ਲਾਪਤਾ ਹੋਏ 28 ਸਾਲਾ ਹੌਜ਼ਰੀ ਕਾਰੋਬਾਰੀ ਦੀ ਬੀਐੱਮਡਬਲਿਊ ਕਾਰ ’ਚੋਂ ਮਿਲੀ ਲਾਸ਼ ਲਾਪਤਾ ਹੋਏ 28 ਸਾਲਾ ਹੋਜ਼ਰੀ ਕਾਰੋਬਾਰੀ ਦੀ ਬੀਐਮਡਬਲਿਊ ਕਾਰ ’ਚੋਂ ਮਿਲੀ ਲਾਸ਼
Publish Date: Fri, 06 Nov 2026 08:07 PM (IST)
Updated Date: Fri, 06 Nov 2026 08:08 PM (IST)
ਲਾਇਸੈਂਸੀ ਪਿਸਤੌਲ ਨਾਲ ਮੱਥੇ ’ਤੇ ਮਾਰੀ ਗੋਲ਼ੀ ਸਾਊਥ ਸਿਟੀ-ਲਾਡੋਵਾਲ ਬਾਈਪਾਸ ’ਤੇ ਮਲਕਪੁਰ ਨੇੜੇ ਖੜ੍ਹੀ ਕਾਰ ’ਚੋਂ ਮਿਲੀ ਲਾਸ਼ ਸਵੇਰੇ ਪਿਤਾ ਨੇ ਥਾਣਾ ਸਲੇਮ ਟਾਬਰੀ ’ਚ ਦਰਜ ਕਰਵਾਈ ਸੀ ਗੁੰਮਸ਼ੁਦਗੀ ਦੀ ਸ਼ਿਕਾਇਤ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਦੇ ਰਿਸ਼ੀ ਨਗਰ ਇਲਾਕੇ ਤੋਂ ਸ਼ੁੱਕਰਵਾਰ ਸਵੇਰੇ ਲਾਪਤਾ ਹੋਏ 28 ਸਾਲਾ ਹੌਜ਼ਰੀ ਕਾਰੋਬਾਰੀ ਦੀ ਲਾਸ਼ ਦੁਪਹਿਰ ਸਮੇਂ ਸਾਊਥ ਸਿਟੀ-ਲਾਡੋਵਾਲ ਬਾਈਪਾਸ ’ਤੇ ਮਲਕਪੁਰ ਨੇੜੇ ਉਸ ਦੀ ਬੀਐੱਮਡਬਲਿਊ ਕਾਰ ’ਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਪੁਲਕਿਤ ਪੋਪਲੀ ਵਜੋਂ ਹੋਈ ਹੈ। ਮੁੱਢਲੀ ਜਾਂਚ ਦੌਰਾਨ ਪੁਲਿਸ ਵੱਲੋਂ ਮਾਮਲੇ ਨੂੰ ਖੁਦਕੁਸ਼ੀ ਮੰਨਿਆ ਜਾ ਰਿਹਾ ਹੈ। ਪੁਲਿਸ ਅਨੁਸਾਰ ਕਾਰੋਬਾਰੀ ਨੇ ਆਪਣੀ ਲਾਇਸੈਂਸੀ .45 ਬੋਰ ਦੀ ਪਿਸਤੌਲ ਨਾਲ ਮੱਥੇ ਕੋਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕੀਤੀ। ਘਟਨਾ ਸਥਾਨ ਤੋਂ ਪਿਸਤੌਲ ਵੀ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਪੁਲਕਿਤ ਪੋਪਲੀ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ ਅਤੇ ਉਸ ਦੇ ਪਰਿਵਾਰ ਦੀ ਬਹਾਦਰਕੇ ਇਲਾਕੇ ਵਿੱਚ ਹੌਜ਼ਰੀ ਦੀ ਫੈਕਟਰੀ ਹੈ। ਸ਼ੁੱਕਰਵਾਰ ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਦਾ ਪੁਲਕਿਤ ਨਾਲ ਸੰਪਰਕ ਨਹੀਂ ਹੋ ਸਕਿਆ ਤਾਂ ਉਸ ਦੇ ਪਿਤਾ ਨੇ ਥਾਣਾ ਸਲੇਮ ਟਾਬਰੀ ਪਹੁੰਚ ਕੇ ਉਸ ਦੇ ਲਾਪਤਾ ਹੋਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਪਰਿਵਾਰ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ ਕਿ ਇਸੇ ਦੌਰਾਨ ਦੁਪਹਿਰ ਸਮੇਂ ਪੁਲਿਸ ਕੰਟਰੋਲ ਰੂਮ ਦੀ ਗਸ਼ਤੀ ਟੀਮ ਨੂੰ ਮਲਕਪੁਰ ਨੇੜੇ ਇੱਕ ਬੀਐੱਮਡਬਲਿਊ ਕਾਰ ਖੜ੍ਹੀ ਦਿਖਾਈ ਦਿੱਤੀ। ਜਦੋਂ ਪੁਲਿਸ ਮੁਲਾਜ਼ਮਾਂ ਨੇ ਕਾਰ ਦੀ ਜਾਂਚ ਕੀਤੀ ਤਾਂ ਅਗਲੀ ਸੀਟ ’ਤੇ ਪੁਲਕਿਤ ਦੀ ਖੂਨ ਨਾਲ ਲਥਪਥ ਲਾਸ਼ ਪਈ ਸੀ। ਕਾਰ ਵਿੱਚੋਂ ਉਸ ਦੀ ਲਾਇਸੈਂਸੀ ਪਿਸਤੌਲ ਵੀ ਮਿਲੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਪੀਏਯੂ ਦੀ ਪੁਲਿਸ ਟੀਮ ਸਮੇਤ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਇਨ੍ਹਾਂ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ (ਸਿਟੀ) ਆਲਮ ਵਿਜੇ ਸਿੰਘ ਅਤੇ ਏਡੀਸੀਪੀ-3 ਧਰਾਵਤ ਸਾਈ ਪ੍ਰਕਾਸ਼ ਵੀ ਸ਼ਾਮਲ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਫੋਰੈਂਸਿਕ ਟੀਮ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ, ਜਿਸ ਨੇ ਕਾਰ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਬਾਰੀਕੀ ਨਾਲ ਜਾਂਚ ਕੀਤੀ। ਪੁਲਿਸ ਵੱਲੋਂ ਮੌਕੇ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਕਾਰ ਦੀ ਵੀ ਜਾਂਚ ਕੀਤੀ ਗਈ। ਏਡੀਸੀਪੀ ਨੇ ਦੱਸਿਆ ਕਿ ਪੁਲਕਿਤ ਦੇ ਪਿਤਾ ਨੇ ਸ਼ੁੱਕਰਵਾਰ ਸਵੇਰੇ ਹੀ ਥਾਣਾ ਸਲੇਮ ਟਾਬਰੀ ਵਿੱਚ ਪਹੁੰਚ ਕੇ ਪੁੱਤਰ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ ਸੀ, ਕਿਉਂਕਿ ਉਹ ਉਸ ਦੀਆਂ ਫੋਨ ਕਾਲਾਂ ਦਾ ਜਵਾਬ ਨਹੀਂ ਦੇ ਰਿਹਾ ਸੀ। ਪੁਲਿਸ ਵੱਲੋਂ ਫੋਰੈਂਸਿਕ ਜਾਂਚ ਤੇ ਹੋਰ ਸਬੂਤਾਂ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖ਼ੁਦਕੁਸ਼ੀ ਦੇ ਮਿਲੇ ਸੰਕੇਤ : ਏਡੀਸੀਪੀ ਏਡੀਸੀਪੀ ਧਰਾਵਤ ਸਾਈ ਪ੍ਰਕਾਸ਼ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਖੁਦਕੁਸ਼ੀ ਦੇ ਸੰਕੇਤ ਮਿਲੇ ਹਨ। ਪੁਲਕਿਤ ਕੋਲ .45 ਬੋਰ ਦੀ ਲਾਇਸੈਂਸੀ ਪਿਸਤੌਲ ਸੀ, ਜਿਸ ਨਾਲ ਉਸ ਨੇ ਮੱਥੇ ਕੋਲ ਗੋਲੀ ਮਾਰੀ। ਹਥਿਆਰ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਵੱਲੋਂ ਗੋਲੀ ਚਲਾਉਣ ਜਾਂ ਘਟਨਾ ਸਮੇਂ ਕਾਰ ਵਿੱਚ ਕਿਸੇ ਹੋਰ ਦੇ ਮੌਜੂਦ ਹੋਣ ਦੀ ਸੰਭਾਵਨਾ ਸਾਹਮਣੇ ਨਹੀਂ ਆਈ। ਕਾਰ ਦੀ ਅਗਲੀ ਸੀਟ ’ਤੇ ਲਾਸ਼ ਮਿਲਣ ਦੇ ਸਵਾਲ ’ਤੇ ਏਡੀਸੀਪੀ ਨੇ ਕਿਹਾ ਕਿ ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਪੁਲਕਿਤ ਡਰਾਈਵਰ ਸੀਟ ਦੀ ਬਜਾਏ ਅਗਲੀ ਸਵਾਰੀ ਵਾਲੀ ਸੀਟ ’ਤੇ ਕਿਵੇਂ ਪਹੁੰਚਿਆ। ਹਾਲਾਂਕਿ ਕਾਰ ਦੀ ਡਰਾਈਵਰ ਸੀਟ ’ਤੇ ਖੂਨ ਦੇ ਨਿਸ਼ਾਨ ਮਿਲੇ ਹਨ। ਪੁਲਿਸ ਅਧਿਕਾਰੀ ਅਨੁਸਾਰ ਜੇਕਰ ਉੱਥੇ ਕੋਈ ਹੋਰ ਵਿਅਕਤੀ ਬੈਠਾ ਹੁੰਦਾ ਤਾਂ ਉਸ ਦੇ ਕੱਪੜਿਆਂ ’ਤੇ ਵੀ ਖੂਨ ਲੱਗਣ ਦੀ ਸੰਭਾਵਨਾ ਸੀ। ਕਾਰ ਦੀ ਖਿੜਕੀ ’ਤੇ ਗੋਲੀ ਦੇ ਬਾਹਰ ਨਿਕਲਣ ਦਾ ਨਿਸ਼ਾਨ ਵੀ ਮਿਲਿਆ ਹੈ, ਜਦਕਿ ਅੰਦਰੋਂ ਗੋਲੀ ਲੱਗਣ ਦਾ ਕੋਈ ਨਿਸ਼ਾਨ ਨਹੀਂ ਮਿਲਿਆ। ਇਸ ਤੋਂ ਇਲਾਵਾ ਇਲਾਕੇ ਵਿੱਚ ਲੱਗੇ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਪੁਲਕਿਤ ਕਾਰ ਵਿੱਚ ਇਕੱਲਾ ਹੀ ਦਿਖਾਈ ਦਿੱਤਾ।