਂ ਨੂੰ ’ਵਰਸਿਟੀ ਵੱਲੋਂ ਕਰਵਾਏ ਜਾਂਦੇ ਅਜਿਹੇ ਸਿਖਲਾਈ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ। ਕੈਂਪ ਦਾ ਤਾਲਮੇਲ ਵਰਿੰਦਰ ਸਿੰਘ ਕੈਰੋਂ ਕਿਸਾਨ ਘਰ ਵੱਲੋਂ ਕੀਤਾ ਗਿਆ।