- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਨੰਬਰ ਲਈ-ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਡੀਸੀ ਨੇ ਪੁਲਿਸ ਤੇ ਚੋਣ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ

-ਵਲਨਰੇਬਿਲਟੀ ਤੇ ਕ੍ਰਿਟੀਕਲ ਪੋਲਿੰਗ ਸਟੇਸ਼ਨਾਂ ਦੀ ਮੈਪਿੰਗ ਅਤੇ ਖਰਚਾ ਸੰਵੇਦਨਸ਼ੀਲ ਹਲਕਿਆਂ ਦੀ ਪਛਾਣ ਕਰਨ ਦੇ ਦਿੱਤੇ ਨਿਰਦੇਸ਼
ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ’ਚ ਭਵਿੱਖ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਡੀਸੀ-ਕਮ-ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਹਿਮਾਂਸੂ ਜੈਨ ਵੱਲੋਂ ਬੱਚਤ ਭਵਨ ਵਿਖੇ ਪੁਲਿਸ ਤੇ ਚੋਣ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ। ਪੁਲਿਸ ਕਮਿਸ਼ਨਰ ਲੁਧਿਆਣਾ, ਐੱਸਐੱਸਪੀ ਲੁਧਿਆਣਾ ਦਿਹਾਤੀ, ਐੱਸਐੱਸਪੀ ਖੰਨਾ, ਜ਼ਿਲ੍ਹੇ ਦੇ 14 ਰਿਟਰਨਿੰਗ ਅਫ਼ਸਰਾਂ, 292 ਸੈਕਟਰ ਅਫ਼ਸਰਾਂ, ਸਮੂਹ ਹਲਕਿਆਂ ਦੇ ਡੀਐੱਸਪੀਜ਼ ਅਤੇ ਪੁਲਿਸ ਦੇ ਕਾਊਂਟਰਪਾਰਟ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਵਲਨਰੇਬਿਲਟੀ ਤੇ ਕ੍ਰਿਟੀਕਲ ਪੋਲਿੰਗ ਸਟੇਸ਼ਨਾਂ ਦੀ ਮੈਪਿੰਗ ਦੇ ਨਾਲ-ਨਾਲ ਖਰਚਾ ਸੰਵੇਦਨਸ਼ੀਲ ਵਿਧਾਨ ਸਭਾ ਹਲਕਿਆਂ (ਈਐੱਸਸੀ) ਅਤੇ ਖਰਚਾ ਸੰਵੇਦਨਸ਼ੀਲ ਖੇਤਰਾਂ (ਈਐੱਸਪੀ) ਦੀ ਪਛਾਣ ਸਬੰਧੀ ਕਾਰਜਾਂ ਦੀ ਸਮੀਖਿਆ ਕੀਤੀ। ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦਿਆਂ ਸਾਰੇ ਕੰਮ ਸਮੇਂ ਸਿਰ ਤੇ ਜ਼ਿੰਮੇਵਾਰੀ ਨਾਲ ਮੁਕੰਮਲ ਕੀਤੇ ਜਾਣ। ਇਸ ਮੌਕੇ ਜ਼ਿਲ੍ਹਾ ਪੱਧਰੀ ਮਾਸਟਰ ਟ੍ਰੇਨਰ (ਡੀਐੱਲਐੱਮਟੀ) ਬ੍ਰਿਜ ਮੋਹਨ ਭਾਰਦਵਾਜ ਵੱਲੋਂ ਵਲਨਰੇਬਿਲਟੀ ਤੇ ਕ੍ਰਿਟੀਕਲ ਪੋਲਿੰਗ ਸਟੇਸ਼ਨਾਂ ਦੀ ਮੈਪਿੰਗ ਸਬੰਧੀ ਅਧਿਕਾਰੀਆਂ ਨੂੰ ਵਿਸਥਾਰਪੂਰਵਕ ਸਿਖਲਾਈ ਦਿੱਤੀ। ਉਨ੍ਹਾਂ ਨੇ ਇਸ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ, ਤਾਂ ਜੋ ਆਗਾਮੀ ਚੋਣਾਂ ਦੌਰਾਨ ਚੋਣ ਪ੍ਰਕਿਰਿਆ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।