- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਸਾਫ਼ ਰੈਲੀ ’ਚ ਭਰਵੀਂ ਸ਼ਮੂਲੀਅਤ ਕਰਨਗੇ ਮਹਾਂਨਗਰ ਦੇ ਕਾਂਗਰਸੀ ਵਰਕਰ-ਮੁਹੰਮਦ ਗੁਲਾਬ

ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ : ਕਾਂਗਰਸ ਦੇ ਸੀਨੀਅਰ ਆਗੂ ਮੁਹੰਮਦ ਗੁਲਾਬ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਨਾਲ ਮੁਲਾਕਾਤ ਕਰਕੇ ਅੱਜ ਸੰਗਰੂਰ ’ਚ ਹੋਣ ਵਾਲੀ ਇਨਸਾਫ਼ ਰੈਲੀ ਸਬੰਧੀ ਵਿਸ਼ੇਸ਼ ਤੌਰ 'ਤੇ ਵਿਚਾਰਾਂ ਕੀਤੀਆਂ, ਜਿਸ ’ਚ ਸੰਸਦ ’ਚ ਵਿਰੋਧੀ ਧਿਰ ਦੇ ਰਾਹੁਲ ਗਾਂਧੀ ਸਮੇਤ ਵੱਡੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਮੁਹੰਮਦ ਗੁਲਾਬ ਨੇ ਭਰੋਸਾ ਦਿਵਾਇਆ ਕਿ ਇਸ ਰੈਲੀ ਵਿੱਚ ਲੁਧਿਆਣਾ ਤੋਂ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਤੇ ਸਮਰਥਕ ਸ਼ਮੂਲੀਅਤ ਕਰਨਗੇ। ਮੁਹੰਮਦ ਗੁਲਾਬ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਰਾਜ ਦੌਰਾਨ ਸੂਬੇ ਦੀ ਹਾਲਤ ਬੇਹੱਦ ਚਿੰਤਾਜਨਕ ਹੈ। ਨਸ਼ਿਆਂ ਦਾ ਵਧਦਾ ਕਾਰੋਬਾਰ, ਅਪਰਾਧਿਕ ਘਟਨਾਵਾਂ ਤੇ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਨੇ ਪੰਜਾਬ ਵਾਸੀਆਂ ਨੂੰ ਨਿਰਾਸ਼ਾ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਧੱਕ ਦਿੱਤਾ ਹੈ। ਸੂਬੇ ਦੇ ਲੋਕਾਂ ਨੇ ਬਦਲਾਅ ਦੀ ਆਸ ਨਾਲ ‘ਆਪ’ ਨੂੰ ਸੱਤਾ ਸੌਂਪੀ ਸੀ ਪਰ ਲੋਕਾਂ ਦੀਆਂ ਆਸਾਂ ਪੂਰੀਆਂ ਨਹੀਂ ਹੋਈਆਂ। ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦਿਆਂ ਪੰਜਾਬ ’ਚ ਸਰਕਾਰ ਬਣਨ 'ਤੇ ਨਸ਼ਿਆਂ ਦਾ ਖਾਤਮਾ ਕਰਨ ਸਬੰਧੀ ਭਾਜਪਾ ਵੱਲੋਂ ਕੀਤੇ ਜਾ ਰਹੇ ਦਾਅਵੇ ਵੀ ਖੋਖਲੇ ਹਨ। ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਭਾਜਪਾ ਨਸ਼ਿਆਂ ਨੂੰ ਖਤਮ ਕਰਨ ਵਿੱਚ ਸਮਰੱਥ ਹੈ ਤਾਂ ਰਾਜਸਥਾਨ, ਹਰਿਆਣਾ ਤੇ ਗੁਜਰਾਤ ਵਰਗੇ ਭਾਜਪਾ ਸ਼ਾਸਿਤ ਸੂਬਿਆਂ ’ਚ ਨਸ਼ਿਆਂ ਦੀ ਸਪਲਾਈ ਤੇ ਤਸਕਰੀ ਦੀਆਂ ਸਮੱਸਿਆਵਾਂ ਕਿਉਂ ਬਰਕਰਾਰ ਹਨ ? ਉਨ੍ਹਾਂ ਕਿਹਾ ਕਿ ਸਰਹੱਦਾਂ ਰਾਹੀਂ ਨਸ਼ਿਆਂ ਦੀ ਆਮਦ ਰੋਕਣਾ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਹੈ। ਇਸ ਮਾਮਲੇ ’ਚ ਨਾਕਾਮੀ ਲਈ ਭਾਜਪਾ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ।