- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦੀ ਲੀਡ-ਗਿੱਲ ਰੋਡ ’ਤੇ ਖ਼ਰਾਬ ਸੜਕ ਨੇ ਨਿਗਲਿਆ ਨੌਜਵਾਨ, ਮੌਕੇ ’ਤੇ ਮੌਤ

ਲੀਡ)
-ਦੋ ਸਾਲ ਤੋਂ ਅਧੂਰੀ ਪਈ ਹੈ 2 ਕਿਲੋਮੀਟਰ ਸੜਰ, ਜਿਮ ਟ੍ਰੇਨਰ ਦੀ ਮੌਤ ਨਾਲ ਪਰਿਵਾਰ ’ਤੇ ਟੁੱਟਿਆ ਦੁੱਖਾਂ ਦਾ ਪਹਾੜ
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ
ਗਿੱਲ ਰੋਡ ’ਤੇ ਲੰਮੇ ਸਮੇਂ ਤੋਂ ਅਧੂਰੇ ਪਏ ਸੜਕ ਨਿਰਮਾਣ ਕਾਰਜ ਅਤੇ ਖ਼ਰਾਬ ਸੜਕ ਕਾਰਨ ਮੰਗਲਵਾਰ ਨੂੰ ਇਕ ਹੋਰ ਦਰਦਨਾਕ ਹਾਦਸਾ ਵਾਪਰ ਗਿਆ। ਰਾਇਲ ਐਨਫੀਲਡ ਬੁਲੇਟ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਹੇ 24 ਸਾਲਾ ਜਿਮ ਟ੍ਰੇਨਰ ਦੀ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੀਆਸਪੁਰਾ ਦੇ ਰਹਿਣ ਵਾਲੇ ਦੀਪਕ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੜਕ ਦੀ ਖ਼ਸਤਾ ਹਾਲਤ ਕਾਰਨ ਉਸ ਦਾ ਮੋਟਰਸਾਈਕਲ ਤਿਲਕ ਗਿਆ ਅਤੇ ਉਹ ਸੜਕ ’ਤੇ ਡਿੱਗ ਪਿਆ। ਇਸੇ ਦੌਰਾਨ ਪਿੱਛੋਂ ਆ ਰਹੀ ਬੱਸ ਦਾ ਚਾਲਕ ਸਮੇਂ ਸਿਰ ਬੱਸ ਨੂੰ ਰੋਕ ਨਹੀਂ ਸਕਿਆ ਅਤੇ ਬੱਸ ਦੀ ਲਪੇਟ ਵਿੱਚ ਆਉਣ ਕਾਰਨ ਦੀਪਕ ਦੀ ਜਾਨ ਚਲੀ ਗਈ।
ਚਸ਼ਮਦੀਦਾਂ ਮੁਤਾਬਕ ਦੀਪਕ ਆਪਣੇ ਬੁਲੇਟ ਮੋਟਰਸਾਈਕਲ ’ਤੇ ਜਾ ਰਿਹਾ ਸੀ। ਗਿੱਲ ਰੋਡ ਦੀ ਟੁੱਟੀ ਹੋਈ ਅਤੇ ਨੁਕਸਾਨੀ ਸੜਕ ’ਤੇ ਅਚਾਨਕ ਉਸ ਦਾ ਸੰਤੁਲਨ ਵਿਗੜ ਗਿਆ ਤੇ ਬਾਈਕ ਤਿਲਕਣ ਕਾਰਨ ਉਹ ਹੇਠਾਂ ਡਿੱਗ ਪਿਆ। ਇਸੇ ਸਮੇਂ ਪਿੱਛੋਂ ਆ ਰਹੀ ਪੀਆਰਟੀਸੀ ਦੀ ਬੱਸ ਉਸ ਉੱਪਰ ਚੜ੍ਹ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੀਪਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਬੱਸ ਦਾ ਚਾਲਕ ਅਤੇ ਕੰਡਕਟਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਬੱਸ ਉੱਥੇ ਹੀ ਛੱਡ ਗਏ।
ਦੀਪਕ ਦੇ ਭਰਾ ਪ੍ਰੇਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦਾ ਭਰਾ ਦੁਪਹਿਰ ਸਮੇਂ ਘਰੋਂ ਇਹ ਕਹਿ ਕੇ ਨਿਕਲਿਆ ਸੀ ਕਿ ਉਹ ਕੁਝ ਮਿੰਟਾਂ ਵਿੱਚ ਵਾਪਸ ਆ ਜਾਵੇਗਾ। ਪਰ ਕੁਝ ਹੀ ਸਮੇਂ ਬਾਅਦ ਪੁਲਿਸ ਦਾ ਫ਼ੋਨ ਆਇਆ ਅਤੇ ਉਨ੍ਹਾਂ ਨੂੰ ਗਿੱਲ ਰੋਡ ’ਤੇ ਪਹੁੰਚਣ ਲਈ ਕਿਹਾ ਗਿਆ। ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਉੱਥੇ ਆਪਣੇ ਭਰਾ ਦੀ ਲਾਸ਼ ਦੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਕੁਝ ਮਿੰਟ ਪਹਿਲਾਂ ਘਰੋਂ ਗਿਆ ਭਰਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਸੀ।
ਇਸ ਦਰਦਨਾਕ ਹਾਦਸੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਜਗਬੀਰ ਸਿੰਘ ਸੋਖੀ ਨੇ ਗਿੱਲ ਰੋਡ ਦੇ ਅਧੂਰੇ ਪਏ ਨਿਰਮਾਣ ਕਾਰਜ ਨੂੰ ਲੈ ਕੇ ਸਰਕਾਰੀ ਪ੍ਰਬੰਧਾਂ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਕਰੀਬ ਦੋ ਕਿਲੋਮੀਟਰ ਲੰਮੀ ਸੜਕ ਦਾ ਨਿਰਮਾਣ ਕਾਰਜ ਲਗਭਗ ਦੋ ਸਾਲਾਂ ਤੋਂ ਚੱਲ ਰਿਹਾ ਹੈ, ਪਰ ਅਜੇ ਤੱਕ ਇਹ ਕੰਮ ਪੂਰਾ ਨਹੀਂ ਹੋ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਸੜਕ ਦੀ ਮਾੜੀ ਹਾਲਤ ਅਤੇ ਨਿਰਮਾਣ ਕਾਰਜ ਵਿੱਚ ਹੋ ਰਹੀ ਬੇਲੋੜੀ ਦੇਰੀ ਕਾਰਨ ਲੋਕਾਂ ਦੀਆਂ ਜਾਨਾਂ ਖ਼ਤਰੇ ਵਿੱਚ ਪਈਆਂ ਹੋਈਆਂ ਹਨ। ਉਨ੍ਹਾਂ ਇਸ ਹਾਦਸੇ ਲਈ ਸਰਕਾਰੀ ਲਾਪਰਵਾਹੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਤੇ ਠੇਕੇਦਾਰ ਵਿਚਕਾਰ ਕਥਿਤ ਮਿਲੀਭੁਗਤ ਨੂੰ ਜ਼ਿੰਮੇਵਾਰ ਠਹਿਰਾਇਆ।
ਉੱਧਰ, ਥਾਣਾ-ਛੇ ਦੇ ਮੁਖੀ ਇੰਸਪੈਕਟਰ ਪ੍ਰਮੋਦ ਰਾਜ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬੱਸ ਚਾਲਕ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਫ਼ਰਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਜਾਰੀ ਹੈ।