- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਦਾ ਬੌਟਮ:ਬਹਾਦੁਰਕੇ ਰੋਡ ਸਬਜ਼ੀ ਮੰਡੀ ਬਣੀ ਨਸ਼ੇੜੀਆਂ, ਜੁਆਰੀਆਂ ਤੇ ਲੁਟੇਰਿਆਂ ਦਾ ਅੱਡਾ

ਬੌਟਮ)
-ਰਾਜਸਥਾਨੀ ਡਰਾਈਵਰ ਨੂੰ ਦਾਤ ਨਾਲ ਕੀਤਾ ਜ਼ਖ਼ਮੀ, ਵਾਰਦਾਤਾਂ ਨੇ ਆੜ੍ਹਤੀਆਂ ਤੇ ਵਪਾਰੀਆਂ ਦੀ ਵਧਾਈ ਚਿੰਤਾ
ਗੌਰਵ ਸਲੂਜਾ, ਪੰਜਾਬੀ ਜਾਗਰਣ, ਲੁਧਿਆਣਾ
ਬਹਾਦਰਕੇ ਰੋਡ ਸਥਿਤ ਸਬਜ਼ੀ ਮੰਡੀ ’ਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਨਜ਼ਰ ਆ ਰਹੀ ਹੈ। ਮੰਡੀ ਵਿੱਚ ਨਸ਼ਾ ਕਰਨ ਵਾਲਿਆਂ, ਨਸ਼ਾ ਵੇਚਣ ਵਾਲਿਆਂ, ਜੁਆਰੀਆਂ ਤੇ ਲੁੱਟ-ਖੋਹ ਕਰਨ ਵਾਲੇ ਅਨਸਰਾਂ ਦੀਆਂ ਸਰਗਰਮੀਆਂ ਨੇ ਆੜ੍ਹਤੀਆਂ, ਵਪਾਰੀਆਂ ਤੇ ਸਵੇਰੇ ਸਬਜ਼ੀ ਤੇ ਫਰੂਟ ਖਰੀਦਣ ਆਉਣ ਵਾਲੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਤ ਇਹ ਹਨ ਕਿ ਸਵੇਰ ਵੇਲੇ ਆਪਣੇ ਕਾਰੋਬਾਰ ਲਈ ਹਜ਼ਾਰਾਂ ਰੁਪਏ ਲੈ ਕੇ ਆਉਣ ਵਾਲੇ ਰੇਹੜੀ-ਫੜ੍ਹੀ ਵਾਲੇ ਅਤੇ ਹੋਰ ਖ਼ਰੀਦਦਾਰ ਵੀ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਮੰਡੀ ’ਚ ਸਾਹਮਣੇ ਆਈ ਤਾਜ਼ਾ ਘਟਨਾ ਨੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਰਾਜਸਥਾਨ ਤੋਂ ਲਕੇਸ਼ ਨਾਮ ਦਾ ਡਰਾਈਵਰ ਪਪੀਤਿਆਂ ਦੀ ਗੱਡੀ ਲੈ ਕੇ ਬਹਾਦਰਕੇ ਰੋਡ ਸਬਜ਼ੀ ਮੰਡੀ ਪਹੁੰਚਿਆ ਸੀ। ਇਸ ਦੌਰਾਨ ਫਰੂਟ ਸ਼ੈੱਡ ਦੇ ਨੇੜੇ ਕੁਝ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਜਦੋਂ ਮੁਲਜ਼ਮਾਂ ਨੂੰ ਉਸ ਕੋਲੋਂ ਨਕਦੀ ਨਹੀਂ ਮਿਲੀ ਤਾਂ ਉਨ੍ਹਾਂ ਨੇ ਉਸ 'ਤੇ ਦਾਤ ਨਾਲ ਬੁਰੀ ਤਰ੍ਹਾਂ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਮੁਲਜ਼ਮ ਉਸਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਅਤੇ ਉਸਦੀ ਗੱਡੀ ਨੂੰ ਲਾਕ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਜਦੋਂ ਡਰਾਈਵਰ ਨੇ ਆਪਣੇ ਸਾਥੀ ਦੇ ਫੋਨ ਰਾਹੀਂ ਮੋਬਾਈਲ ਵਾਪਸ ਲੈਣ ਲਈ ਸੰਪਰਕ ਕੀਤਾ, ਤਾਂ ਕਥਿਤ ਤੌਰ 'ਤੇ ਉਸ ਨੂੰ ਕਿਹਾ ਕਿ ਗੱਡੀ ਦੀ ਚਾਬੀ ਇੱਟ ਹੇਠਾਂ ਰੱਖੀ ਹੋਈ ਹੈ ਤੇ ਮੋਬਾਈਲ ਵਾਪਸ ਲੈਣ ਲਈ 2000 ਰੁਪਏ ਦੇਣੇ ਪੈਣਗੇ। ਘਟਨਾ ਤੋਂ ਬਾਅਦ ਮੰਡੀ ਦੇ ਆੜ੍ਹਤੀਆਂ ਚੁਗੇਸ਼ ਚੋਪੜਾ ਨੇ ਜ਼ਖ਼ਮੀ ਡਰਾਈਵਰ ਨੂੰ ਮੁੱਢਲੀ ਮਦਦ ਦਿਵਾਉਣ ਲਈ ਹਸਪਤਾਲ ਪਹੁੰਚਾਇਆ ਤੇ ਮਾਮਲੇ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ।
-ਦਿਨ ਦਿਹਾੜੇ ਸਾਬਕਾ ਸਕੱਤਰ ਦੀ ਦੁਕਾਨ ਬਾਹਰੋਂ ਬੈਗ ਚੋਰੀ
