- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਹੰਮਦ ਗੁਲਾਬ ਨੇ ਵੱਖ-ਵੱਖ ਸਮੱਸਿਆਵਾਂ ’ਤੇ ਪ੍ਰਸ਼ਾਸਨਿਕ ਪ੍ਰਬੰਧਾਂ ਸਬੰਧੀ ਚੁੱਕੇ ਮੁੱਦੇ

-ਮੁਹੰਮਦ ਗੁਲਾਬ ਨੇ ਸਮੱਸਿਆਵਾਂ ਦੇ ਹੱਲ ਲਈ ਡੀਸੀ ਨੂੰ ਦਿੱਤਾ ਮੰਗ ਪੱਤਰ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਕਾਂਗਰਸ ਦੇ ਸੀਨੀਅਰ ਆਗੂ ਮੁਹੰਮਦ ਗੁਲਾਬ ਨੇ ਵੀਰਵਾਰ ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨਾਲ ਮੁਲਾਕਾਤ ਕਰਕੇ ਸ਼ਹਿਰ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਪ੍ਰਸ਼ਾਸਨਿਕ ਪ੍ਰਬੰਧਾਂ ਸਬੰਧੀ ਮੁੱਦੇ ਉਠਾਏ। ਉਨ੍ਹਾਂ ਯੂਪੀ ਤੇ ਬਿਹਾਰ ਜਾਣ ਵਾਲੀਆਂ ਨਾਜਾਇਜ਼ ਤੌਰ ’ਤੇ ਚਲਾਈਆਂ ਜਾ ਰਹੀਆਂ ਬੱਸਾਂ, ਸਿਵਲ ਹਸਪਤਾਲ ਦੀ ਐੱਮਆਰਆਈ ਮਸ਼ੀਨ ਤੇ ਹੋਰ ਜਨਤਕ ਸਮੱਸਿਆਵਾਂ ਵੱਲ ਡਿਪਟੀ ਕਮਿਸ਼ਨਰ ਦਾ ਧਿਆਨ ਦਿਵਾਇਆ। ਸ਼ਹਿਰ ਵਿੱਚ ਨਿਯਮਾਂ ਦੇ ਉਲਟ ਚੱਲ ਰਹੀਆਂ ਬੱਸਾਂ ਕਾਰਨ ਜਿੱਥੇ ਆਵਾਜਾਈ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ, ਉੱਥੇ ਹੀ ਇਨ੍ਹਾਂ ਬੱਸਾਂ ਰਾਹੀਂ ਕਥਿਤ ਤੌਰ ’ਤੇ ਨਾਜਾਇਜ਼ ਸਾਮਾਨ ਦੀ ਢੋਆ-ਢੁਆਈ ਵੀ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਜਾਣ ਵਾਲੀਆਂ ਬੱਸਾਂ ਦੇ ਨਿਯਮਾਂ ਦੀ ਉਲੰਘਣਾ ਕਰਕੇ ਚੱਲਣ ’ਤੇ ਚਿੰਤਾ ਪ੍ਰਗਟ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਅਜਿਹੀਆਂ ਬੱਸਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਆਵਾਜਾਈ ਪ੍ਰਬੰਧ ਸੁਚਾਰੂ ਬਣੇ ਰਹਿਣ ਅਤੇ ਸਰਕਾਰੀ ਖ਼ਜ਼ਾਨੇ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਨੇ ਸਿਵਲ ਹਸਪਤਾਲ ਦੀਆਂ ਸਿਹਤ ਸੇਵਾਵਾਂ ਤੇ ਉੱਥੇ ਸਥਾਪਤ ਐੱਮਆਰਆਈ ਮਸ਼ੀਨ ਦੀ ਕਾਰਜਪ੍ਰਣਾਲੀ ’ਤੇ ਵੀ ਸਵਾਲ ਉਠਾਏ। ਸਰਕਾਰੀ ਹਸਪਤਾਲ ’ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਪਰ ਪ੍ਰਬੰਧਾਂ ’ਚ ਕਮੀਆਂ ਕਾਰਨ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਹਸਪਤਾਲ ਦੀਆਂ ਮਸ਼ੀਨਾਂ ਤੇ ਹੋਰ ਸਿਹਤ ਸਹੂਲਤਾਂ ਦੀ ਉੱਚਿਤ ਜਾਂਚ ਕਰਵਾਉਣ ਦੀ ਮੰਗ ਕੀਤੀ। ਮੁਹੰਮਦ ਗੁਲਾਬ ਅਨੁਸਾਰ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੌਕੇ ’ਤੇ ਹੀ ਅਜਿਹੀਆਂ ਬੱਸਾਂ ਦੇ ਦਾਖ਼ਲੇ ’ਤੇ ਰੋਕ ਲਾਉਣ ਸਬੰਧੀ ਲੁੜੀਂਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਪ੍ਰਬੰਧ ਸੁਧਾਰਨ ਤੇ ਐੱਮਆਰਆਈ. ਮਸ਼ੀਨ ਦੀ ਜਾਂਚ ਕਰਵਾਉਣ ਲਈ ਵੀ ਕਿਹਾ।