- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਤਾ ਦੀ ਇਮਾਨਦਾਰੀ ’ਤੇ ਧੀ ਦੀ ਮਿਹਨਤ ਨੇ ਲਿਖੀ ਸਫ਼ਲਤਾ ਦੀ ਨਵੀਂ ਇਬਾਰਤ

-ਪਿਤਾ ਦੀ ਇਮਾਨਦਾਰੀ ਤੇ ਧੀ ਦੀ ਮਿਹਨਤ ਨੇ ਲਿਖੀ ਸਫ਼ਲਤਾ ਦੀ ਇਬਾਰਤ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਮੰਜ਼ਿਲ ਹਾਸਲ ਕਰਨ ਵਾਲੇ ਵਿਅਕਤੀ ਹਮੇਸ਼ਾ ਦੂਜਿਆਂ ਲਈ ਪ੍ਰੇਰਣਾਸਰੋਤ ਬਣਦੇ ਹਨ। ਇਸੇ ਦੀ ਮਿਸਾਲ ਪੇਸ਼ ਕਰਦਿਆਂ ਲੁਧਿਆਣਾ ਦੇ ਸੇਵਾਮੁਕਤ ਡੀਐੱਸਪੀ ਸਤਪਾਲ ਸਿੰਘ ਦੀ ਧੀ ਰਾਜਵੰਤ ਕੌਰ ਨੇ ਨਿਆਂਇਕ ਖੇਤਰ ’ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਪਠਾਨਕੋਟ ’ਚ ਸੀਜੇਐੱਮ ਵਜੋਂ ਸੇਵਾਵਾਂ ਨਿਭਾਅ ਰਹੇ ਰਾਜਵੰਤ ਕੌਰ ਨੂੰ ਉਨ੍ਹਾਂ ਦੀ ਮਿਹਨਤ, ਲਗਨ ਤੇ ਇਮਾਨਦਾਰੀ ਨੂੰ ਦੇਖਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਵੱਲੋਂ ਤਰੱਕੀ ਦੇ ਕੇ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਨਿਯੁਕਤ ਕੀਤਾ ਹੈ। ਇਸ ਪ੍ਰਾਪਤੀ ਨਾਲ ਜਿੱਥੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ, ਉੱਥੇ ਹੀ ਇਲਾਕਾ ਵਾਸੀਆਂ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਰਾਜਵੰਤ ਕੌਰ ਨੇ ਇਸ ਸਫ਼ਲਤਾ ਦਾ ਸਿਹਰਾ ਆਪਣੇ ਪਿਤਾ ਸਤਪਾਲ ਸਿੰਘ ਵੱਲੋਂ ਦਿੱਤੀਆਂ ਸਿੱਖਿਆਵਾਂ ਤੇ ਸੰਸਕਾਰਾਂ ਨੂੰ ਦਿੰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਆਪਣੇ ਪਿਤਾ ਨੂੰ ਇਮਾਨਦਾਰੀ ਤੇ ਮਿਹਨਤ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਦੇਖਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪਿਤਾ ਵੱਲੋਂ ਦਿਖਾਏ ਮਿਹਨਤ ਤੇ ਇਮਾਨਦਾਰੀ ਦੇ ਰਸਤੇ 'ਤੇ ਚੱਲਦਿਆਂ ਹੀ ਉਨ੍ਹਾਂ ਨੂੰ ਇਹ ਮੁਕਾਮ ਹਾਸਲ ਹੋਇਆ ਹੈ। ਉਹ ਭਵਿੱਖ ’ਚ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ 'ਤੇ ਚੱਲਦਿਆਂ ਪੂਰੀ ਇਮਾਨਦਾਰੀ, ਨਿਰਪੱਖਤਾ ਤੇ ਤਨਦੇਹੀ ਨਾਲ ਜ਼ਿੰਮੇਵਾਰੀਆਂ ਨਿਭਾਉਣਗੇ। ਇਸ ਮੌਕੇ ਸਮੂਹ ਪਰਿਵਾਰ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਦਾ ਧੰਨਵਾਦ ਕੀਤਾ। ਰਾਜਵਿੰਦਰ ਕੌਰ ਦੀ ਇਹ ਪ੍ਰਾਪਤੀ ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਧੀਆਂ ਲਈ ਪ੍ਰੇਰਣਾਸਰੋਤ ਹੈ ਕਿ ਦ੍ਰਿੜ੍ਹ ਇਰਾਦੇ, ਸਖ਼ਤ ਮਿਹਨਤ ਤੇ ਇਮਾਨਦਾਰੀ ਨਾਲ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ।