ਪੀਏਯੂ ’ਚ ਪੰਜ ਦਿਨਾ ਸਿਖਲਾਈ ਸਮਾਗਮ ਸਮਾਪਤ ਪੀਏਯੂ ਵਿਖੇ ਪੰਜ ਰੋਜ਼ਾ ਸਿਖਲਾਈ ਪ੍ਰੋਗਰਾਮ ਸਮਾਪਤ
Publish Date: Tue, 03 Nov 2026 07:27 PM (IST)
Updated Date: Wed, 04 Nov 2026 04:05 AM (IST)
ਫੋਟੋ ਨੰਬਰ-4 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ ਦੇ ਹੁਨਰ ਵਿਕਾਸ ਕੇਂਦਰ ਵੱਲੋਂ ਹਰਿਆਣਾ ਦੇ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਨਾਲ ਸਬੰਧਤ ਸੇਵਾ ਨਿਭਾ ਰਹੇ ਅਧਿਕਾਰੀਆਂ ਲਈ ਪੰਜ ਦਿਨਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਸਬੰਧੀ ਹੁਨਰ ਵਿਕਾਸ ਕੇਂਦਰ ਦੀ ਐਸੋਸੀਏਟ ਡਾਇਰੈਕਟਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਿਖਲਾਈ ਦਾ ਮਕਸਦ ਅਧਿਕਾਰੀਆਂ ਨੂੰ ਬਾਗਬਾਨੀ ਫ਼ਸਲਾਂ ਦੀ ਆਧੁਨਿਕ ਕਾਸ਼ਤ, ਫ਼ਸਲਾਂ ਦੀ ਸੁਚੱਜੀ ਸਾਂਭ-ਸੰਭਾਲ ਅਤੇ ਖੇਤੀਬਾੜੀ ਦੀਆਂ ਉੱਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਦੇਣਾ ਸੀ। ਇਸ ਦੌਰਾਨ ਮਾਹਿਰਾਂ ਦੇ ਭਾਸ਼ਣਾਂ, ਵਿਚਾਰ-ਵਟਾਂਦਰੇ ਤੇ ਵਿਹਾਰਕ ਪ੍ਰਦਰਸ਼ਨਾਂ ਰਾਹੀਂ ਵਧੇਰੇ ਸੰਘਣੀ ਬਾਗਬਾਨੀ, ਛਤਰੀ ਪ੍ਰਬੰਧਨ, ਤੁਪਕਾ ਸਿੰਜਾਈ, ਖਾਦਾਂ ਦੀ ਪਾਣੀ ਰਾਹੀਂ ਵਰਤੋਂ, ਸੁਰੱਖਿਅਤ ਖੇਤੀ, ਲੈਂਡਸਕੇਪਿੰਗ ਤੇ ਪੌਦ ਸੁਰੱਖਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਕੁਲਵੀਰ ਕੌਰ, ਸੀਨੀਅਰ ਪਸਾਰ ਮਾਹਿਰ, ਹੁਨਰ ਵਿਕਾਸ ਕੇਂਦਰ ਨੇ ਹਰਿਆਣਾ ਤੋਂ ਆਏ ਅਧਿਕਾਰੀਆਂ ਦਾ ਸਵਾਗਤ ਕੀਤਾ। ਪੀਏਯੂ. ਦੇ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਨੇ ਸਿਖਲਾਈ ਦੌਰਾਨ ਵਿਸ਼ੇਸ਼ ਤਕਨੀਕੀ ਸੈਸ਼ਨ ਲਾਏ। ਸਬਜ਼ੀ ਵਿਗਿਆਨ ਵਿਭਾਗ ਤੋਂ ਡਾ. ਸਲੇਸ਼ ਕੁਮਾਰ ਜਿੰਦਲ, ਡਾ. ਦਿਲਪ੍ਰੀਤ ਤਲਵਾਰ, ਡਾ. ਦੀਪਕ ਅਰੋੜਾ, ਡਾ. ਮਹਿੰਦਰ ਕੌਰ, ਡਾ. ਐੱਸਐੱਸ. ਔਲਖ ਤੇ ਡਾ. ਰੁਪੀਤ ਕੌਰ ਨੇ ਸਬਜ਼ੀਆਂ ਦੀ ਆਧੁਨਿਕ ਕਾਸ਼ਤ, ਫ਼ਸਲੀ ਵਿਭਿੰਨਤਾ ਅਤੇ ਮਿੱਟੀ ਤੇ ਪੌਦਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਣ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਫੁੱਲ ਵਿਗਿਆਨ ਤੇ ਲੈਂਡਸਕੇਪਿੰਗ ਵਿਭਾਗ ਦੇ ਮਾਹਿਰਾਂ ਡਾ. ਪਰਮਿੰਦਰ ਸਿੰਘ, ਡਾ. ਰਣਜੀਤ ਸਿੰਘ, ਡਾ. ਸਿਮਰਤ ਸਿੰਘ, ਡਾ. ਸ਼ਲਾਨੀ ਝਾਂਜੀ ਅਤੇ ਡਾ. ਪਰਮਿੰਦਰ ਸਿੰਘ ਨੇ ਸੰਸਥਾਗਤ ਪੱਧਰ ਤੇ ਲੈਂਡਸਕੇਪ ਡਿਜ਼ਾਈਨਿੰਗ, ਆਧੁਨਿਕ ਨਰਸਰੀ ਤਕਨੀਕਾਂ ਤੇ ਸਜਾਵਟੀ ਪੌਦਿਆਂ ਦੀ ਵਿਗਿਆਨਕ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਫਲ ਵਿਗਿਆਨ ਵਿਭਾਗ ਦੇ ਮਾਹਿਰਾਂ ਡਾ. ਗੁਰਤੇਗ ਸਿੰਘ, ਡਾ. ਨਵਪ੍ਰੀਤ ਸਿੰਘ, ਡਾ. ਜੇ.ਐੱਸ. ਬਰਾੜ, ਡਾ. ਰਾਜਵਿੰਦਰ ਕੌਰ ਸੰਧੂ, ਡਾ. ਕਿਰਨਦੀਪ ਕੌਰ ਕੰਗ ਅਤੇ ਡਾ. ਗਗਨਦੀਪ ਕੌਰ ਨੇ ਫਲਾਂ ਦੀ ਸੰਘਣੀ ਬਿਜਾਈ ਪ੍ਰਣਾਲੀ, ਛਤਰੀ ਪ੍ਰਬੰਧਨ ਅਤੇ ਪ੍ਰਤੀ ਏਕੜ ਫਲ ਉਤਪਾਦਨ ਵਧਾਉਣ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ।ਟਿਕਾਊ ਪੌਦ ਸੁਰੱਖਿਆ ਬਾਰੇ ਜਾਣਕਾਰੀ ਦਿੰਦਿਆਂ ਕੀਟ ਵਿਗਿਆਨ ਵਿਭਾਗ ਦੇ ਡਾ. ਅਮਿਤ ਚੌਧਰੀ ਅਤੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਡਾ. ਊਰਮਿਲਾ ਗੁਪਤਾ ਨੇ ਏਕੀਕ੍ਰਿਤ ਕੀਟ ਪ੍ਰਬੰਧਨ (ਆਈਪੀਐੱਮ.) ਦੀਆਂ ਤਕਨੀਕਾਂ ਬਾਰੇ ਦੱਸਿਆ। ਉਨ੍ਹਾਂ ਨੇ ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਜੀਵ-ਵਿਗਿਆਨਕ ਅਤੇ ਜਲਵਾਯੂ ਅਨੁਕੂਲ ਤਰੀਕੇ ਅਪਣਾਉਣ ਦੀ ਲੋੜ ਤੇ ਜ਼ੋਰ ਦਿੱਤਾ। ਸਿਖਲਾਈ ਦੇ ਵਿਹਾਰਕ ਹਿੱਸੇ ਤਹਿਤ ਹਰਿਆਣਾ ਤੋਂ ਆਏ ਅਧਿਕਾਰੀਆਂ ਨੇ ਯੂਨੀਵਰਸਿਟੀ ਦੇ ਖੋਜ ਪਲਾਟਾਂ, ਉੱਚ ਤਕਨੀਕੀ ਨਰਸਰੀਆਂ ਤੇ ਖੇਤਰੀ ਪ੍ਰਯੋਗਸ਼ਾਲਾਵਾਂ ਦਾ ਦੌਰਾ ਕੀਤਾ। ਅੰਤ ਵਿੱਚ ਡਾ. ਲਵਲੀਸ਼ ਗਰਗ, ਸੀਨੀਅਰ ਪਸਾਰ ਮਾਹਿਰ, ਹੁਨਰ ਵਿਕਾਸ ਕੇਂਦਰ ਨੇ ਅਧਿਕਾਰੀਆਂ ਅਤੇ ਸਿਖਲਾਈ ਵਿੱਚ ਯੋਗਦਾਨ ਪਾਉਣ ਵਾਲੇ ਮਾਹਿਰਾਂ ਦਾ ਧੰਨਵਾਦ ਕੀਤਾ।