- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੈਟਰਨਰੀ ’ਵਰਸਿਟੀ ਦੇ ਅਧਿਆਪਕਾਂ ਨੇ ਹਾਸਲ ਕੀਤੇ ਵੱਕਾਰੀ ਖੋਜ ਪੁਰਸਕਾਰ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਅਧਿਆਪਕਾਂ ਨੇ ਖੇਤੀਬਾੜੀ ਅਤੇ ਪਸ਼ੂਧਨ ਅਰਥ ਸ਼ਾਸਤਰ ਦੇ ਖੇਤਰ ਵਿੱਚ ਸ਼ਾਨਦਾਰ ਖੋਜ ਕਾਰਜਾਂ ਲਈ 'ਸੋਸਾਇਟੀ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ' ਵੱਲੋਂ ਦੋ ਵੱਕਾਰੀ ਪੁਰਸਕਾਰ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਹੋਈ ਸੋਸਾਇਟੀ ਦੀ 7ਵੀਂ ਸਾਲਾਨਾ ਕਾਨਫਰੰਸ ਦੌਰਾਨ ਡਾ. ਇੰਦਰਪ੍ਰੀਤ ਕੌਰ, ਡਾ. ਸ਼ਰੁਤੀ ਚੋਪੜਾ, ਹਨੀਸ਼ ਸ਼ਰਮਾ, ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ ਅਤੇ ਡਾ. ਰਵਿੰਦਰ ਸਿੰਘ ਗਰੇਵਾਲ ਵੱਲੋਂ ਸਾਂਝੇ ਤੌਰ ’ਤੇ ਤਿਆਰ ਕੀਤੇ ਖੋਜ ਪੱਤਰ ਨੂੰ 'ਸਰਬੋਤਮ ਖੋਜ ਪੱਤਰ ਪੇਸ਼ਕਾਰੀ' ਪੁਰਸਕਾਰ ਮਿਲਿਆ। ਇਸ ਖੋਜ ਵਿੱਚ ਪੰਜਾਬ ਦੇ ਡੇਅਰੀ ਖੇਤਰ ਵਿੱਚ ਮੱਝਾਂ ਦੀ ਗਿਣਤੀ ਘਟਣ ਦੇ ਬਾਵਜੂਦ ਉਤਪਾਦਕਤਾ ਵਿੱਚ ਹੋ ਰਹੇ ਵਾਧੇ ਅਤੇ ਪਸ਼ੂਆਂ ਦੀਆਂ ਪ੍ਰਜਾਤੀਆਂ ’ਚ ਆ ਰਹੀ ਤਬਦੀਲੀ ਦੇ ਆਰਥਿਕ ਤੇ ਨੀਤੀਗਤ ਪਹਿਲੂਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਡਾ. ਸ਼ਰੁਤੀ ਚੋਪੜਾ ਨੂੰ ਉਨ੍ਹਾਂ ਦੇ ਖੋਜ ਪੱਤਰ 'ਪੰਜਾਬ ਵਿੱਚ ਕਿਸਾਨ ਉਤਪਾਦਕ ਜਥੇਬੰਦੀਆਂ ਦੀ ਸਫ਼ਲਤਾ ਜਾਂ ਅਸਫ਼ਲਤਾ ਦੇ ਕਾਰਕ' ਲਈ 'ਸਰਬੋਤਮ ਖੋਜ ਪੱਤਰ ਸਨਮਾਨ 2024' ਨਾਲ ਨਿਵਾਜਿਆ ਗਿਆ। ਇਹ ਖੋਜ 'ਇੰਡੀਅਨ ਜਰਨਲ ਆਫ਼ ਇਕਨਾਮਿਕਸ ਐਂਡ ਡਿਵੈਲਪਮੈਂਟ' ’ਚ ਪ੍ਰਕਾਸ਼ਿਤ ਹੋਈ ਸੀ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ, ਡੀਨ ਡਾ. ਸਰਵਪ੍ਰੀਤ ਸਿੰਘ ਘੁੰਮਣ ਤੇ ਵਿਭਾਗ ਮੁਖੀ ਡਾ. ਇੰਦਰਪ੍ਰੀਤ ਕੌਰ ਨੇ ਪੁਰਸਕਾਰ ਜੇਤੂ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਯੂਨੀਵਰਸਿਟੀ ਦੀਆਂ ਉੱਚ ਪੱਧਰੀ ਖੋਜ ਗਤੀਵਿਧੀਆਂ ਤੇ ਖੇਤੀਬਾੜੀ ਤੇ ਪਸ਼ੂ-ਪਾਲਣ ਖੇਤਰ ਦੇ ਵਿਕਾਸ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹਨ।