- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਿਪੀਟ-‘ਬੀਟਲ ਨਸਲ ਦੀਆਂ ਬੱਕਰੀਆਂ ’ਚ ਸੁਧਾਰ ਲਈ ਰੂਪ-ਰੇਖਾ’ ਵਿਸ਼ੇ 'ਤੇ ਹੋਈ ਵਿਚਾਰ-ਗੋਸ਼ਠੀ

ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ’ਵਰਸਿਟੀ, ਲੁਧਿਆਣਾ ਨੇ ਪੰਜਾਬ ਵਿੱਚ ਬੀਟਲ ਨਸਲ ਦੀਆਂ ਬੱਕਰੀਆਂ ਵਿੱਚ ਸੁਧਾਰ ਲਈ ਰੂਪ-ਰੇਖਾ: ਸੰਭਾਲ ਤੋਂ ਵਪਾਰੀਕਰਨ ਤੱਕ ਵਿਸ਼ੇ 'ਤੇ ਵਿਚਾਰ-ਗੋਸ਼ਟੀ ਕਰਵਾਈ। ਇਸ ਸਮਾਗਮ ਵਿੱਚ ਵਿਗਿਆਨੀ, ਨੀਤੀ ਨਿਰਮਾਤਾ, ਉਦਯੋਗਿਕ ਨੁਮਾਇੰਦੇ ਅਤੇ ਅਗਾਂਹਵਧੂ ਬੱਕਰੀ ਪਾਲਕ ਇਕੱਠੇ ਹੋਏ। ਮੁੱਖ ਮਹਿਮਾਨ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਇਸ ਵਿਚਾਰ-ਗੋਸ਼ਟੀ ਨਾਲ ਖੋਜ ਸੰਸਥਾਵਾਂ, ਸਰਕਾਰੀ ਵਿਭਾਗਾਂ, ਕਿਸਾਨਾਂ ਤੇ ਉਦਯੋਗਿਕ ਹਿੱਸੇਦਾਰਾਂ ਵਿਚਕਾਰ ਸਹਿਯੋਗ ਮਜ਼ਬੂਤ ਹੋਵੇਗਾ। ਇਸ ਨਾਲ ਪੰਜਾਬ ਵਿੱਚ ਬੀਟਲ ਨਸਲ ਦੀ ਸੰਭਾਲ, ਅਣੂਵੰਸ਼ਿਕ ਸੁਧਾਰ ਅਤੇ ਵਪਾਰੀਕਰਨ ਲਈ ਇੱਕ ਤਾਲਮੇਲ ਵਾਲੀ ਪਹੁੰਚ ਅਪਣਾਉਣ ਦਾ ਰਾਹ ਪੱਧਰਾ ਹੋਵੇਗਾ। ਮਖਦੂਮ ਸਥਿੱਤ 'ਸੈਂਟਰਲ ਇੰਸਟੀਚਿਊਟ ਫਾਰ ਰਿਸਰਚ ਆਨ ਗੋਟਸ' ਦੇ ਪ੍ਰਮੁੱਖ ਕੋਆਰਡੀਨੇਟਰ ਡਾ. ਐਮਕੇ. ਸਿੰਘ ਨੇ ਨਸਲ ਵਿਕਾਸ ਦੇ ਟੀਚੇ ਵਿੱਚ ਬੱਕਰੀ ਪਾਲਣ ਖੇਤਰ ਦੇ ਯੋਗਦਾਨ ਬਾਰੇ ਚਾਨਣਾ ਪਾਇਆ। ਮਾਹਿਰਾਂ ਨੇ ਬੱਕਰਿਆਂ ਦੇ ਵੀਰਜ ਦੀ ਸੰਭਾਲ, ਬੱਕਰੀ ਪਾਲਣ ਵਿੱਚ ਬਿਮਾਰੀਆਂ ਦੀ ਰੋਕਥਾਮ, ਜੈਵਿਕ ਸੁਰੱਖਿਆ, ਆਰਥਿਕ ਵਿਹਾਰਕਤਾ, ਮੰਡੀਕਰਨ ਰਣਨੀਤੀਆਂ, ਬੱਕਰੀ ਪਾਲਣ ਲਈ ਨੀਤੀਗਤ ਸਹਾਇਤਾ ਤੇ ਬੱਕਰੀ ਪਾਲਕਾਂ ਲਈ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਡਾ. ਗਰੇਵਾਲ ਅਨੁਸਾਰ ਬੀਟਲ ਬੱਕਰੀ ਨਸਲ ਦੀ ਸੰਭਾਲ ਅਤੇ ਅਣੂਵੰਸ਼ਿਕ ਸੁਧਾਰ ਪੰਜਾਬ ਦੇ ਪਸ਼ੂਧਨ ਖੇਤਰ ਨੂੰ ਮਜ਼ਬੂਤ ਕਰਨ ਤੇ ਟਿਕਾਊ ਪੇਂਡੂ ਜੀਵਨ ਨੂੰ ਉਤਸ਼ਾਹਿਤ ਕਰਨ ਲਈ ਜ਼ਰੂਰੀ ਹਨ। ਉਨ੍ਹਾਂ ਕਿਸਾਨ-ਮੁਖੀ ਤਕਨਾਲੋਜੀਆਂ ਨੂੰ ਵਿਕਸਤ ਕਰਨ, ਬਾਜ਼ਾਰ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਵਿਗਿਆਨਕ ਬੱਕਰੀ ਪਾਲਣ ਅਭਿਆਸਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਸਮਾਪਤੀ ਸੈਸ਼ਨ ਪ੍ਰਤੀਭਾਗੀਆਂ ਦੇ ਦ੍ਰਿਸ਼ਟੀਕੋਣ, ਖੁੱਲ੍ਹੇ ਵਿਚਾਰ-ਵਟਾਂਦਰੇ ਅਤੇ ਨੀਤੀਗਤ ਸਿਫ਼ਾਰਸ਼ਾਂ ਤਿਆਰ ਕਰਨ ਨੂੰ ਸਮਰਪਿਤ ਸੀ। ਇਸ ਪਹਿਲਕਦਮੀ ਨੇ ਪੰਜਾਬ ’ਚ ਵਿਗਿਆਨਕ ਬੱਕਰੀ ਪਾਲਣ ਨੂੰ ਅੱਗੇ ਵਧਾਉਣ, ਦੇਸੀ ਜਾਨਵਰਾਂ ਦੇ ਅਣੂਵੰਸ਼ਿਕ ਸਰੋਤਾਂ ਦੀ ਸੰਭਾਲ ਅਤੇ ਟਿਕਾਊ ਪਸ਼ੂ-ਅਧਾਰਤ ਜੀਵਨ ਨੂੰ ਉਤਸ਼ਾਹਿਤ ਕਰਨ ਸੰਬੰਧੀ ਯੂਨੀਵਰਸਿਟੀ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।