- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਨਾਚਾਂ ਦੀਆਂ ਧਮਾਲਾਂ ’ਤੇ ਨਾਟਕਾਂ ਦੀਆਂ ਪੇਸ਼ਕਾਰੀਆਂ ਨੇ ਬੰਨਿਆ ਰੰਗ

ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਪੀਏਯੂ. ਦੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ ’ਚ ਜਾਰੀ ਯੁਵਕ ਮੇਲੇ ਦੇ ਦੂਜੇ ਗੇੜ ਦੇ ਦੂਜੇ ਦਿਨ ਵੀਰਵਾਰ ਨੂੰ ਸਾਰਾ ਦਿਨ ਗਹਿਗੱਚ ਮੁਕਾਬਲੇ ਹੋਏ। ਲੋਕ ਨਾਚਾਂ ਅਤੇ ਨਾਟ ਵੰਨਗੀਆਂ ਨੇ ਦਰਸ਼ਕਾਂ ਨੂੰ ਅਚੰਭਿਤ ਕਰਨ ਦਾ ਕਾਰਜ ਕੀਤਾ। ਸਵੇਰੇ ਪ੍ਰਸ਼ਨੋਤਰੀ ਮੁਕਾਬਲਾ ਹੋਇਆ, ਜਿਸ ’ਚ ਸੱਤ ਟੀਮਾਂ ਨੇ ਚਲੰਤ ਵਿਸ਼ਿਆਂ ਸਬੰਧੀ ਮੁਹਾਰਤ ਤੇ ਜਾਣਕਾਰੀ ਦਾ ਭਰਪੂਰ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਸਮੂਹ ਲੋਕ ਨਾਚਾਂ ਦੇ ਮੁਕਾਬਲੇ ਤੇ ਬਾਅਦ ਦੁਪਹਿਰ ਮਾਈਮ, ਭੰਡ, ਮੋਨੋ ਐਕਟਿੰਗ ਅਤੇ ਇਕਾਂਗੀਆਂ ਦੇ ਪ੍ਰਦਰਸ਼ਨ ਸਮਾਂ ਬੰਨ੍ਹਣ ’ਚ ਸਫਲ ਰਹੇ। ਅੱਜ ਦੇ ਯੁਵਕ ਮੇਲੇ ਦੇ ਸਮਾਗਮਾਂ ਦੇ ਮੁੱਖ ਮਹਿਮਾਨ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਸਨ। ਡਾ. ਭੁੱਲਰ ਨੇ ਕਿਹਾ ਕਿ ਯੁਵਕ ਮੇਲੇ ਕਿਸੇ ਕੌਮ ਦੀ ਜਵਾਨੀ ਦਾ ਸ਼ੀਸ਼ਾ ਹੁੰਦੇ ਹਨ। ਇਨ੍ਹਾਂ ਮੇਲਿਆਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਸਮਾਜ ਦੀ ਉਸਾਰੀ ਦਾ ਸੁਪਨਾ ਸੰਜੋਅ ਕੇ ਸਾਹਮਣੇ ਲਿਆਉਂਦੇ ਹਨ। ਉਨ੍ਹਾਂ ਪੀਏਯੂ ਵੱਲੋਂ ਸੱਭਿਆਚਾਰ ਦੇ ਖੇਤਰ ’ਚ ਪਾਏ ਯੋਗਦਾਨ ਦਾ ਹਵਾਲਾ ਦਿੰਦਿਆਂ ਆਸ ਪ੍ਰਗਟਾਈ ਕਿ ਭਵਿੱਖ ’ਚ ਅੱਜ ਦੇ ਵਿਦਿਆਰਥੀ ਵੱਡੇ ਅਦਾਕਾਰ ਬਣ ਕੇ ਸਾਹਮਣੇ ਆਉਣਗੇ। ਹਾਜ਼ਰ ਪਤਵੰਤਿਆਂ ਨੇ ਬੀਤੇ ਕੱਲ ਦੇ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ ਨੇ ਦੱਸਿਆ ਕਿ ਅੱਜ ਵਿਰਾਸਤੀ ਪ੍ਰਸ਼ਨੋਤਰੀ, ਮਮਿੱਕਰੀ, ਸਕਿੱਟ, ਲੰਮੇ ਹੇਕ ਵਾਲੇ ਗੀਤ, ਲੋਕ ਗੀਤ, ਗਿੱਧਾ ਤੇ ਭੰਗੜਾ ਦੇ ਮੁਕਾਬਲੇ ਹੋਣਗੇ। ਸਮਾਪਤੀ ਸੈਸ਼ਨ ਦੇ ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਹਰਵਿੰਦਰ ਸਿੰਘ ਧਾਲੀਵਾਲ ਹੋਣਗੇ।