- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭੋਜਨ ਸੁਰੱਖਿਆ ’ਤੇ ਵਾਤਾਵਰਣ ਦੀ ਸਥਿਰਤਾ ਲਈ ਜੀਨੋਮ ਸੰਪਾਦਨ ਤਕਨੀਕ ਅਹਿਮ-ਮਾਹਿਰ

4
ਸਟਾਫ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ‘ਭੋਜਨ ਸੁਰੱਖਿਆ ਅਤੇ ਵਾਤਾਵਰਣ ਦੀ ਸਥਿਰਤਾ ਲਈ ਜੀਨੋਮ ਐਡੀਟਿੰਗ’ ਵਿਸ਼ੇ ’ਤੇ ਚਾਰ ਰੋਜ਼ਾ ਅੰਤਰਰਾਸ਼ਟਰੀ ਗੋਸ਼ਟੀ ਸ਼ੁਰੂ ਹੋ ਗਈ। ਇਸ ਵਿੱਚ ਭਾਰਤ, ਕੈਨੇਡਾ ਅਤੇ ਜਰਮਨੀ ਦੇ ਵਿਗਿਆਨੀ, ਸਿੱਖਿਆ ਸ਼ਾਸਤਰੀ ਅਤੇ ਖੋਜਕਰਤਾ ਸ਼ਿਰਕਤ ਕਰ ਰਹੇ ਹਨ। ਗੋਸ਼ਟੀ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਖੇਤੀਬਾੜੀ, ਪਸ਼ੂ ਪਾਲਣ, ਭੋਜਨ ਸੁਰੱਖਿਆ ਅਤੇ ਵਾਤਾਵਰਣ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ ਲਈ ਬਹੁ-ਅਨੁਸ਼ਾਸਨੀ ਖੋਜ ਬੇਹੱਦ ਜ਼ਰੂਰੀ ਹੈ। ਕੈਨੇਡਾ ਦੀ ਖੋਜ ਪਹਿਲਕਦਮੀ ਦੇ ਸਹਿਯੋਗ ਨਾਲ ਚੱਲ ਰਹੇ ਇਸ ਪ੍ਰੋਗਰਾਮ ਵਿੱਚ ਮੈਕਗਿਲ ਯੂਨੀਵਰਸਿਟੀ, ਯੂਨੀਵਰਸਿਟੀ ਆਫ਼ ਸਸਕੈਚਵਨ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਭਾਈਵਾਲ ਹਨ। ਪਿਛਲੇ ਛੇ ਸਾਲਾਂ ਦੌਰਾਨ ਇਸ ਤਹਿਤ ਨੌਜਵਾਨ ਖੋਜਕਰਤਾਵਾਂ ਨੂੰ ਵੱਖ-ਵੱਖ ਆਧੁਨਿਕ ਤਕਨੀਕਾਂ ਦੀ ਸਿਖਲਾਈ ਦਿੱਤੀ ਗਈ ਹੈ। ਕਾਲਜ ਆਫ਼ ਐਨੀਮਲ ਬਾਇਓਟੈਕਨਾਲੋਜੀ ਦੇ ਡੀਨ ਤੇ ਗੋਸ਼ਠੀ ਦੇ ਆਯੋਜਨ ਸਕੱਤਰ ਡਾ. ਰਾਮ ਸਰਨ ਸੇਠੀ ਨੇ ਦੱਸਿਆ ਕਿ ਗੋਸ਼ਠੀ ਦੌਰਾਨ ਜੀਨੋਮ ਐਡਿਟਿੰਗ, ਜੀਨੋਮਿਕਸ ਅਤੇ ਪਸ਼ੂ ਬਾਇਓਟੈਕਨਾਲੋਜੀ ਦੀਆਂ ਖੇਤੀਬਾੜੀ ਤੇ ਪਸ਼ੂ ਪਾਲਣ ਖੇਤਰ ’ਚ ਸੰਭਾਵਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਸ ਨਾਲ ਨੌਜਵਾਨ ਖੋਜਾਰਥੀਆਂ ਨੂੰ ਅੰਤਰਰਾਸ਼ਟਰੀ ਵਿਗਿਆਨੀਆਂ ਤੋਂ ਸਿੱਖਣ ਦਾ ਮੌਕਾ ਮਿਲੇਗਾ। ਇਸ ਮੌਕੇ ਮੈਕਗਿਲ ਯੂਨੀਵਰਸਿਟੀ ਦੇ ਡਾ. ਜਸਵਿੰਦਰ ਸਿੰਘ, ਸਸਕੈਚਵਨ ਯੂਨੀਵਰਸਿਟੀ ਦੇ ਡਾ. ਬਲਜੀਤ ਸਿੰਘ ਤੇ ਪੀਏਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਅੰਤਰਰਾਸ਼ਟਰੀ ਸਹਿਯੋਗ, ਖੋਜ ਅਤੇ ਇਸ ਦੇ ਵਿਹਾਰਕ ਲਾਭਾਂ ਬਾਰੇ ਵਿਚਾਰ ਸਾਂਝੇ ਕੀਤੇ। ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਦੇਸ਼ ਦੇ ਪ੍ਰਮੁੱਖ ਵਿਗਿਆਨੀਆਂ ਨੇ ਸਮੁੰਦਰੀ ਬਾਇਓਟੈਕਨਾਲੋਜੀ, ਖੇਤੀਬਾੜੀ ਵਿੱਚ ਜੀਨੋਮ ਸੰਪਾਦਨ, ਬੂਟਿਆਂ ਦੇ ਜੀਨੋਮਿਕਸ ਅਤੇ ਪਸ਼ੂਧਨ ਦੇ ਸੁਧਾਰ ਵਿੱਚ ਜੀਨੋਮਿਕਸ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਅੰਤ ਵਿਚ ਡਾ. ਯੋਗੇਸ਼ ਵਿਕਾਸ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।