- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੇਜ਼ ਰਫ਼ਤਾਰ ਕਰੇਟਾ ਨੇ ਸਾਗ ਵੇਚਣ ਵਾਲੇ ਨੂੰ ਸਕੂਟਰ ਸਮੇਤ ਦੂਰ ਤੱਕ ਘੜੀਸਿਆ

-ਹਾਦਸੇ ’ਚ 55 ਸਾਲਾ ਜਗਤਾਰ ਸਿੰਘ ਨੇ ਤੋੜਿਆ ਦਮ, 5 ਰਾਹਗੀਰ ਹੋਰ ਫੱਟੜ, ਡਰਾਈਵਰ ਕਾਬੂ, ਸਵਾਰ ਫ਼ਰਾਰ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਲੁਧਿਆਣਾ ਵਿੱਚ ਵੀਰਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਹੁੰਡਈ ਕਰੇਟਾ ਕਾਰ ਨੇ ਸੜਕ ’ਤੇ ਮੌਤ ਦਾ ਤਾਂਡਵ ਮਚਾ ਦਿੱਤਾ। ਗੱਡੀ ਚਲਾਉਣਾ ਸਿੱਖ ਰਹੇ 22 ਸਾਲਾ ਨੌਜਵਾਨ ਦੀ ਕਾਰ ਬੇਕਾਬੂ ਹੋ ਕੇ ਸਾਗ ਸਾਗ ਦੀ ਫੇਰੀ ਲਗਾਉਣ ਵਾਲੇ ਇੱਕ ਵਿਅਕਤੀ ਦੇ ਸਕੂਟਰ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਚਾਲਕ ਸਬਜ਼ੀ ਵਿਕਰੇਤਾ ਨੂੰ ਸਕੂਟਰ ਸਮੇਤ ਕਈ ਮੀਟਰ ਤੱਕ ਘੜੀਸਦਾ ਲੈ ਗਿਆ ਅਤੇ ਫਿਰ ਉਸ ਨੂੰ ਕੁਚਲ ਦਿੱਤਾ। ਇਸ ਦੇ ਬਾਵਜੂਦ ਕਾਰ ਚਾਲਕ ਨੇ ਗੱਡੀ ਨਹੀਂ ਰੋਕੀ ਅਤੇ ਰਸਤੇ ਵਿੱਚ ਆਉਣ ਵਾਲੇ ਹੋਰ ਲੋਕਾਂ ਨੂੰ ਵੀ ਟੱਕਰਾਂ ਮਾਰਦਾ ਰਿਹਾ। ਕਰੀਬ 50 ਮੀਟਰ ਤੱਕ ਕਹਿਰ ਵਰਤਾਉਣ ਤੋਂ ਬਾਅਦ ਕਾਰ ਸੜਕ ਕਿਨਾਰੇ ਖੜ੍ਹੇ ਦੋਪਹੀਆ ਵਾਹਨਾਂ ਨਾਲ ਜਾ ਟਕਰਾਈ, ਜਿਸ ਕਾਰਨ ਉਸ ਦੀ ਰਫ਼ਤਾਰ ਰੁਕੀ। ਇਸ ਭਿਆਨਕ ਹਾਦਸੇ ਵਿੱਚ 55 ਸਾਲਾ ਸਾਗ ਵਿਕਰੇਤਾ ਜਗਤਾਰ ਸਿੰਘ ਉਰਫ਼ ਗੋਸ਼ਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਕਈ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਉਸ ਦੀ ਕੁੱਟਮਾਰ ਕੀਤੀ। ਸੂਚਨਾ ਮਿਲਣ ’ਤੇ ਥਾਣਾ-3 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਕਾਰ ਵਿੱਚ ਸਵਾਰ ਦੂਜਾ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਹਾਦਸਾ ਵੀਰਵਾਰ ਸਵੇਰੇ ਕਰੀਬ 8.15 ਵਜੇ ਵਾਪਰਿਆ। 22 ਸਾਲਾ ਕਾਰ ਡਰਾਈਵਰ ਤਮਨਜੋਤ ਸਿੰਘ ਵਾਸੀ ਫੀਲਡ ਗੰਜ ਹੁੰਡਈ ਕਰੇਟਾ ਕਾਰ ਲੈ ਕੇ ਜਾ ਰਿਹਾ ਸੀ। ਉਹ ਹਾਲੇ ਗੱਡੀ ਚਲਾਉਣਾ ਸਿੱਖ ਰਿਹਾ ਸੀ। ਇਸੇ ਦੌਰਾਨ ਉਸ ਦੀ ਕਾਰ ਬੇਕਾਬੂ ਹੋ ਗਈ ਅਤੇ ਸਭ ਤੋਂ ਪਹਿਲਾਂ ਸਕੂਟਰ ’ਤੇ ਸਵਾਰ ਹੋ ਕੇ ਸਬਜ਼ੀ ਵੇਚਣ ਜਾ ਰਹੇ ਜਗਤਾਰ ਸਿੰਘ ਉਰਫ਼ ਗੋਸ਼ਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਾਰ ਦੀ ਟੱਕਰ ਨਾਲ ਜਗਤਾਰ ਸਿੰਘ ਸਕੂਟਰ ਸਮੇਤ ਹੇਠਾਂ ਡਿੱਗ ਪਿਆ ਤੇ ਕਾਰ ਉਸ ਨੂੰ ਕਾਫ਼ੀ ਦੂਰ ਤੱਕ ਘੜੀਸਦੀ ਲੈ ਗਈ। ਇਸ ਤੋਂ ਬਾਅਦ ਕਾਰ ਉਸ ਦੇ ਉੱਪਰੋਂ ਲੰਘ ਗਈ। ਸਿਰ ’ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਵੀ ਕਾਰ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਅੱਗੇ ਵਧਾਉਂਦਿਆਂ ਰਾਹਗੀਰਾਂ ਅਤੇ ਸੜਕ ’ਤੇ ਮੌਜੂਦ ਹੋਰ ਲੋਕਾਂ ਨੂੰ ਟੱਕਰਾਂ ਮਾਰਨੀਆਂ ਜਾਰੀ ਰੱਖੀਆਂ। ਚਸ਼ਮਦੀਦਾਂ ਮੁਤਾਬਕ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ। ਬਾਜ਼ਾਰ ਵਿੱਚ ਲੋਕਾਂ ਦੀ ਭੀੜ ਦੇਖ ਕੇ ਚਾਲਕ ਘਬਰਾ ਗਿਆ ਅਤੇ ਗੱਡੀ ’ਤੇ ਕਾਬੂ ਗੁਆ ਬੈਠਾ। ਕਾਰ ਕਰੀਬ 50 ਮੀਟਰ ਅੱਗੇ ਜਾ ਕੇ ਇੱਕ ਸਕੂਟਰ ਨਾਲ ਟਕਰਾਈ, ਜਿਸ ’ਤੇ ਇੱਕ ਔਰਤ ਅਤੇ ਉਸ ਦੀ ਧੀ ਬੈਠੀਆਂ ਹੋਈਆਂ ਸਨ। ਇਸ ਤੋਂ ਇਲਾਵਾ ਦੋ ਹੋਰ ਖੜ੍ਹੇ ਸਕੂਟਰਾਂ ਨੂੰ ਵੀ ਟੱਕਰ ਮਾਰੀ। ਆਖ਼ਰਕਾਰ ਦੋਪਹੀਆ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਕਾਰ ਰੁਕ ਗਈ। ਹਾਦਸੇ ਵਿੱਚ ਜਾਨ ਗੁਆਉਣ ਵਾਲੇ ਜਗਤਾਰ ਸਿੰਘ ਉਰਫ਼ ਗੋਸ਼ਾ ਦੀ ਉਮਰ 55 ਸਾਲ ਸੀ ਅਤੇ ਉਹ ਬੂਥਗੜ੍ਹ ਦੇ ਸਸਰਾਲੀ ਕਲੋਨੀ ਦਾ ਰਹਿਣ ਵਾਲਾ ਸੀ। ਇਲਾਕੇ ਦੇ ਲੋਕਾਂ ਮੁਤਾਬਕ ਉਹ ਪਿਛਲੇ ਕਰੀਬ 20 ਸਾਲਾਂ ਤੋਂ ਇਸ ਇਲਾਕੇ ਵਿੱਚ ਸਾਗ ਵੇਚਣ ਦਾ ਕੰਮ ਕਰ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਵੀਰਵਾਰ ਸਵੇਰੇ ਵੀ ਉਹ ਸਾਗ ਵੇਚਣ ਲਈ ਨਿਕਲਿਆ ਸੀ, ਪਰ ਰਸਤੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਜਾਨ ਲੈ ਲਈ।
ਸਮਾਜਿਕ ਕਾਰਕੂਨ ਰਮੇਸ਼ ਬੰਗੜ ਨੇ ਦੱਸਿਆ ਕਿ ਕਾਰ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਸਭ ਤੋਂ ਪਹਿਲਾਂ ਉਸ ਨੇ ਸਬਜ਼ੀ ਵਿਕਰੇਤਾ ਦੇ ਸਕੂਟਰ ਨੂੰ ਟੱਕਰ ਮਾਰੀ ਅਤੇ ਉਸ ਨੂੰ ਸਕੂਟਰ ਸਮੇਤ ਘੜੀਸਦੀ ਹੋਈ ਅੱਗੇ ਲੈ ਗਈ। ਇਸ ਤੋਂ ਬਾਅਦ ਵੀ ਕਾਰ ਚਾਲਕ ਨੇ ਗੱਡੀ ਨਹੀਂ ਰੋਕੀ ਤੇ ਸੜਕ ’ਤੇ ਚੱਲ ਰਹੇ ਹੋਰ ਲੋਕਾਂ ਨੂੰ ਟੱਕਰਾਂ ਮਾਰਦਾ ਰਿਹਾ। ਉਸ ਨੇ ਦੱਸਿਆ ਕਿ ਕਰੀਬ 50 ਮੀਟਰ ਅੱਗੇ ਜਾ ਕੇ ਕਾਰ ਇੱਕ ਸਕੂਟਰ ਨਾਲ ਟਕਰਾਈ, ਜਿਸ ’ਤੇ ਔਰਤ ਅਤੇ ਉਸ ਦੀ ਧੀ ਬੈਠੀਆਂ ਸਨ। ਇਸ ਤੋਂ ਬਾਅਦ ਦੋ ਹੋਰ ਖੜ੍ਹੇ ਸਕੂਟਰਾਂ ਨਾਲ ਟਕਰਾਅ ਕੇ ਕਾਰ ਰੁਕੀ। ਹਾਦਸੇ ਵਿੱਚ ਜ਼ਖ਼ਮੀ ਹੋਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਕਾਰ ਨੇ ਪਹਿਲਾਂ ਸਬਜ਼ੀ ਵਿਕਰੇਤਾ ਨੂੰ ਟੱਕਰ ਮਾਰੀ ਤੇ ਇਸ ਤੋਂ ਬਾਅਦ ਜਦੋਂ ਉਹ ਸੜਕ ’ਤੇ ਪੈਦਲ ਜਾ ਰਿਹਾ ਸੀ ਤਾਂ ਕਾਰ ਨੇ ਉਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਲੱਗਣ ਕਾਰਨ ਉਹ ਬੇਹੋਸ਼ ਹੋ ਗਿਆ। ਬਾਅਦ ਵਿੱਚ ਉਸ ਦੇ ਬੱਚਿਆਂ ਨੇ ਉਸ ਦੀ ਮਦਦ ਕੀਤੀ। ਉਸ ਦੇ ਸਿਰ, ਉਂਗਲ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਹਨ। ਇਸ ਭਿਆਨਕ ਹਾਦਸੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ’ਚ ਤੇਜ਼ ਰਫ਼ਤਾਰ ਕਾਰ ਸੜਕ ’ਤੇ ਜਾਂਦੀ ਦਿਖਾਈ ਦੇ ਰਹੀ ਹੈ। ਫੁਟੇਜ ਵਿੱਚ ਕਾਰ ਸੜਕ ਕਿਨਾਰੇ ਪੈਦਲ ਜਾ ਰਹੇ ਲੋਕਾਂ ਨੂੰ ਟੱਕਰ ਮਾਰਦੀ ਨਜ਼ਰ ਆ ਰਹੀ ਹੈ। ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ ਤੇ ਉਸ ਦੀ ਕੁੱਟਮਾਰ ਕੀਤੀ, ਜਦਕਿ ਕਾਰ ਵਿੱਚ ਸਵਾਰ ਦੂਜਾ ਵਿਅਕਤੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਥਾਣਾ-3 ਦੇ ਐੱਸਐੱਚਓ ਇੰਸਪੈਕਟਰ ਗੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਦੀ ਪਛਾਣ ਤਮਨਜੋਤ ਸਿੰਘ (22) ਵਾਸੀ ਫੀਲਡ ਗੰਜ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸਦੇ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਾਦਸਾ ਕਿਹੜੇ ਹਾਲਾਤ ਵਿੱਚ ਵਾਪਰਿਆ। ਕਾਰ ਵਿੱਚ ਮੌਜੂਦ ਦੂਜੇ ਵਿਅਕਤੀ ਦੀ ਭਾਲ ਵੀ ਕੀਤੀ ਜਾ ਰਹੀ ਹੈ।