ਕਵੀ ਕੇ.ਸਾਧੂ ਸਿੰਘ ਤੇ ਸੁਰੇਸ਼ ਹੰਸ ਦੀਆਂ ਰਚਨਾਵਾਂ 'ਤੇ ਕੀਤੀ ਚਰਚਾ ਡਾ.ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਸਭਾ ਦੀ ਮੀਟਿੰਗ
Publish Date: Tue, 03 Nov 2026 09:11 PM (IST)
Updated Date: Wed, 04 Nov 2026 04:08 AM (IST)
ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ ਪੰਜਾਬੀ ਲੇਖਕ ਸਭਾ ਦੀ ਵਿਸ਼ੇਸ ਮੀਟਿੰਗ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਜਨਰਲ ਸਕੱਤਰ ਡਾ.ਗੁਰਇਕਬਾਲ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ। ਮੀਟਿੰਗ ਵਿੱਚ ਕਵੀ ਕੇ.ਸਾਧੂ ਸਿੰਘ ਤੇ ਕਹਾਣੀਕਾਰ ਸੁਰੇਸ਼ ਹੰਸ ਦੀਆਂ ਰਚਨਾਵਾਂ ਤੇ ਚਰਚਾ ਹੋਈ। ਇਸ ਮੌਕੇ ਦਰਸ਼ਨ ਸਿੰਘ ਓਬਰਾਏ ਨੇ ਕਿਹਾ ਕਿ ਕੇ. ਸਾਧੂ ਸਿੰਘ ਦੀ ਕਵਿਤਾ ਅਜੋਕੇ ਸਮਾਜ ਦੀਆਂ ਤਲਖ਼ ਹਕੀਕਤਾਂ ਤੇ ਅਜੋਕੀ ਰਾਜਨੀਤੀ ਤੇ ਬਹੁਤ ਹੀ ਗਹਿਰਾ ਵਿਅੰਗ ਕਰਦੀ ਹੈ। ਇਸ ਦੌਰ ਵਿੱਚ ਅਜਿਹੀਆਂ ਲਿਖਤਾਂ ਦੀ ਬਹੁਤ ਹੀ ਵੱਡੀ ਲੋੜ ਹੈ। ਮਨਜਿੰਦਰ ਧਨੋਆ ਨੇ ਆਖਿਆ ਕਿ ਇਹ ਆਪਣੀ ਧਰਤੀ ਤੇ ਆਪਣੀ ਮਿੱਟੀ ਨਾਲ ਗਹਿਰਾ ਜੁੜਿਆ ਕਵੀ ਹੈ। ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਕਵੀ ਨੇ ਆਪਣੀ ਕਵਿਤਾ ਵਿੱਚ ਗੰਧਲੀ ਰਾਜਨੀਤੀ ਤੇ ਅਜੋਕੇ ਟੁੱਟਦੇ ਰਿਸ਼ਤਿਆਂ ਦੇ ਦਰਦ ਨੂੰ ਸੁਚੱਜੇ ਢੰਗ ਨਾਲ ਬਿਆਨ ਕੀਤਾ ਹੈ। ਦੂਜੇ ਦੌਰ ਵਿੱਚ ਸੁਰੇਸ਼ ਹੰਸ ਦੀ ਕਹਾਣੀ ਕਮਾਂਡਰ ਕੀ ਨਾਕ ਤੇ ਗੱਲ ਕਰਦਿਆਂ ਕਹਾਣੀਕਾਰਾ ਇੰਦਰਜੀਤਪਾਲ ਕੌਰ ਭਿੰਡਰ ਨੇ ਆਖਿਆ ਕਿ ਸੁਰੇਸ਼ ਹੰਸ ਦੀ ਕਹਾਣੀ ਦੀ ਸਭ ਤੋੰ ਵੱਡੀ ਖ਼ੂਬਸੂਰਤੀ ਇਹ ਹੈ ਕਿ ਉਸਦੀ ਕਹਾਣੀ ਪਾਠਕ ਨੂੰ ਆਪਣੇ ਨਾਲ ਨਾਲ ਤੋਰਨ ਦੀ ਸਮਰੱਥਾ ਰੱਖਦੀ ਹੈ। ਇਸ ਮੌਕੇ ਹਰਵਿੰਦਰ ਥਰੀਕੇ ਨੇ ਵੀ ਇਸ ਕਹਾਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸੁਰੇਸ਼ ਹੰਸ ਨੇ ਆਪਣੀ ਪੁਸਤਕ ‘ਕਸਤੂਰੀ ਕੁੰਡਲ’ ਡਾ. ਗੁਰਇਕਬਾਲ ਸਿੰਘ ਨੂੰ ਭੇਟ ਕੀਤੀ।