- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਸਮਰਪਿਤ ਰਹੀ ਸਾਹਿਤਕ ਮੀਟਿੰਗ

-ਭੁਲਾਇਆ ਨਹੀਂ ਜਾ ਸਕਦਾ ’84 ਦਾ ਦੁਖਾਂਤ : ਪ੍ਰਭ ਕਿਰਨ ਸਿੰਘ
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ
ਨਵੰਬਰ 1984 ਵਿੱਚ ਦੇਸ਼ ਭਰ ਅੰਦਰ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਅਜਿਹਾ ਦੁਖਾਂਤ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਵਿਚਾਰ ਸ੍ਰੋਮਣੀ ਲਿਖਾਰੀ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਸਥਾਨਕ ਗਿੱਲ ਰੋਡ ਸਥਿੱਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਹੋਈ ਬੋਰਡ ਦੀ ਮਹੀਨਾਵਾਰ ਸਾਹਿਤਕ ਮੀਟਿੰਗ ਦੌਰਾਨ ਪ੍ਰਗਟ ਕੀਤੇ। ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਸਮਰਪਿਤ ਇਸ ਸਾਹਿਤਕ ਮੀਟਿੰਗ ਦੌਰਾਨ ਹਾਜ਼ਰ ਸਾਹਿਤਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਕਵੀਆਂ ਨੇ ਸਾਹਿਤਕ ਵਿਚਾਰ-ਚਰਚਾ ਦੇ ਨਾਲ-ਨਾਲ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ ਸਰੋਕਾਰਾਂ ਨੂੰ ਪੇਸ਼ ਕੀਤਾ। ਮੀਟਿੰਗ ਦੀ ਸ਼ੁਰੂਆਤ ਉੱਘੇ ਸ਼ਾਇਰ ਸੁਰਜੀਤ ਸਿੰਘ ਜੀਤ ਦੀ ਧਰਮਪਤਨੀ ਸੁਰਿੰਦਰ ਕੌਰ, ਜਿਨ੍ਹਾਂ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ, ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ। ਇਸ ਉਪਰੰਤ ਬੋਰਡ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਗੀਤਕਾਰ ਪ੍ਰਮਿੰਦਰ ਸਿੰਘ ਅਲਬੇਲਾ ਨੇ ‘ਮਨਾ ਦੱਸ ਤਾਂ ਸਹੀ ਕੀ ਜਗਤ ਵਿਚ ਤੇਰਾ’ ਗੀਤ ਰਾਹੀਂ ਮੰਚ ਸੰਚਾਲਨ ਦੀ ਸ਼ੁਰੂਆਤ ਕੀਤੀ। ਇਸ ਸਾਹਿਤਕ ਮਿਲਣੀ ਦੌਰਾਨ ਗਾਇਕ ਅਤੇ ਗੀਤਕਾਰ ਸੰਧੇ ਸੁਖਬੀਰ ਨੇ ‘ਦੰਗੇ ਨਹੀਂ ਕਤਲੇਆਮ ਸੀ ਉਹ’ ਸਿਰਲੇਖ ਵਾਲਾ ਭਾਵਨਾਤਮਕ ਗੀਤ ਪੇਸ਼ ਕਰਕੇ ਨਵੰਬਰ 1984 ਦੇ ਦਰਦਨਾਕ ਇਤਿਹਾਸ ਨੂੰ ਯਾਦ ਕੀਤਾ। ਗ਼ਜ਼ਲਗੋ ਅਤੇ ਗਾਇਕ ਜੋਰਾਵਰ ਸਿੰਘ ਪੰਛੀ ਨੇ ‘ਬੋਧ ਗਯਾ ਦੇ ਲੋਕਾਂ ਨੂੰ ਗਿਆਨ ਦਿੰਦੇ’ ਗੀਤ ਗਾ ਕੇ ਸਰੋਤਿਆਂ ਦੀ ਵਾਹ-ਵਾਹ ਖੱਟੀ। ਇਸੇ ਦੌਰਾਨ ਪੰਥਕ ਕਵੀ ਭੁਪਿੰਦਰ ਸਿੰਘ ਸੈਣੀ ਨੇ ‘ਪਹਿਲੀ ਕਿਰਨ ਸੀ ਜਦ ਮੇਰੇ ਵਿਹੜੇ ਆਈ’ ਅਤੇ ਬਜ਼ੁਰਗ ਤੇ ਉਸਤਾਦ ਕਵੀ ਹਰਦੇਵ ਸਿੰਘ ਕਲਸੀ ਨੇ ‘ਹਨੇਰੇ ਵਿਚੋਂ ਚਾਨਣਾ ਭਰ ਕੇ ਦਿਖਾਈਏ ਦੋਸਤੋ’ ਕਵਿਤਾਵਾਂ ਪੇਸ਼ ਕਰਕੇ ਸਾਹਿਤਕ ਮਾਹੌਲ ਨੂੰ ਰੰਗਤ ਬਖ਼ਸ਼ੀ। ਸੰਗੀਤਕਾਰ ਮੀਤ ਪਾਣੀਪਤ ਨੇ ਉਰਦੂ ਗ਼ਜ਼ਲ ‘ਹਿਜਰ ਕੇ ਨਸ਼ਤਰ ਸੇ ਰੂਹ ਜ਼ਖ਼ਮੀ ਹੂਈ ਮੇਰੀ ਹੈ’ ਪੇਸ਼ ਕੀਤੀ, ਜਦਕਿ ਬਲਵਿੰਦਰ ਮੋਹੀ ਨੇ ‘ਕਿਤੇ ਰੁਜ਼ਗਾਰ ਮਿਲ ਜਾਂਦਾ ਘਰਾਂ ਤੋਂ ਦੂਰ ਨਾ ਹੁੰਦੇ’ ਰਚਨਾ ਰਾਹੀਂ ਰੁਜ਼ਗਾਰ ਦੀ ਸਮੱਸਿਆ ਅਤੇ ਘਰਾਂ ਤੋਂ ਦੂਰ ਰਹਿਣ ਦੀ ਪੀੜ ਨੂੰ ਬਿਆਨ ਕੀਤਾ। ਇਸ ਤੋਂ ਇਲਾਵਾ ਸੁਰਜੀਤ ਸਿੰਘ ਜੀਤ ਦਾ ਲਿਖਿਆ ਗੀਤ ‘ਬੰਦਿਆ ਨਾ ਕਰ ਮੇਰੀ ਮੇਰੀ’ ਵੀ ਪੇਸ਼ ਕੀਤਾ ਗਿਆ। ਸਾਹਿਤਕ ਮਿਲਣੀ ਦੇ ਅੰਤ ਵਿੱਚ ਪੰਛੀ ਵਾਇਸ ਵੱਲੋਂ ਗਾਇਕ ਕੁਲਵਿੰਦਰ ਕੁੱਲੂ ਦੀ ਉੱਚੀ ਸੁਰ ਵਿੱਚ ਰਿਕਾਰਡ ਕੀਤੀ ਗਈ ਗੀਤਕਾਰੀ ‘ਗੱਭਰੂ ਦੀ ਟੌਹਰ’ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਕੈਰੀਅਰ ਕਾਲਜ ਦੀ ਪ੍ਰਿੰਸੀਪਲ ਅਮਰਪ੍ਰੀਤ ਕੌਰ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਸਾਹਿਤਕਾਰਾਂ, ਕਵੀਆਂ ਅਤੇ ਕਲਾਕਾਰਾਂ ਦਾ ਧੰਨਵਾਦ ਕੀਤਾ।
ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਤੂਫ਼ਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦੇ ਵਿਜੇ ਕਲਿਆਣ ਵੱਲੋਂ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਤਰ੍ਹਾਂ ਇਹ ਸਾਹਿਤਕ ਮਿਲਣੀ ਸਾਹਿਤਕ ਸਰਗਰਮੀਆਂ ਦੇ ਨਾਲ-ਨਾਲ ਨਵੰਬਰ 1984 ਦੇ ਦੁਖਾਂਤ ਨੂੰ ਯਾਦ ਕਰਦਿਆਂ ਮਨੁੱਖਤਾ, ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੰਦੇਸ਼ ਦੇਣ ਵਾਲੀ ਸਾਬਤ ਹੋਈ।