- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਂ ਇਮਾਰਤ ਦੇ ਲੈਂਟਰ ਦੀ ਕਾਰਸੇਵਾ ਅਗਲੇ ਹਫ਼ਤੇ ਹੋਵੇਗੀ ਮੁਕੰਮਲ-ਜਥੇ. ਭਿੰਦਾ

ਜਸਵੀਰ ਸਿੰਘ ਗੁਰਮ, ਪੰਜਾਬੀ ਜਾਗਰਣ, ਡੇਹਲੋਂ/ਆਲਮਗੀਰ
ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਹਿਨੁਮਾਈ ਹੇਠ ਸਥਾਨਕ ਇਤਿਹਾਸਕ ਅਸਥਾਨ ਗੁਰਦੁਆਰਾ ਕਲਿਆਣਸਰ ਸਾਹਿਬ ਵਿਖੇ ਨਵੀਆਂ ਇਮਾਰਤਾਂ ਦੀ ਉਸਾਰੀ ਦਾ ਕਾਰਜ ਸੰਤ ਅਮਰੀਕ ਸਿੰਘ ਪਟਿਆਲਾ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਕਾਰ-ਸੇਵਾ ਰਾਹੀਂ ਜੰਗੀ ਪੱਧਰ 'ਤੇ ਜਾਰੀ ਹੈ। ਡੇਰਾ ਕਾਰ ਸੇਵਾ ਆਲਮਗੀਰ ਦੇ ਮੁਖੀ ਜਥੇ. ਹਰਪਿੰਦਰ ਸਿੰਘ ਭਿੰਦਾ ਆਲਮਗੀਰ ਨੇ ਦੱਸਿਆ ਕਿ ਗੁਰੂਘਰ ਦੀਆਂ ਸ਼ਰਧਾਵਾਨ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੇ ਲੈਂਟਰ ਪਾਉਣ ਦੀ ਸੇਵਾ ਅਗਲੇ ਹਫ਼ਤੇ ਤੱਕ ਮੁਕੰਮਲ ਕਰ ਲਈ ਜਾਵੇਗੀ। ਇਹ ਪਵਿੱਤਰ ਅਸਥਾਨ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਸਾਲ 1704 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਭਾਈ ਗਣੀ ਖਾਂ, ਭਾਈ ਨਬੀ ਖਾਂ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਅਤੇ ਭਾਈ ਦਇਆ ਸਿੰਘ ਜੀ ਸਮੇਤ ਉੱਚ ਦੇ ਪੀਰ ਦੇ ਰੂਪ ’ਚ 14 ਪੋਹ ਨੂੰ ਇਸ ਅਸਥਾਨ 'ਤੇ ਪਹੁੰਚੇ ਸਨ। ਇੱਥੇ ਇਕ ਟਿੱਬੇ ’ਤੇ ਬਣੇ ਖੂਹ ਵਿੱਚ ਸਰਾਲ ਰਹਿੰਦੀ ਸੀ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਸਰਾਲ ਨੂੰ ਮੁਕਤੀ ਬਖ਼ਸ਼ੀ। ਇਸ ਇਤਿਹਾਸਕ ਯਾਦ ਨੂੰ ਸਦੀਵੀ ਬਣਾਈ ਰੱਖਣ ਲਈ ਇਸ ਅਸਥਾਨ ਦੀ ਇਮਾਰਤੀ ਸੇਵਾ ਕਰਵਾਈ ਜਾ ਰਹੀ ਹੈ। ਜਥੇ. ਭਿੰਦਾ ਆਲਮਗੀਰ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਗੁਰੂ ਘਰ ਦੀ ਇਸ ਸੇਵਾ ’ਚ ਵੱਧ-ਚੜ੍ਹ ਕੇ ਯੋਗਦਾਨ ਪਾਉਣ। ਕਾਰ-ਸੇਵਾ ਲਈ ਬਜਰੀ, ਰੇਤਾ, ਸੀਮਿੰਟ, ਸਰੀਆ ਤੇ ਹੋਰ ਲੁੜੀਂਦੀ ਉਸਾਰੀ ਸਮੱਗਰੀ ਡੇਰਾ ਕਾਰ-ਸੇਵਾ ਆਲਮਗੀਰ ਵਿਖੇ ਭੇਟ ਕੀਤੀ ਜਾ ਸਕਦੀ ਹੈ। ਸੰਗਤ ਵੱਲੋਂ ਤਨ, ਮਨ ਤੇ ਧਨ ਨਾਲ ਪਾਏ ਜਾ ਰਹੇ ਯੋਗਦਾਨ ਸਦਕਾ ਸੇਵਾ ਦਾ ਕਾਰਜ ਲਗਾਤਾਰ ਅੱਗੇ ਵਧ ਰਿਹਾ ਹੈ। ਕਾਰ-ਸੇਵਾ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ, ਮੈਂਬਰ ਜਥੇ. ਹਰਪਾਲ ਸਿੰਘ ਜੱਲਾ ਤੇ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਵੱਲੋਂ ਵੀ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਜਥੇ. ਬਲਜੀਤ ਸਿੰਘ ਬੰਟੀ, ਪਰਗਟ ਸਿੰਘ ਗਰੇਵਾਲ ਆਲਮਗੀਰ, ਸੁਖਦੀਪ ਸਿੰਘ ਗਿੱਲ, ਸਰਪੰਚ ਕੁਲਦੀਪ ਸਿੰਘ, ਵਿਕੀ ਧਰੋੜ, ਲੰਬਰਦਾਰ ਸੁਖਵਿੰਦਰ ਸਿੰਘ ਪੱਦੀ, ਭਿੰਦਰ ਸਿੰਘ, ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ ਮਣੀ ਖੱਟੜਾ ਸਮੇਤ ਹੋਰ ਸੇਵਾਦਾਰ ਹਾਜ਼ਰ ਸਨ।