- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
12 ਲੱਖ ਰੁਪਏ ਦੇ ਕਥਿਤ ਫਰਾਡ ਦੇ ਦਬਾਅ ਕਾਰਨ ਫੈਕਟਰੀ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

ਗੌਰਵ ਸਲੂਜਾ ਪੰਜਾਬੀ ਜਾਗਰਣ, ਲੁਧਿਆਣਾ
ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਚੌਕੀ ਐਲਡੀਕੋ ਦੀ ਪੁਲਿਸ ਨੇ ਫੋਕਲ ਪੁਆਇੰਟ ਫੇਜ਼-2 ਸਥਿਤ ਫੈਕਟਰੀ ’ਚ ਕੰਮ ਕਰਨ ਵਾਲੇ 47 ਸਾਲਾ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਜਾਂਚ ਤੋਂ ਬਾਅਦ ਫੈਕਟਰੀ ਮਾਲਕ ਅਤੇ ਉਸ ਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇ ਪਿਤਾ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਫੈਕਟਰੀ ਮਾਲਕ ਤੇ ਉਸ ਦੇ ਪੁੱਤਰ ਵੱਲੋਂ 12 ਲੱਖ ਰੁਪਏ ਦੇ ਕਥਿਤ ਫਰਾਡ ਨੂੰ ਲੈ ਕੇ ਬਣਾਏ ਜਾ ਰਹੇ ਦਬਾਅ ਕਾਰਨ ਉਨ੍ਹਾਂ ਦਾ ਪੁੱਤਰ ਮਾਨਸਿਕ ਤਣਾਅ ਵਿੱਚ ਸੀ, ਜਿਸ ਕਾਰਨ ਉਸਨੇ ਇਹ ਖ਼ੌਫਨਾਕ ਕਦਮ ਚੁੱਕਿਆ। ਇਸ ਸਬੰਧੀ ਚੌਕੀ ਐਲਡੀਕੋ ਦੇ ਇੰਚਾਰਜ ਕਰਨਜੀਤ ਸਿੰਘ ਨੇ ਦੱਸਿਆ ਕਿ ਅਜੀਤ ਕੁਮਾਰ ਭਾਟੀਆ ਪੁੱਤਰ ਸਵਰਗੀ ਕਰਮ ਚੰਦ ਭਾਟੀਆ ਵਾਸੀ ਅਜੀਤ ਨਗਰ, ਪਿੰਡ ਭੱਟੀਆਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਸੁਦੇਸ਼ ਕੁਮਾਰ ਭਾਟੀਆ (47) ਫੋਕਲ ਪੁਆਇੰਟ ਫੇਜ਼-2 ਸਥਿਤ ਇੱਕ ਫੈਕਟਰੀ ਵਿੱਚ ਕਾਊਂਟਰ ਦਾ ਕੰਮ ਕਰਦਾ ਸੀ। ਸ਼ਿਕਾਇਤ ਮੁਤਾਬਕ ਬੀਤੇ ਦਿਨੀਂ ਸੁਦੇਸ਼ ਕੁਮਾਰ ਨੇ ਆਪਣੇ ਕਮਰੇ ਵਿੱਚ ਗਾਰਡਰ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਸੀ। ਪਿਤਾ ਨੇ ਦੋਸ਼ ਲਗਾਇਆ ਕਿ ਫੈਕਟਰੀ ਮਾਲਕ ਅਤੇ ਉਸ ਦੇ ਪੁੱਤਰ ਸੰਜੇ ਗੋਇਲ ਵੱਲੋਂ ਉਸ ਉੱਪਰ 12 ਲੱਖ ਰੁਪਏ ਦੇ ਫਰਾਡ ਦਾ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਉਹ ਕਾਫ਼ੀ ਮਾਨਸਿਕ ਪਰੇਸ਼ਾਨੀ ਤੇ ਤਣਾਅ ’ਚ ਰਹਿ ਰਿਹਾ ਸੀ। ਚੌਕੀ ਇੰਚਾਰਜ ਅਨੁਸਾਰ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ-ਪੜਤਾਲ ਕਰਨ ਅਤੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਫੈਕਟਰੀ ਮਾਲਕ ਸੁਨੀਲਾ ਗੋਇਲ ਅਤੇ ਉਸ ਦੇ ਪੁੱਤਰ ਸੰਜੇ ਗੋਇਲ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।