ਇਸੇ ਤਰ੍ਹਾਂ ਚੋਰਾਂ ਦੇ ਹੌਸਲੇ ਵੀ ਇੰਨੇ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰ ਰਹੇ। ਮੰਡੀ ਵਿੱਚ ਸਾਬਕਾ ਸਕੱਤਰ ਟੇਕ ਬਹਾਦਰ ਸਿੰਘ ਦੀ ਦੁਕਾਨ ਦੇ ਬਾਹਰੋਂ ਇਕ ਬੈਗ ਚੋਰੀ ਕਰ ਲਿਆ ਗਿਆ। ਬੈਗ ਵਿੱਚ ਨਕਦੀ ਤਾਂ ਬਹੁਤ ਘੱਟ ਸੀ ਪਰ ਉਸ ਵਿੱਚ ਆੜ੍ਹਤ ਦੇ ਬੇਹੀ-ਖਾਤੇ ਅਤੇ ਗਾਹਕਾਂ ਦੇ ਹਿਸਾਬ-ਕਿਤਾਬ ਨਾਲ ਸਬੰਧਤ ਅਹਿਮ ਕਾਗਜ਼ਾਤ ਮੌਜੂਦ ਸਨ। ਚੋਰ ਬੈਗ ਨੂੰ ਪੈਸਿਆਂ ਵਾਲਾ ਸਮਝ ਕੇ ਚੁੱਕ ਕੇ ਲੈ ਗਏ, ਪਰ ਇਸ ਨਾਲ ਆੜ੍ਹਤ ਦੇ ਕੰਮਕਾਜ ਨਾਲ ਜੁੜਿਆ ਜ਼ਰੂਰੀ ਰਿਕਾਰਡ ਵੀ ਗਾਇਬ ਹੋ ਗਿਆ।
-ਨਸ਼ਾ, ਜੂਆ ਤੇ ਦੇਹ ਵਪਾਰ ਦੀਆਂ ਸਰਗਰਮੀਆਂ ਦੇ ਦੋਸ਼
ਮੰਡੀ ਦੇ ਆੜ੍ਹਤੀਆਂ ਅਤੇ ਕਾਰੋਬਾਰੀਆਂ ਦਾ ਦੋਸ਼ ਹੈ ਕਿ ਇੱਥੇ ਲੰਬੇ ਸਮੇਂ ਤੋਂ ਨਸ਼ੇ ਦੀ ਵਿਕਰੀ ਅਤੇ ਨਸ਼ਾ ਕਰਨ ਵਾਲੇ ਅਨਸਰਾਂ ਦੀਆਂ ਸਰਗਰਮੀਆਂ ਜਾਰੀ ਹਨ। ਇਸ ਤੋਂ ਇਲਾਵਾ ਸੱਟੇਬਾਜ਼ੀ ਅਤੇ ਜੂਏ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਦੇਹ ਵਪਾਰ ਵਰਗੇ ਗ਼ੈਰ-ਕਾਨੂੰਨੀ ਧੰਦੇ ਚੱਲਣ ਦੇ ਵੀ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਸਵੇਰ ਤੋਂ ਲੈ ਕੇ ਦੇਰ ਤੱਕ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਪਰ ਇਸ ਦੇ ਬਾਵਜੂਦ ਸ਼ਰਾਰਤੀ ਅਨਸਰ ਬੇਖੌਫ਼ ਘੁੰਮਦੇ ਹਨ।
-ਫੋਨ ਨਾ ਚੁੱਕਣ ਕਾਰਨ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਉੱਠੇ ਸਵਾਲ
ਮੰਡੀ ਦੇ ਲੋਕਾਂ ਨੇ ਕਿਹਾ ਕਿ ਜਦੋਂ ਵੀ ਅਜਿਹੀਆਂ ਘਟਨਾਵਾਂ ਸਬੰਧੀ ਥਾਣਾ ਬਸਤੀ ਜੋਧੇਵਾਲ ਦੇ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਕਸਰ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ ਜਾਂਦਾ। ਜਦੋਂ ਇਸ ਮਾਮਲੇ ਸਬੰਧੀ ਪੰਜਾਬੀ ਜਾਗਰਣ ਦੀ ਟੀਮ ਵੱਲੋਂ ਥਾਣਾ ਸਲੇਮ ਟਾਬਰੀ ਦੇ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਫੋਨ ਚੁੱਕਣਾ ਉਚਿਤ ਨਹੀਂ ਸਮਝਿਆ। ਮੰਡੀ ਦੇ ਆੜ੍ਹਤੀਆਂ ਅਤੇ ਕਾਰੋਬਾਰੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਹਾਦਰ ਕੇ ਰੋਡ ਸਬਜ਼ੀ ਮੰਡੀ ’ਚ ਵਿਸ਼ੇਸ਼ ਪੁਲਿਸ ਗਸ਼ਤ ਸ਼ੁਰੂ ਕੀਤੀ ਜਾਵੇ, ਨਸ਼ਾ ਤਸਕਰਾਂ ਅਤੇ ਲੁੱਟ-ਖੋਹ ਕਰਨ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਜਾਵੇ। ਜੇਕਰ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਭਵਿੱਖ ’ਚ ਕੋਈ ਵੱਡੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ।